ਦਿੱਲੀ ਦੇ ਸਿੰਘੂ ਬਾਰਡਰ ’ਤੇ ਡਟੇ ਕਿਸਾਨਾਂ ਲਈ ਮੋਗਾ ਇੰਮੀਗਰੇਸ਼ਨ ਟਰੈਵਲਜ਼ ਐਂਡ ਆਈਲਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਲਗਾਇਆ ਦਵਾਈਆਂ ਦਾ ਲੰਗਰ

ਮੋਗਾ,27 ਦਸੰਬਰ (ਜਸ਼ਨ): ‘ਮਾਨਵਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ ਬਿਨਾ ਮਾਨਵਤਾ ਦੇ ਵਧੀਆ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਇੰਮੀਗਰੇਸ਼ਨ ਟਰੈਵਲਜ਼ ਐਂਡ ਆਈਲਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਡੱਟੇ ਕਿਸਾਨਾਂ ਲਈ ਦਵਾਈਆਂ ਦਾ ਲੰਗਰ ਲਗਾਉਣ ਮੌਕੇ ਕੀਤਾ। ਸਿੰਘੂ ਬਾਰਡਰ ’ਤੇ ਪਹੁੰਚੇ ਦੇਵ ਪਿ੍ਰਆ ਤਿਆਗੀ ਨੇ ਆਖਿਆ ਕਿ ਕੜਾਕੇ ਦੀ ਠੰਡ ਵਿਚ ਕਿਸਾਨਾਂ ਵੱਲੋਂ ਅੰਦੋਲਨ ਜਾਰੀ ਰੱਖਣਾ ਬਹੁਤ ਹਿੰਮਤ ਵਾਲੀ ਗੱਲ ਹੈ । ਉਹਨਾਂ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਹੀ ਸਮੱਸਿਆ ਦਾ ਹੱਲ ਹੈ । ਉਹਨਾਂ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਸਰਕਾਰ ਨੂੰ ਗੱਲਬਾਤ ਕਰਕੇ ਇਸ ਮਸਲੇ ਨੂੰ ਛੇਤੀ ਹੱਲ ਕਰ ਲੈਣਾ ਚਾਹੀਦਾ ਹੈ ਤਾਂ ਕਿ ਕਿਸਾਨ ਚੜ੍ਹਦੀ ਕਲਾ ਵਿਚ ਵਾਪਸ ਆਪਣੇ ਘਰੀਂ ਪਰਤ ਸਕਣ। ਉਹਨਾਂ ਕਿਹਾ ਕਿ ਤਰਕ ਸੰਗਤ ਗੱਲਬਾਤ ਨਾਲ ਮਸਲੇ ਦਾ ਨਿਪਟਾਰਾ ਹੋ ਸਕਦਾ ਹੈ ਅਤੇ ਇਸ ਲਈ ਦੋਹਾਂ ਧਿਰਾਂ ਨੂੰ ਉਸਾਰੂ ਮਾਹੌਲ ਬਣਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ 29 ਦਸੰਬਰ ਨੂੰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਹੋਣ ਵਾਲੀ ਗੱਲਬਾਤ ਦੇ ਸਾਕਾਰਾਤਮਕ ਨਤੀਜੇ ਆਉਣਗੇ। ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੇ ਹਨ ਇਸੇ ਲਈ ਉਹਨਾਂ ਆਪਣੀ ਸੰਸਥਾ ਵੱਲੋਂ ਦਵਾਈਆਂ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਸਿੰਘੂ ਬਾਰਡਰ ’ਤੇ ਡਟੇ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ।


