ਭਾਜਪਾ ਪ੍ਰਧਾਨ ਵਿਨੇ ਸ਼ਰਮਾ ਅਤੇ ਸਾਇਲੋ ਪਲਾਂਟ ਡਗਰੂ ਮੂਹਰੇ ਕਿਸਾਨਾਂ ਦਾ ਧਰਨਾ ਜਾਰੀ


ਮੋਗਾ,27 ਦਸੰਬਰ (ਜਸ਼ਨ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਲਿਆਂਦੇ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਦੀ ਮੁਕੰਮਲ ਤਬਾਹੀ ਹੋਣੀ ਤੈਅ ਹੈ। ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਕਾਰਪੋਰੇਟ ਘਰਾਣਿਆਂ ’ਤੇ ਦਿਓਕੱਦ ਸਾਮਰਾਜੀ ਕੰਪਨੀਆਂ ਨੇ ਹੜੱਪ ਲੈਣੀਆਂ ਨੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਗੇਟ ਮੂਹਰੇ ਲੱਗੇ ਧਰਨੇ ਅਤੇ ਅਡਾਨੀ ਦੇ ਸੈਲੋ ਪਲਾਂਟ ਡਗਰੂ ਮੂਹਰੇ ਲੱਗੇ ਧਰਨੇ ਦੌਰਾਨ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕੀਤਾ। ਜ਼ਿਕਰਯੋਗ ਹੈ ਕਿ ਕਾਲੇ ਕਾਨੂੰਨਾਂ ਨੂੰ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਕਮੇਟੀ ਮੋਗਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਗੇਟ ਮੂਹਰੇ ਲੱਗਾ ਧਰਨਾ ਅੱਜ 63ਵੇਂ ਦਿਨ ਵੀ ਜਾਰੀ ਰਿਹਾ ਜਦਕਿ ਅਡਾਨੀ ਦੇ ਸੈਲੋ ਪਲਾਂਟ ਡਗਰੂ ਮੂਹਰੇ ਲੱਗਾ ਧਰਨਾ ਅੱਜ 88 ਵੇਂ ਦਿਨ ਵੀ ਜਾਰੀ ਸੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤਾ ਇਹ ਹਮਲਾ ਕਾਰਪੋਰੇਟਾਂ ਨੂੰ ਖੇਤੀ ਖੇਤਰ ਵਿਚ ਅੰਨੀ ਲੁੱਟ ਮਚਾਉਣ ਲਈ ਕੀਤਾ ਗਿਆ ਹੈ । ਮੋਦੀ ਸਰਕਾਰ ਦੇਸ਼ ਦੇ ਸਾਰੇ ਮਾਲ ਖਜ਼ਾਨੇ ਸਮੇਤ ਖੇਤੀ ਖੇਤਰ ਦੇ ਬਹੁਕੌਮੀ ਕੰਪਨੀਆਂ ਤੇ ਉਹਨਾਂ ਦੇ ਦੋਸ਼ੀ ਦਲਾਲਾਂ ਅੰਬਾਨੀ ,ਅਡਾਨੀ ਵਰਗੇ ਕਾਰੋਬਾਰੀਆਂ ਨੂੰ ਸੰਭਾਲਣ ’ਤੇ ਤੁਲੀ ਹੋਈ ਹੈ । ਇਹਨਾਂ ਨਵੇਂ ਖੇਤੀ ਕਾਨੂੰਨਾਂ ਰਾਹੀਂ ਮੁਲਕ ਦਾ ਖੇਤੀ ਖੇਤਰ ਪੂਰੀ ਤਰਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹੁਣ ਕਿਸਾਨੀ ਸੰਘਰਸ਼ ਦਾ ਸੇਕ ਜਿੱਥੇ ਭਾਜਪਾ ਨੂੰ ਲੱਗ ਰਿਹਾ ਹੈ ਉਥੇ ਇਹ ਸੇਕ ਕਾਰਪੋਰੇਟ ਘਰਾਣਿਆਂ ਨੂੰ ਵੀ ਪਹੰੁਚਣਾ ਸ਼ੁਰੂ ਹੋ ਗਿਆ ਹੈ । ਲੋਕ ਹੁਣ ਜਿੱਥੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਨੂੰ ਘੇਰ ਰਹੇ ਹਨ ਉੱਥੇ ਭਾਜਪਾ ਆਗੂਆਂ ਨੂੰ ਵੀ ਘੇਰ ਘੇਰ ਕਿ ਇਹਨਾਂ ਕਾਨੂੰਨਾਂ ਦੀ ਅਸਲੀਅਤ ਸਮਝਾ ਰਹੇ ਹਨ ਤਾਂ ਹੀ ਹੁਣ ਕੇਂਦਰ ਸਰਕਾਰ ਗੱਲਬਾਤ ਰਾਹੀਂ ਮਸਲਾ ਨਿਬੇੜਨ ਦੀ ਗੱਲ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿਚ ਜੇਕਰ ਸਰਕਾਰ ਨੇ ਇਹ ਕਾਨੂੰਨ ਨਾ ਰੋਕੇ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ ਅਤੇ ਇਸ ਦੇ ਸੇਕ ਤੋਂ ਭਾਜਪਾ ’ਤੇ ਕਾਰਪੋਰੇਟ ਘਰਾਣੇ ਦੋਵੇਂ ਹੀ ਨਹੀਂ ਬੱਚ ਸਕਣਗੇ। ਅੱਜ ਦੇ ਧਰਨੇ ਨੂੰ ਉਪਰੋਕਤ ਤੋਂ ਇਲਾਵਾ ਲਖਵੀਰ ਸਿੰਘ ਖੋਸਾ,ਹਜ਼ੂਰਾ ਸਿੰਘ ਘੱਲਕਲਾਂ, ਭੁਪਿੰਦਰ ਸਿੰਘ ਤਲਵੰਡੀ ਮੱਲੀਆਂ,ਮਨਜੀਤ ਸਿੰਘ ਘੱਲਕਲਾਂ,ਹਰਬੰਸ ਸਿੰਘ ਕੋਕਰੀ,ਗੁਰਚਰਨ ਸਿੰਘ ਝੰਡੇਆਣਾ ,ਰਾਜਦੀਪ ਕੌਰ ਝੰਡੇਵਾਲਾ,ਚਮਕੌਰ ਸਿੰਘ ਘੱਲਕਲਾਂ,ਹਰਜੀਤ ਸਿੰਘ,ਬਲਤੇਜ ਸਿੰਘ ਬੱਡੂਵਾਲ ਆਦਿ ਨੇ ਵੀ ਸੰਬੋਧਨ ਕੀਤਾ । ਇਹ ਵੀ ਵਰਨਣਯੋਗ ਹੈ ਕਿ ਮੋਗੇ ਜ਼ਿਲ੍ਹੇ ਦੇ 29 ਪਿੰਡਾਂ ਵਿਚ ਮੋਦੀ ਦੀ ਮਨ ਕੀ ਬਾਤ ਪ੍ਰੋਗਰਾਮ ਦਾ ਥਾਲੀਆਂ ਖੜਕਾ ਕੇ ਲੋਕਾਂ ਵੱਲੋਂ ਪਿੰਡਾਂ ਵਿਚ ਮਾਰਚ ਕਰ ਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ।


