ਸਿੱਖ ਇਤਿਹਾਸ ਦਾ ਗੌਰਵਮਈ ਪੰਨ੍ਹਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ

ਮੋਗਾ, 27 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਸਿੱਖ ਇਤਿਹਾਸ ਦੀ ਗੌਰਵਮਈ ਗਾਥਾ ਦਾ ਹਰ ਅੱਖਰ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਹੋਇਆ ਹੈ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਹਿੰਦੂ ਧਰਮ ਦੀ ਰਖਵਾਲੀ ਅਤੇ ਖੇਡਣ ਕੁੱਦਣ ਦੀ ਬਾਲ ਉਮਰੇ ਸਿੱਖੀ ਸਿਦਕ ਨਿਭਾਉਣ ਲਈ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਕੁਰਬਾਨੀ ਦੇ ਬਰਾਬਰ ਦੀ ਉਦਾਹਰਨ ਵਿਸ਼ਵ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ।
ਮਾਤਾ ਗੁਜ਼ਰ ਕੌਰ ਜੀ ਦਾ ਵਿਆਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੋਇਆ ਅਤੇ ਇਹਨਾਂ ਦੀ ਪਵਿੱਤਰ ਕੁੱਖੋਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੀਵਨ ਦਾ ਲੰਬਾ ਸਮਾਂ ਪ੍ਰਮਾਤਮਾ ਦੀ ਭਗਤੀ ਅਤੇ ਸਿੱਖੀ ਦੇ ਪ੍ਰਚਾਰ ਲਈ ਘਰ ਤੋਂ ਬਾਹਰ ਗੁਜ਼ਾਰਿਆ।ਇਸ ਦੌਰਾਨ ਮਾਤਾ ਗੁਜ਼ਰ ਕੌਰ ਜੀ ਵੱਲੋਂ ਹੀ ਘਰ ਦੀਆਂ ਸਾਰੀਆਂ ਗ੍ਰਹਿਸਥੀ ਜਿੰਮੇਵਾਰੀਆਂ ਸੰਭਾਲੀਆਂ ਗਈਆਂ।ਗ੍ਰਹਿਸਥੀ ਜਿੰਮੇਵਾਰੀਆਂ ਸੰਭਾਲਣ ਦੇ ਨਾਲ ਨਾਲ ਮਾਤਾ ਜੀ ਨੇ ਪੁੱਤਰ ਗੋਬਿੰਦ ਰਾਏ ਅਤੇ ਪੋਤਰਿਆਂ ਨੂੰ ਬਚਪਨ ਤੋਂ ਹੀ ਸਿੱਖੀ ਦੀ ਅਮੀਰ ਵਿਰਾਸਤ ਦਾ ਪਾਠ ਪੜ੍ਹਾਇਆ।ਇਹ ਉਹਨਾਂ ਦੀਆਂ ਸਿੱਖਿਆਵਾਂ ਦਾ ਹੀ ਨਤੀਜਾ ਸੀ ਕਿ ਬਾਲ ਗੋਬਿੰਦ ਰਾਏ ਨੇ ਬਾਲ ਉਮਰੇ ਹੀ ਪਿਤਾ ਨੂੰ ਹਿੰਦੂ ਧਰਮ ਦੀ ਰਖਵਾਲੀ ਲਈ ਦਿੱਲੀ ਤੋਰਿਆ ਅਤੇ ਸਾਹਿਬਜ਼ਾਦਿਆਂ ਨੇ ਜ਼ੁਲਮ ਦੇ ਖਿਲਾਫ ਹੱਸ ਕੇ ਸ਼ਹਾਦਤ ਦਿੰਦਿਆਂ ਮਿਸਾਲ ਕਾਇਮ ਕੀਤੀ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਮਾਤਾ ਗੁਜ਼ਰ ਕੌਰ ਨੇ ਬਾਲ ਗੋਬਿੰਦ ਰਾਏ ਨੂੰ ਸਿੱਖ ਪੰਥ ਦੀ ਅਗਵਾਈ ਲਈ ਤਿਆਰ ਕੀਤਾ।
ਮੁਗਲ ਹਾਕਮਾਂ ਅਤੇ ਪਹਾੜੀ ਰਾਜਿਆਂ ਵੱਲੋਂ ਧਰਮ ਦੀਆਂ ਸਹੁੰਆਂ ਖਾ ਕੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾਉਣ ਸਮੇਂ ਮਾਤਾ ਗੁਜ਼ਰੀ ਜੀ ਅਤੇ ਸਾਰਾ ਪਰਿਵਾਰ ਉਹਨਾਂ ਦੇ ਨਾਲ ਹੀ ਸੀ।ਮੁਗਲਾਂ ਅਤੇ ਪਹਾੜੀ ਰਾਜਿਆਂ ਵੱਲੋਂ ਸਹੁੰਆਂ ਤੋੜ ਕੇ ਗੁਰੂ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਸਰਸਾ ਨਦੀ ਦੇ ਕਿਨਾਰੇ ਪਏ ਪਰਿਵਾਰ ਵਿਛੋੜੇ ਦੌਰਾਨ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾਦੀ ਮਾਤਾ ਗੁਜ਼ਰ ਕੌਰ ਨਾਲ ਬਾਕੀ ਪਰਿਵਾਰ ਤੋਂ ਵਿਛੜ ਗਏ।ਪਰਿਵਾਰ ਤੋਂ ਵਿਛੜੇ ਮਾਤਾ ਗੁਜ਼ਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਲੰਬਾ ਸਮਾ ਰਸੋਈਆ ਰਿਹਾ ਗੰਗੂ ਆਪਣੇ ਨਾਲ ਸਹੇੜੀ ਪਿੰਡ ਵਿਚਲੇ ਘਰ ਲੈ ਗਿਆ।ਓਧਰ ਮੁਗਲ ਹਕੂਮਤ ਵੱਲੋਂ ਗੁਰੂ ਸਾਹਿਬ ਸਮੇਤ ਉਹਨਾਂ ਦੇ ਪਰਿਵਾਰ ਦੀ ਤਲਾਸ਼ ਵਿੱਚ ਇਨਾਮਾਂ ਦਾ ਐਲਾਨ ਕੀਤਾ ਗਿਆ ਸੀ।ਮਨ ਵਿੱਚ ਆਏ ਪੈਸੇ ਦੇ ਲਾਲਚ ਨੇ ਗੰਗੂ ਨੂੰ ਇਨਸਾਨੀਅਤ ਦੀਆਂ ਸਾਰੀਆਂ ਕਦਰਾਂ ਕੀਮਤਾਂ ਭੁਲਾ ਦਿੱਤੀਆਂ।ਇਤਿਹਾਸਕਾਰਾਂ ਅਨੁਸਾਰ ਰਾਤ ਸਮੇਂ ਜਦੋਂ ਮਾਤਾ ਗੁਜ਼ਰ ਕੌਰ ਨੇ ਗੰਗੂ ਨੂੰ ਮੋਹਰਾਂ ਚੁਰਾਉਂਦਿਆਂ ਵੇਖਿਆ ਤਾਂ ਮਾਤਾ ਜੀ ਨੇ ਗੰਗੂ ਨੂੰ ਖੂਬ ਝਾੜ ਪਾਈ।ਗੰਗੂ ਨੇ ਆਪਣਾ ਗੁਨਾਹ ਛੁਪਾਉਣ ਅਤੇ ਮੁਗਲ ਹਕੂਮਤ ਤੋਂ ਹੋਰ ਇਨਾਮ ਪ੍ਰਾਪਤ ਕਰਨ ਦੇ ਲਾਲਚ ਹਿੱਤ ਸਥਾਨਕ ਚੌਧਰੀਆਂ ਰਾਹੀਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸੂਚਨਾ ਮੋਰਿੰਡੇ ਦੇ ਕੋਤਵਾਲ ਨੂੰ ਜਾ ਦਿੱਤੀ।
ਮੋਰਿੰਡੇ ਦੇ ਕੋਤਵਾਲ ਵੱਲੋਂ ਮਾਤਾ ਗੁਜ਼ਰੀ ਅਤੇ ਸਾਹਿਬਜ਼ਾਦਿਆਂ ਨੂੰ ਗਿ੍ਰਫਤਾਰ ਕਰਕੇ ਸਰਹਿੰਦ ਲਿਜਾਇਆ ਗਿਆ।ਕੁੱਝ ਇਤਿਹਾਸਕਾਰਾਂ ਵੱਲੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਿ੍ਰਫਤਾਰ ਕਰਕੇ ਲਿਜਾਣ ਦਾ ਤਰੀਕਾ ਵੀ ਗੈਰ ਮਨੁੱਖੀ ਦੱਸਿਆ ਗਿਆ ਹੈ।ਮਾਤਾ ਗੁਜ਼ਰ ਕੌਰ ਅਤੇ ਸਾਹਿਬਜ਼ਾਦਿਆਂ ਨੂੰ ਅਤਿ ਦੀ ਸਰਦੀ ਦੇ ਮਹੀਨੇ ਦੌਰਾਨ ਸਰਹਿੰਦ ਦੇ ਠੰਢੇ ਬੁਰਜ਼ ਵਿੱਚ ਕੈਦ ਕਰਕੇ ਰੱਖਿਆ ਗਿਆ।ਦਾਦੀ ਮਾਤਾ ਨੂੰ ਸੂਬਾ ਸਰਹਿੰਦ ਵੱਲੋਂ ਕੀਤੇ ਜਾਣ ਵਾਲੇ ਅੱਤਿਆਚਾਰਾਂ ਦਾ ਚੰਗੀ ਤਰ੍ਹਾਂ ਇਲਮ ਸੀ।ਦਾਦੀ ਨੇ ਸਾਹਿਬਜ਼ਾਦਿਆਂ ਨੂੰ ਕੁਰਬਾਨੀਆਂ ਵਾਲੇ ਇਤਿਹਾਸ ਦੀ ਸਿੱਖਿਆ ਦਿੱਤੀ।ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕਰਕੇ ਇਸਲਾਮ ਕਬੂਲ ਕਰਨ ਲਈ ਡਰਾਇਆ ਧਮਕਾਇਆ ਗਿਆ।ਸੂਬੇ ਦੀ ਕਚਹਿਰੀ ‘ਚ ਵਜ਼ੀਰਾਂ ਵੱਲੋਂ ਸਾਹਿਬਜ਼ਾਦਿਆਂ ਨੂੰ ਜਿੱਥੇ ਕਈ ਕਿਸਮ ਦੇ ਲਾਲਚ ਦਿੱਤੇ ਗਏ ਉੱਥੇ ਹੀ ਸੂਬੇ ਅੱਗੇ ਸਿਰ ਝੁਕਾ ਕੇ ਮੁਆਫੀ ਮੰਗ ਲੈਣ ਲਈ ਵੀ ਕਿਹਾ ਗਿਆ।ਮੁਗਲਾਂ ਨੂੰ ਉਮੀਦ ਸੀ ਕਿ ਇਹ ਨਿਆਣੇ ਬਾਲ ਜਰੂਰ ਹੀ ਡਰ ਜਾਣਗੇ ਅਤੇ ਜਾਂ ਫਿਰ ਲਾਲਚ ਵਿੱਚ ਆ ਜਾਣਗੇ।ਪਰ ਜਿੰਨ੍ਹਾਂ ਬਾਲਕਾਂ ਦੀਆਂ ਨਸਾਂ ਵਿੱਚ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਦੌੜ ਰਿਹਾ ਸੀ ਡਰ ਜਾਂ ਭੈਅ ਉਹਨਾਂ ਦੇ ਨਜ਼ਦੀਕ ਕਿਵੇਂ ਆ ਸਕਦਾ ਸੀ? ਬਾਲ ਸਾਹਿਬਜ਼ਾਦਿਆਂ ਨੇ ਮੁਗਲ ਹਕੂਮਤ ਦੇ ਡਰਾਵਿਆਂ ਅਤੇ ਲਾਲਚ ਨੂੰ ਜੁੱਤੀ ਦੀ ਨੋਕ ਨਾਲ ਠੁਕਰਾਉਂਦਿਆਂ ਮੁਗਲਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਇਤਿਹਾਸਕਾਰਾਂ ਅਨੁਸਾਰ ਮੁਗਲਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਦਿਆਂ ਖੁਦ ਦੀ ਜਾਨ ਬਚਾਅ ਲੈਣ ਦੀਆਂ ਤਕਰੀਰਾਂ ਵੀ ਦਿੱਤੀਆਂ।ਪਰ ਸਾਹਿਬਜ਼ਾਦਿਆਂ ਨੇ ਆਪਣੇ ਇਰਾਦੇ ਵਿੱਚ ਪਰਿਪੱਕ ਅਤੇ ਅਡੋਲ ਰਹਿੰਦਿਆਂ ਇਸਲਾਮ ਧਾਰਨ ਕਰਨ ਤੋਂ ਸਾਫ ਇਨਕਾਰ ਕਰ ਦਿਤਾ।
ਬੱਚਿਆਂ ਨੂੰ ਵੀ ਇਸਲਾਮ ਧਾਰਨ ਨਾ ਕਰਵਾ ਸਕਣ ‘ਚ ਸੂਬਾ ਸਰਹਿੰਦ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ।ਉਸ ਨੇ ਸਾਹਿਬਜ਼ਾਦਿਆਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਸੁਣਾਇਆਂ ਤਾਂ ਕਚਹਿਰੀ ‘ਚ ਮੌਜ਼ੂਦ ਨਵਾਬ ਮਲੇਰਕੋਟਲਾ ਨੇ ਸੂਬਾ ਸਰਹਿੰਦ ਵੱਲੋਂ ਬੱਚਿਆਂ ‘ਤੇ ਜ਼ੁਲਮ ਕਮਾਉਣ ਦਾ ਵਿਰੋਧ ਕੀਤਾ।ਨਵਾਬ ਮਲੇਰਕੋਟਲਾ ਨੇ ਕਿਹਾ ਕਿ ਵਿਸ਼ਵ ਦਾ ਕੋਈ ਵੀ ਧਰਮ ਬੱਚਿਆਂ ‘ਤੇ ਜ਼ੁਲਮ ਕਮਾਉਣ ਦੀ ਇਜ਼ਾਜਤ ਨਹੀਂ ਦਿੰਦਾ।ਸੂਬਾ ਸਾਹਿਬ ਤੁਹਾਡੀ ਦੁਸ਼ਮਣੀ ਇਹਨਾਂ ਦੇ ਪਿਤਾ ਨਾਲ ਹੈ।ਤੁਸੀਂ ਬਹਾਦਰਾਂ ਵਾਂਗ ਉਸ ਨਾਲ ਯੁੱਧ ਕਰੋ ਚੰਗੇ ਲੱਗੋਗੇ।ਪਰ ਕਾਇਰਾਂ ਵਾਂਗ ਇਹਨਾਂ ਬੱਚਿਆਂ ਨੂੰ ਮੌਤ ਦੀ ਸਜ਼ਾ ਦੇਣਾ ਇਸਲਾਮ ਦੇ ਖਿਲਾਫ ਹੈ।ਇਤਿਹਾਸਕਾਰਾਂ ਅਨੁਸਾਰ ਜਦੋਂ ਸਾਹਿਬਜ਼ਾਦਿਆਂ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਡੀ ਜ਼ਿੰਦਗੀ ਬਖਸ ਦਿੱਤੀ ਜਾਏ ਤਾਂ ਤੁਸੀਂ ਕੀ ਕਰੋਗੇ? ਤਾਂ ਸਾਹਿਜ਼ਾਦਿਆਂ ਨੇ ਬੜੇ ਨਿਡਰਤਾ ਭਰਪੂਰ ਲਹਿਜ਼ੇ ਅਤੇ ਗਰਜ਼ਵੀਂ ਆਵਾਜ਼ ਵਿੱਚ ਕਿਹਾ ਕਿ ਜੇਕਰ ਅਸੀਂ ਜਿੰਦਾ ਰਹਿੰਦੇ ਰਹੇ ਤਾਂ ਅਸੀਂ ਸਾਡੇ ਪਿਤਾ ਜੀ ਵਾਂਗ ਫੌਜਾਂ ਇਕੱਤਰ ਕਰਕੇ ਜ਼ੁਲਮ ਨੂੰ ਮਿਟਾਉਣ ਲਈ ਜ਼ਾਲਮ ਨਾਲ ਟੱਕਰ ਲਵਾਂਗੇ।
ਸਾਹਿਬਜ਼ਾਦਿਆਂ ਦੇ ਇਸ ਜਵਾਬ ਨੇ ਸੂਬਾ ਸਰਹਿੰਦ ਨੂੰ ਧੁਰ ਅੰਦਰੋਂ ਹਿਲਾ ਦਿੱਤਾ ਅਤੇ ਉਸਨੇ ਬਿਨਾਂ ਦੇਰੀ ਦੋਵੇਂ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀਅ ਦੀਵਾਰਾਂ ਵਿੱਚ ਚਿਣ ਕੇ ਮੌਤ ਦੀ ਸਜ਼ਾ ਦੇਣ ਦਾ ਹੁਕਮ ਸੁਣਾ ਦਿੱਤਾ।ਇਤਿਹਾਸਕਾਰਾਂ ਅਨੁਸਾਰ ਸਾਹਿਬਜ਼ਾਦਿਆਂ ਨੇ ਬੇਖੌਫ ਰਹਿੰਦਿਆਂ ਮਿਲੀ ਸਜ਼ਾ ਦੀ ਖਬਰ ਮਾਤਾ ਗੁਜ਼ਰੀ ਨੂੰ ਸੁਣਾਈ।ਮਾਤਾ ਗੁਜ਼ਰੀ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਖੁਦ ਹੱਥੀਂ ਤਿਆਰ ਕਰਕੇ ਸ਼ਹਾਦਤ ਲਈ ਸੂਬੇ ਦੀ ਕਚਹਿਰੀ ਵਿੱਚ ਭੇਜਿਆ।ਜ਼ਾਲਮ ਮੁਗਲਾਂ ਨੇ ਮਾਸੂਮਾਂ ਨੂੰ ਜਿਉਂਦੇ ਜੀਅ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ।ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣਦਿਆਂ ਹੀ ਮਾਤਾ ਗੁਜ਼ਰ ਕੌਰ ਨੇ ਪ੍ਰਾਣ ਤਿਆਗ ਦਿੱਤੇ।ਇਹ ਮਾਤਾ ਗੁਜ਼ਰ ਕੌਰ ਦੀ ਸਿੱਖਿਆ ਹੀ ਸੀ ਜਿਸਨੇ ਸਾਹਿਬਜ਼ਾਦਿਆਂ ਨੂੰ ਮੁਗਲ ਹਕੂਮਤ ਦੇ ਡਰਾਵਿਆਂ ਅਤੇ ਲਾਲਚ ਨੂੰ ਠੋਕਰ ਮਾਰ ਕੇ ਸਿੱਖੀ ਸਿਦਕ ਨਿਭਾਉਣ ਦੇ ਰਸਤੇ ਤੋਰਿਆ।ਮੁਗਲ ਹਕੂਮਤ ਤੋਂ ਸੋਨੇ ਦੀਆਂ ਖੜੀਆਂ ਮੋਹਰਾਂ ਦੇ ਭਾਅ ਜਮੀਨ ਖਰੀਦ ਕੇ ਦੀਵਾਨ ਟੋਡਰ ਮੱਲ ਨੇ ਮਾਤਾ ਗੁਜ਼ਰ ਕੌਰ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ।ਮਾਤਾ ਗੁਜ਼ਰ ਕੌਰ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਵਾਲੀ ਜ਼ਮੀਨ ਅੱਜ ਤੱਕ ਵਿਸ਼ਵ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ।ਸਾਹਿਬਜ਼ਾਦਿਆਂ ਦੇ ਸ਼ਹਾਦਤ ਅਸਥਾਨ ਅਤੇ ਦਾਦੀ ਮਾਤਾ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਅਸਥਾਨ ‘ਤੇ ਪਵਿੱਤਰ ਗੁਰਦੁਆਰਾ ਸਾਹਿਬਾਨ ਸ਼ਸੋਭਿਤ ਹਨ ਜਿੱਥੇ ਹਰ ਵਰੇ੍ਹ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਜੁੜਦੀਆਂ ਹਨ। 
---------------
ਬਿੰਦਰ ਸਿੰਘ ਖੁੱਡੀ ਕਲਾਂ
ਮੋਬ :98786-05965


