ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵੱਖ ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ’ਤੇ ਨਜ਼ਰਸਾਨੀ ਲਈ ਜਾਰੀ ਨੇ ਵਿਸ਼ੇਸ਼ ਮੀਟਿੰਗਾਂ
ਮੋਗਾ, 26 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਅਤੇ ਉਹਨਾਂ ਦੀ ‘ਟੀਮ ਮੋਗਾ ’ ਹਲਕੇ ਦੇ ਵਿਕਾਸ ਲਈ ਹਰ ਸਮੇਂ ਸਰਗਰਮੀ ਨਾਲ ਕੰਮ ਕਰਨ ਲਈ ਅਗਰਸਰ ਰਹਿੰਦੀ ਹੈ । ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ‘ਚ ਮੁਕੰਮਲ ਹੋਏ ਵਿਕਾਸ ਕਾਰਜਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਨਾਲ ਨਾਲ ਵਾਰਡਾਂ ਵਿਚ ਹੋਣ ਵਾਲੇ ਹੋਰ ਕੰਮਾਂ ’ਤੇ ਨਜ਼ਰਸਾਨੀ ਲਈ ਵੱਖ ਵੱਖ ਵਾਰਡਾਂ ਦੇ ਲਗਾਏ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗਾਂ ਜਾਰੀ ਹਨ। ਇਸੇ ਲੜੀ ਤਹਿਤ ਹੋਈ ਮੀਟਿੰਗ ‘ਚ ਡਾ: ਹਰਜੋਤ ਕਮਲ ਨੇ ਆਖਿਆ ਕਿ ਮੋਗਾ ਹਲਕਾ ਮੇਰਾ ਵੱਡਾ ਪਰਿਵਾਰ ਹੈ ਅਤੇ ਇਸ ਪਰਿਵਾਰ ਦੇ ਹਰ ਜੀਅ ਨੇ ਜਿਨਾਂ ਪਿਆਰ ਉਹਨਾਂ ਨੂੰ ਬਖਸ਼ਿਆ ਹੈ ਉਹ ਉਸ ਦਾ ਮੁੱਲ ਤਾਂ ਨਹੀਂ ਮੋੜ ਸਕਦੇ ਪਰ ਆਪਣੇ ਹੀ ਲੋਕਾਂ ਪ੍ਰਤੀ ਬਣਦੇ ਆਪਣੇ ਫਰਜ਼ਾਂ ਦੀ ਪੂਰਤੀ ਕਰਦਿਆਂ ਉਹ ਰਤਾ ਭਰ ਵੀ ਕਮੀ ਨਹੀਂ ਰੱਖਣੀ ਚਾਹੁੰਦੇ। ਉਹਨਾਂ ਆਖਿਆ ਕਿ ਉਹ ਵਿਧਾਇਕ ਨਹੀਂ ਸਗੋਂ ਲੋਕ ਆਗੂ ਅਖਵਾਉਣਾ ਜ਼ਿਆਦਾ ਪਸੰਦ ਕਰਦੇ ਨੇ ਤੇ ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਉਹ ਮੋਗਾ ਹਲਕੇ ਦੇ ਲੋਕਾਂ ਨੂੰ ਉਹ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਵਿਚ ਸਫ਼ਲ ਹੁੰਦੇ ਹਨ ਜਿਹਨਾਂ ਲਈ ਉਹ ਅਕਾਲੀ ਭਾਜਪਾ ਰਾਜ ਵਿਚ ਤਰਸਦੇ ਰਹੇ। ਉਹਨਾਂ ਆਖਿਆ ਕਿ ਉਹਨਾਂ ਮੋਗਾ ਸ਼ਹਿਰ ‘ਚ ਸਾਲਾਂਬੱਧੀ ਲਟਕੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਸ਼ੁਰੂ ਕਰਵਾ ਕੇ ਮੁਕੰਮਲ ਕਰਵਾਇਆ ਹੈ ਅਤੇ ਉਹਨਾਂ ਵੱਲੋਂ ਕਰਵਾਏ ਕੰਮਾਂ ਲਈ ਜਦੋਂ ਸ਼ਹਿਰਵਾਸੀਆਂ ਦੀ ਸਾਕਾਰਤਮਕ ਪ੍ਰਤੀਕਿਰਿਆਂ ਉਹਨਾਂ ਨੂੰ ਮਿਲਦੀ ਹੈ ਤਾਂ ਇਸ ਨਾਲ ਉਹਨਾਂ ‘ਚ ਹੋਰ ਕੰਮ ਕਰਵਾਉਣ ਦਾ ਜਜ਼ਬਾ ਵਧੇਰੇ ਦਿ੍ਰੜ ਹੁੰਦਾ ਹੈ। ਉਹਨਾਂ ਮੀਟਿੰਗ ਦੌਰਾਨ ਭਾਵੁਕ ਹੁੰਦਿਆਂ ਆਖਿਆ ਕਿ ਜਿਸ ਪਿਆਰ ਅਤੇ ਮੋਹ ਨਾਲ ਮੋਗਾ ਵਾਸੀਆਂ ਨੇ ਉਹਨਾਂ ’ਤੇ ਭਰੋਸਾ ਕਰਕੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਉਸ ਲਈ ਉਹ ਦਿਨ ਰਾਤ ਵੀ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਹੱਲ ਕਰ ਸਕਣ ਉਹ ਥੋੜ੍ਹਾ ਹੈ। ਇਸ ਮੌਕੇ ਉਹਨਾਂ ‘ਟੀਮ ਮੋਗਾ’ ਨੂੰ ਵਧਾਈ ਵੀ ਦਿੱਤੀ ਜੋ ਆਪ ਲੋਕਾਂ ਵਿਚ ਜਾ ਕੇ ਉਹਨਾਂ ਦੀ ਮੁਸ਼ਕਿਲਾਂ ਨੂੰ ਉਹਨਾਂ ਦੇ ਧਿਆਨ ਵਿਚ ਲਿਆਉਂਦੇ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਰਣੀਆ, ਜਗਰਾਜ ਸਿੰਘ ਜੱਗਾ ਰੌਲੀ, ਜਸਵਿੰਦਰ ਸਿੰਘ ਕਾਕਾ ਲੰਢੇਕੇ, ਵਿਜੇ ਖੁਰਾਣਾ, ਨਰਿੰਦਰ ਬਾਲੀ, ਗੌਰਵ ਗਰਗ,ਵਿਨੀਤ ਚੋਪੜਾ, ਧੀਰਜ ਸ਼ਰਮਾ ਧੀਰਾ, ਪ੍ਰਵੀਨ ਮੱਕੜ, ਕੁਲਦੀਪ ਸਿੰਘ ਬੱਸੀਆਂ, ਰਾਕੇਸ਼ ਕਿੱਟਾ, ਜਸਪ੍ਰੀਤ ਵਿੱਕੀ ਸਰਪੰਚ, ਤੀਰਥ ਪ੍ਰਧਾਨ, ਗੁਰਸੇਵਕ ਸਮਰਾਟ , ਅਮਰਜੀਤ ਅੰਬੀ, ਵਿਨੋਦ ਛਾਬੜਾ, ਬਿੱਟੂ ਫਿਲਟਰਾਂ ਵਾਲਾ , ਛਿੰਦਾ ਬਰਾੜ, ਕੁਲਵਿੰਦਰ ਚੱਕੀਆਂ, ਬਿੱਟੂ ਦੀਕਸ਼ਤ ਆਦਿ ਹਾਜ਼ਰ ਸਨ।