18 ਹਜ਼ਾਰ ਕਰੋੜ ਰੁਪਏ ਕਿਸਾਨੀ ਜ਼ਮੀਨਾਂ ਦੀ ਸਾਈ ਹੈ,ਕਾਨੂੰਨ ਲਾਗੂ ਹੋਣ ਦੇ ਸਾਲ ਬਾਅਦ ਬਿਆਨਾ ਅਤੇ ਫਿਰ ਹੋਵੇਗੀ ਕੁਰਕੀ :ਸਿਮਰਜੀਤ ਬੈਂਸ,ਕਿਹਾ, 2 ਹਜ਼ਾਰ ਰੁਪਏ ਨਾਲ ਕਿਸਾਨ ਆਪਣੇ ਪਰਿਵਾਰ ਦਾ 4 ਮਹੀਨੇ ਗੁਜ਼ਾਰਾ ਨਹੀਂ ਚਲਾ ਸਕਦਾ

ਲੁਧਿਆਣਾ, 26 ਦਸੰਬਰ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ 9 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ 18 ਹਜ਼ਾਰ ਕਰੋੜ ਰੁਪਏ, ਜੋ ਕਿ ਹਰੇਕ ਕਿਸਾਨ ਪਰਿਵਾਰ ਦੇ ਹਿੱਸੇ ਸਿਰਫ 2 ਹਜ਼ਾਰ ਰੁਪਏ ਆਉਂਦੇ ਹਨ, ਪਾਉਣ ਉਪਰੰਤ ਦਿੱਤੇ ਭਾਸ਼ਨ ਤੇ ਟਿੱਪਣੀ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਮਦਦ ਨਹੀ ਸਗੋਂ ਕਿਸਾਨੀ ਜ਼ਮੀਨਾ ਦੀ ਸਾਈ ਦਿੱਤੀ ਜਾ ਰਹੀ ਹੈ, ਕਾਨੂੰਨ ਲਾਗੂ ਹੋਣ ਤੋਂ ਲਗਭਗ ਇਕ ਸਾਲ ਬਾਦ ਬਿਆਨਾ ਤੇ ਫਿਰ ਵਾਰੀ ਵਾਰੀ ਸਾਰੀਆਂ ਜਮੀਨਾਂ ਦੀ ਕੁਰਕੀ ਕਰਨ ਦੀ ਸਾਜਿਸ਼ ਰਚੀ ਗਈ ਹੈ। ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਨਾ-ਮਾਤਰ ਰਾਸ਼ੀ ਦੇ ਕੇ ਦੇਸ਼ ਦੇ ਅੰਨਦਾਤਾ ਨੂੰ ਭਿਖਾਰੀ ਹੋਣ ਦਾ ਅਹਿਸਾਸ ਕਰਵਾ ਰਹੀ ਹੈ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਵਲੋਂ ਦਿੱਤੀ ਗਈ ਭੀਖ ਨੂੰ ਵਾਪਸ ਕਰਕੇ ਅੰਨਦਾਤਾ ਹੋਣ ਦਾ ਸਬੂਤ ਦੇਣ। ਉਨਾ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਦੇ ਬਿਆਨ ਹੀ ਆਪਸ ਵਿਚ ਨਹੀ ਮਿਲਦੇ, ਪ੍ਰਧਾਨ ਮੰਤਰੀ ਕੁਝ ਕਹਿੰਦੇ ਹਨ, ਕੇਂਦਰੀ ਖੇਤੀ ਬਾੜੀ ਮੰਤਰੀ ਤੋਮਰ ਕੁੱਝ ਹੋਰ ਬਿਆਨ ਕਰਦੇ ਹਨ ਤੇ ਹੁਣ ਦੇਸ਼ ਦੇ ਰੱਕਿਆਂ ਮੰਤਰੀ ਰਾਜਨਾਥ ਸਿੰਘ ਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਇਕ ਦੋ ਸਾਲ ਚੱਲਣ ਦੇਣ ਦਾ ਬਿਆਨ ਦੇ ਕੇ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਬੈਂਸ ਨੇ ਕਿਹਾ ਕਿ ਦੇਸ਼ ਦੇ ਕੁੱਝ ਕੁ ਉਦਯੋਗਿਕ ਘਰਾਣਿਆਂ ਦੇ ਦਬਾਓ ਹੇਠ ਕੇਂਦਰ ਸਰਕਾਰ ਦੇਸ਼ ਦੇ ਅੰਨਦਾਤਾ ਨੂੰ ਆਪਣੀਆਂ ਹੀ ਜਮੀਨਾਂ ਵਿਚ ਬੰਧੂਆ ਮਜਦੂਰ ਬਣਾਉਣ ਦੀਆਂ ਸਾਜਿਸ਼ਾਂ ਰੱਚ ਰਹੀ ਹੈ ਅਤੇ ਨਕਲੀ ਕਿਸਾਨ ਜੱਥੇਬੰਦਆਂ ਬਣਾ ਕੇ ਗੋਦੀ ਮੀਡੀਆ ਰਾਂਹੀ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀ ਹੈ। ਉਨਾ ਕਿਹਾ ਕਿ ਦੇਸ਼ ਦੇ ਕਿਸਾਨਾ ਤੇ ਅੱਤਵਾਦੀ, ਵੱਖਵਾਦੀ, ਮਾਓਵਾਦੀ ਅਤੇ ਵਿਰੋਧੀ ਪਾਰਟੀਆਂ ਦੀ ਸ਼ਹਿ ਹੇਠ ਸੰਘਰਸ਼ ਕਰਨ ਦੇ ਦੋਸ਼ ਲਾਉਣ ਦੀ ਬਜਾਇ ਕਿਸਾਨ ਵਿਰੋਧੀ ਤਿੰਨੇ ਕਾਨੂੰਨ ਰੱਦ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਵੇ ਕੇਂਦਰ ਸਰਕਾਰ। ਉਨਾ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਇਹ ਕਾਨੂੰਨ ਰੱਦ ਕੀਤੇ ਜਾਣ ਕਿਤੇ ਲੇਟ ਲਤੀਫੀ ਕਾਰਨ ਦੇਸ਼ ਦੇ ਹਾਲਾਤ ਨਾ ਵਿਗੜ ਜਾਣ। ਇਸ ਮੋਕੇ ਤੇ ਉਨਾ ਦੇ ਨਾਲ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ, ਜਗਜੀਤ ਸਿੰਘ ਰੁੜਕਾ, ਜੱਸ ਮਾਂਗਟ, ਜਰਨੈਲ ਸਿੰਘ ਡੇਹਲੋਂ, ਕਮਲ ਡੇਹਲੋਂ, ਪਵਿੱਤਰ ਸਿੰਘ, ਸੰਕਰ ਆਦਿ ਹਾਜਰ ਸਨ।    ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ