ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ’ਤੇ ਚਰਚ ‘ਚ ਰਹੀਆਂ ਰੌਣਕਾਂ

ਮੋਗਾ,25 ਦਸੰਬਰ (ਜਸ਼ਨ):   ‘ਪ੍ਰਭੂ ਯਿਸੂ ਮਸੀਹ ਸ਼ਬਦ ਰੂਪ ਸਨ ਜੋ ਮਨੁੱਖਾ ਜਨਮ ਵਿਚ ਆਏ ਅਤੇ ਉਹਨਾਂ ਪੂਰੀ ਮਨੁੱਖਤਾ ਨੂੰ ਸ਼ਾਂਤੀ ,ਪਿਆਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਾਈਡ ਮੈਮੋਰੀਅਲ ਸੀ ਐੱਨ ਆਈ ਚਰਚ ਮੋਗਾ ਦੇ ਪਾਦਰੀ ਰਮੇਸ਼ ਮਸੀਹ ਨੇ ਮੋਗਾ ਚਰਚ ਵਿਚ ਹੋਏ ਸਮਾਗਮਾਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਸਾਬਕਾ ਕੌਂਸਲਰ ਸੁਨੀਲ ਜੋਇਲ ਭੋਲਾ,ਸੰਜੀਵ ਅਟਵਾਲ,ਪ੍ਰਸ਼ਾਤ ਕੁਮਾਰ ,ਅਸ਼ੀਸ਼ ਮੈਸੀ, ਡਾ: ਸਾਹਿਲ ਗੋਇਲ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਪਾਦਰੀ ਰਮੇਸ਼ ਮਸੀਹ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਪ੍ਰਭੂ ਯਿਸੂ ਮਸੀਹ ਵਿਸ਼ਵ ਸ਼ਾਂਤੀ ਦੇ ਪ੍ਰਤੀਕ ਸਨ । ਉਹਨਾਂ ਕਿਹਾ ਕਿ ਉਹ ਸਾਰੀ ਮਨੁੱਖਤਾ ਲਈ ਇਸ ਧਰਤੀ ’ਤੇ ਆਏ । ਉਹਨਾਂ ਆਖਿਆ ਕਿ ਪ੍ਰਭੂ ਯਿਸੂ ਦਾ ਮਕਸਦ ਕਿਸੇ ਕੌਮ ,ਮਜ਼ਹਬ ਜਾਂ ਫਿਰਕੇ ਦਾ ਧਰਮ ਬਦਲਣਾ ਨਹੀਂ ਸੀ ਸਗੋਂ ਮਨੁੱਖੀ ਹਿਰਦਿਆਂ ਵਿਚ ਪਿਆਰ ਅਤੇ ਪਾਕੀਜ਼ਗੀ ਦੀ ਜੋਤ ਜਗਾ ਕੇ ਜ਼ਿੰਦਗੀਆਂ ਬਦਲਣਾ ਸੀ। ਉਹਨਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਊਚ ਨੀਚ ,ਜਾਤ ਪਾਤ,ਰੰਗ ਭੇਦ ਅਤੇ ਹਰ ਤਰਾਂ ਦੇ ਸਮਾਜਿਕ ਵੱਖਰੇਵੇਂ ਨੂੰ ਖਤਮ ਕਰਨ ਲਈ ਮਨੁੱਖੀ ਮਨਾਂ ਵਿਚ ਜਾਗਰੂਕਤਾ ਦੇ ਬੀਜ ਬੀਜੇ। ਉਹਨਾਂ ਕਿਹਾ ਕਿ ਕਿਸੇ ਵੀ ਜਾਤ ਮਜ਼ਹਬ ਅਤੇ ਫਿਰਕੇ ਦਾ ਕੋਈ ਵੀ ਵਿਅਕਤੀ ਜੋ ਪ੍ਰਭੂ ਯਿਸੂ ’ਤੇ ਵਿਸ਼ਵਾਸ਼ ਕਰਦਾ ਹੈ ਉਹ ਸਵਰਗ ਦਾ ਅਧਿਕਾਰੀ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਕਿ੍ਰਸਮਸ ਆਈ ਸਮਾਗਮ ਦੌਰਾਨ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਭੂ ਯਿਸੂ ਦੀ ਆਮਦ ’ਤੇ ਕੇਕ ਕੱਟਿਆ ਗਿਆ ਅਤੇ ਸਮਾਗਮ ਵਿਚ ਸ਼ਾਮਲ ਸ਼ਖਸੀਅਤਾਂ ਨੇ ਵੱਡੇ ਦਿਨ ਦੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ । ਪ੍ਰਭੂ ਦੀ ਆਮਦ ’ਤੇ ਚਰਚ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਸੀ ਅਤੇ ਇਸ ਮੌਕੇ ਲਗਾਈਆਂ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਰਹੀਆਂ।  (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ  ਕਰੋ ਜੀ)****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ