‘ਪੰਜਾਬ ਸਰਕਾਰ ਦੀ ‘ਸਰਬੱਤ ਸਿਹਤ ਬੀਮਾ ਯੋਜਨਾ’ ਕਿਸਾਨਾਂ ਦੀ ਡਾਵਾਂਡੋਲ ਆਰਥਿਕਤਾ ਲਈ ਵਰਦਾਨ ਸਿੱਧ ਹੋਵੇਗੀ: ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ

ਮੋਗਾ,24 ਦਸੰਬਰ (ਜਸ਼ਨ):  ‘ਪੰਜਾਬ ਸਰਕਾਰ ਵੱਲੋਂ ਕਿਸਾਨ ਅਤੇ ਉਹਨਾਂ ਦੇ ਪਰਿਵਾਰਾਂ ਦੇ ਪੰਜ ਲੱਖ ਰੁਪਏ ਤੱਕ ਦੇ ਇਲਾਜ ਲਈ ਆਰੰਭ ਕੀਤੀ ‘ਸਰਬੱਤ ਸਿਹਤ ਬੀਮਾ ਯੋਜਨਾ’ ਕਿਸਾਨਾਂ ਦੀ ਡਾਵਾਂਡੋਲ ਆਰਥਿਕਤਾ ਲਈ ਵਰਦਾਨ ਸਿੱਧ ਹੋਵੇਗੀ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਨੇ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਕਿਸਾਨਾਂ ਨੂੰ ਬੀਮਾ ਕਾਰਡ ਤਕਸੀਮ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਅਤੇ ਮਾਰਕੀਟ ਕਮੇਟੀ ਦੇ ਸੈਕਟਰੀ ਵਜੀਰ ਸਿੰਘ ਵੀ ਹਾਜ਼ਰ ਸਨ। ਚੇਅਰਮੈਨ ਰਜਿੰਦਰਪਾਲ ਗਿੱਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਲ ਵਿਚ ਕਿਸਾਨਾਂ ਲਈ ਬੇਤਹਾਸ਼ਾ ਮੁਹੱਬਤ ਹੈ ਅਤੇ ਉਹ ਕਿਸਾਨਾਂ ਦੇ ਹਰ ਦੁੱਖ ਦਰਦ ਨੂੰ ਭਲੀ ਭਾਂਤ ਸਮਝਦੇ ਹਨ ,ਇਸੇ ਕਰਕੇ ਉਹਨਾਂ ਨਾ ਸਿਰਫ਼ ਪਾਣੀਆਂ ਦੇ ਮਸਲੇ ’ਤੇ ਸਗੋਂ ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਸਭਾ ਵਿਚ ਮਤੇ ਪਾਸ ਕਰਕੇ ਭਵਿੱਖ ਦੀਆਂ ਨਸਲਾਂ ਨੂੰ ਸਦਾ ਲਈ ਸੁਰੱਖਿਅਤ ਕਰ ਦਿੱਤਾ। ਉਹਨਾਂ ਆਖਿਆ ਕਿ ਕੈਪਟਨ ਸਾਬ੍ਹ ਵੱਲੋਂ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਪੈਨਲ ’ਤੇ ਲਏ ਹਸਪਤਾਲਾਂ ਵਿਚ ਮੁੱਫਤ ਇਲਾਜ ਕਰਵਾਉਣ ਲਈ ਬਣਾਏ ਇਹ ਕਾਰਡ ਕਿਸਾਨਾਂ ’ਤੇ ਪੈਂਦੇ ਆਰਥਿਕ ਬੋਝ ਨੂੰ ਘਟਾਉਣਗੇ। ਉਹਨਾਂ ਆਖਿਆ ਕਿ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਦੇ ਕਾਰਡ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਹੀ ਬਣਾਏ ਜਾ ਰਹੇ ਹਨ ਅਤੇ ਜਿਹਨਾਂ ਕਿਸਾਨਾਂ ਨੇ ਆਪਣੇ ਫਾਰਮ ਭਰੇ ਸਨ, ਉਹਨਾਂ ਨੂੰ ਘਰੋ ਘਰੀਂ ਇਹ ਕਾਰਡ ਪਹੁੰਚਾ ਦਿੱਤੇ ਜਾਣਗੇ ਤਾਂ ਕਿ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਉਹਨਾਂ ਕਿਸਾਨਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।  ਇਸ ਮੌਕੇ ਮਾਰਕੀਟ ਕਮੇਟੀ ਮੈਂਬਰ ਮਨਜਿੰਦਰ ਕੌਰ ਸਰਪੰਚ ਸਲ੍ਹੀਣਾ,ਗੁਰਸਰੂਪ ਸਿੰਘ ਸਲ੍ਹੀਣਾ,ਸ਼੍ਰੀਮਤੀ ਸੰਦੀਪ ਕੌਰ ,ਸ਼੍ਰੀ ਰਜਿੰਦਰ ਸਿੰਘ ਲੇਖਾਕਾਰ,ਪਰਮਿੰਦਰ ਸਿੰਘ ,ਅਮਿ੍ਰਤ ਸਿੰਘ ,ਬਲਵੰਤ ਸਿੰਘ,ਹਰਵਿੰਦਰ ਸਿੰਘ,ਹਰੀ ਸਿੰਘ,ਨਿਰਮਲ ਸਿੰਘ,ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ