ਨਾਈਟ ਸ਼ੈਲਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਸੌਂਪੀਆਂ ਡਿਊਟੀਆਂ-ਕਮਿਸ਼ਨਰ ਨਗਰ ਨਿਗਮ,ਕਿਹਾ! ਇਨ੍ਹਾਂ ਡਿਊਟੀਆਂ ਨਾਲ ਲੋੜਵੰਦਾਂ ਨੂੰ ਨਾਈਟ ਸ਼ੈਲਟਰਾਂ ਦਾ ਮਿਲੇਗਾ ਪੂਰਨ ਲਾਭ

ਮੋਗਾ, 22 ਦਸੰਬਰ:(ਜਸ਼ਨ):  ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਸੰਯੁਕਤ ਪੰਜਾਬ ਸਟੇਟ ਲਾਈਵਲੀਹੁੱਡਜ਼ ਮਿਸ਼ਨ ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਸ਼ਹਿਰੀ ਬੇ ਘਰਾਂ ਲਈ ਨਾਈਟ ਸ਼ੈਲਟਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਸ਼ਹਿਰੀ ਬੇ ਘਰਾਂ ਨੂੰ ਨਾਈਟ ਸ਼ੈਲਟਰ ਦੀ ਸੁਵਿਧਾ ਸੁਚੱਜੇ ਢੰਗ ਨਾਲ ਪ੍ਰ਼ਦਾਨ ਕਰਨ ਦੇ ਮਨੋਰਥ ਨਾਲ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਅਤੇ ਕਰਚਮਾਰੀਆਂ ਨੂੰ ਵੱਖ ਵੱਖ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ ਨਾਲ ਲੋੜਵੰਦਾਂ ਨੂੰ ਇਨ੍ਹਾਂ ਸ਼ੈਲਟਰਾਂ ਦੀ ਵਧੀਆ ਸਹੂਲਤ ਮੁਹੱਈਆ ਹੋ ਸਕੇਗੀ। ਸ੍ਰੀਮਤੀ ਦਰਸ਼ੀ ਨੇ ਲਗਾਈਆਂ ਡਿਊਟੀਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨੀਅਰ ਇੰਜੀਅਨਰ ਸ਼ਰਮਾ  ਸਿੰਘ ਮੋਬਾਇਲ ਨੰਬਰ 94784-21057 ਨੂੰ ਨਾਈਟ ਸ਼ੈਲਟਰ ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ। ਲਲਿਤ ਕੁਮਾਰ ਪਰਚੇਂਜ ਕਲਰਕ ਮੋਬਾਇਲ ਨੰਬਰ 97801-62200 ਨਾਈਟ ਸ਼ੈਲਟਰਾਂ ਵਿੱਚ ਬਿਸਤਰੇ ਆਦਿ ਦਾ ਪ੍ਰਬੰਧ ਕਰ ਹਿੱਤ ਡਿਊਟੀ ਸੰਭਾਲਣਗੇ। ਨਵਨੀਤ ਕੁਮਾਰ ਫਾਇਰਮੈਨ ਮੋਬਾਇਲ ਨੰਬਰ 97800-08210 ਅਤੇ ਸਾਜਨ ਕੁਮਾਰ ਡਾਟਾ ਐਂਟਰੀ ਆਪ੍ਰੇਟਰ ਮੋਬਾਇਲ ਨੰਬਰ 83600-31219 ਰੋਜ਼ਾਨਾ ਰਾਤ ਨੂੰ ਸ਼ਹਿਰ ਦੇ ਮੁੱਖ ਪਬਲਿਕ ਥਾਵਾਂ ਤੇ ਗਸ਼ਤ ਕਰਨਗੇ ਅਤੇ ਸੜਕ ਤੇ ਪਏ ਬੇਸਹਾਰਾ ਵਿਅਕਤੀਆਂ ਨੂੰ ਨਾਈਟ ਸ਼ੈਲਟਰ ਵਿੱਚ ਲਿਆਉਣ ਦਾ ਪ੍ਰਬੰਧ ਕਰਨਗੇ।ਸਾਜਨ ਕੁਮਾਰ ਸੀਵਰਮੈਨ ਮੋਬਾਇਲ ਨੰਬਰ 89605-31219 ਨਾਈਟ ਸ਼ੈਲਟਰ, ਨੇੜੇ ਸ਼ਹੀਦੀ ਪਾਰਕ ਤੇ ਹਾਜ਼ਰ ਰਹਿਣਗੇ ਅਤੇ ਕਿਸੇ ਵੀ ਕਿਸਮ ਦੀ ਸਮੱਸਿਆ ਸਬੰਧੀ ਜਿਵੇਂ ਕਿ ਬਿਜਲੀ, ਪਾਣੀ, ਜਾਂ ਹੋਰ ਸਮੱਸਿਆ ਸਬੰਧੀ ਸਬੰਧਤ ਸ਼ਾਖਾ ਮੁੱਖੀ ਨੂੰ ਸੂਚਿਤ ਕਰਨਗੇ ਅਤੇ ਰਿਕਾਰਡ ਮੈਨਟੇਨ ਕਰਨਗੇ। ਕਮਿਸ਼ਨਰ ਨੇ ਦੱਸਿਆ ਕਿ ਉਕਤ ਅਧਿਕਾਰੀਆਂ/ਕਰਮਚਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਮੋਬਾਇਲ ਨੰਬਰ ਹਰ ਸਮੇਂ ਚਾਲੂ ਰੱਖਣਾ ਯਕੀਨੀ ਬਣਾਉਣਗੇ ਅਤੇ ਰਾਤ ਵੇਲੇ ਵੱਖ-ਵੱਖ ਏਰੀਏ ਵਿੱਚ ਗਸ਼ਤ ਕਰਕੇ ਖੁੱਲ੍ਹੇ ਵਿੱਚ ਸੌਂ ਰਹੇ ਸ਼ਹਿਰੀ ਗਰੀਬਾਂ ਨੂੰ ਨਾਈਟ ਸ਼ੈਲਟਰ ਵਿੱਚ ਟਰਾਂਸਫਰ ਕਰਨਾ ਯਕੀਨੀ ਬਣਾਉਣਗੇ।ਉਨ੍ਹਾਂ ਅਖੀਰ ਵਿੱਚ ਦੱਸਿਆ ਕਿ ਇਨ੍ਹਾਂ ਡਿਊਟੀਆਂ ਨਾਲ ਲੋੜਵੰਦਾਂ ਨੂੰ ਨਾਈਟ ਸ਼ੈਲਟਰਾਂ ਦਾ ਪੂਰਨ ਲਾਭ ਮਿਲੇਗਾ।
 I/121523/2020