ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਬਣਾਉਣ ਲਈ ਨੌਜਵਾਨ ਕਿਸਾਨ ਸੁਖਜਿੰਦਰ ਮਹੇਸ਼ਰੀ ਨੇ ਮੋਗਾ ਦੇ ਐਂਟਰੀ ਪੁਆਇੰਟਾਂ ’ਤੇ ਲਗਾਏ ਜਾਗਰੂਕਤਾ ਬੈਨਰ

ਮੋਗਾ, 22 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਕੇਂਦਰ ਸਰਕਾਰ ਦੇ ਖੇਤੀ ਮਾਰੂ ਕਾਨੂੰਨਾਂ ਖ਼ਿਲਾਫ਼ ਦਿੱਲੀ ਮੋਰਚੇ ਲਾ ਕੇ ਬੈਠੇ ਅੰਦੋਲਨਕਾਰੀਆਂ ਦੇ ਨਾਲ ਨਾਲ ਇੱਥੇ ਮੋਗਾ ਵਿਖੇ ਵੀ ਆਪੋ ਆਪਣੇ ਢੰਗ ਨਾਲ ਰੋਸ ਪ੍ਰਦਰਸ਼ਨ ਜਾਰੀ ਹੈ। ਦਿੱਲੀ ਸਿੰਘੁ ਬਾਡਰ ਤੋਂ ਕੁਝ ਦਿਨਾਂ ਲਈ ਮੋਗਾ ਪਰਤੇ ਨੌਜਵਾਨ ਸੁਖਜਿੰਦਰ ਮਹੇਸਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੱਡੇ ਪੁਲਾਂ ਅਤੇ ਹੋਰ ਥਾਵਾਂ ਉੱਤੇ ਅੰਦੋਲਨ ਨਾਲ ਸਬੰਧਤ ਮੰਗਾਂ ਦੇ ਬੈਨਰ ਲਗਾਏ ਹਨ। ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਭਾਜਪਾ ਅਤੇ ਕਾਰਪੋਰੇਟ ਘਰਾਣੇ ਖੇਤੀ ਮਾਰੂ ਕਾਨੂੰਨਾਂ ਨੂੰ ਲਾਗੂ ਕਰਨ ਲਈ ਅੜੀ ਕਰ ਰਹੇ ਹਨ, ਜਦਕਿ ਇਹ ਸਪੱਸ਼ਟ ਹੈ ਕਿ ਇਹ ਕਾਨੂੰਨ ਕਿਸਾਨਾਂ, ਮਜਦੂਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰ ਦੇਣਗੇ। ਇਸ ਲਈ ਇਹਨਾਂ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਵਿੱਚ ਸਭ ਨੂੰ ਹਿੱਸਾ ਲੈਣਾ ਚਾਹੀਦਾ ਹੈ। ਅਸੀਂ ਲੋਕਾਂ ਨੂੰ ਅੰਦੋਲਨ ਦੀਆਂ ਮੰਗਾਂ ਤੋਂ ਜਾਣੂੰ ਕਰਵਾਉਣ ਲਈ ਇਹ ਬੈਨਰ ਲਗਾਏ ਹਨ। ਅਸੀਂ ਇਹ ਸਭ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪੋ ਆਪਣੇ ਮੁਹੱਲੇ - ਪਿੰਡ ਵਿੱਚ ਅਜਿਹੇ ਬੈਨਰ ਫਲੈਕਸ ਲਗਾਉਣ ਤਾਂ ਕਿ ਸਾਰੇ ਲੋਕ ਅੰਦੋਲਨ ਦੇ ਮਕਸਦ ਤੋਂ ਜਾਣੂੰ ਹੁੰਦੇ ਰਹਿਣ। ਸ਼ਹਿਰ ਵਿੱਚ ਲਗਾਏ ਗਏ ਬੈਨਰਾਂ ਉੱਪਰ ਲਿਖਿਆ ਹੋਇਆ ਹੈ ਕਿ; "ਪੂਰੇ ਦੇਸ਼ ਵਿੱਚ ਸਭ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ MSP ਉੱਤੇ ਖਰੀਦ ਦੀ ਗਰੰਟੀ ਕੀਤੀ ਜਾਵੇ।", "ਸਾਡੀ ਧਰਤੀ ਸਭ ਲਈ ਅੰਨ ਉਗਾਉਣ ਵਾਸਤੇ ਹੈ, ਅੰਬਾਨੀਆਂ - ਅਦਾਨੀਆਂ ਦੇ ਮੁਨਾਫ਼ਿਆਂ ਵਾਸਤੇ ਨਹੀਂ।", "ਕਾਲੇ ਕਾਨੂੰਨ ਰੱਦ ਕਰੋ।", "ਐਗਰੀਕਲਚਰ ਇਜ਼ ਅਵਰ ਕਲਚਰ" ਆਦਿ। ਇਸ ਮੌਕੇ ਉਹਨਾਂ ਨਾਲ ਰਮਨ ਗਿੱਲ, ਗੁਰਤੇਜ਼ ਚੜਿੱਕ, ਸੁੱਖਾ ਪੇਂਟਰ, ਕਰਮਵੀਰ ਕੌਰ ਬੱਧਨੀ, ਹਰਪ੍ਰੀਤ ਬਾਵਾ ਆਦਿ ਹਾਜਰ ਸਨ।


