ਸ਼੍ਰੋਮਣੀ ਅਕਾਲੀ ਦਲ ਮਿਉਂਸਪਲ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੇਗਾ: ਸੁਖਬੀਰ ਸਿੰਘ ਬਾਦਲ,ਕਿਹਾ ਪਾਰਟੀ ਦੇ ਉਮੀਦਵਾਰ 5 ਜਨਵਰੀ ਤੱਕ ਹੋ ਜਾਣਗੇ ਤੈਅ

ਚੰਡੀਗੜ੍ਹ, 22 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਵੱਲੋਂ ਆਉਂਦੀਆਂ ਮਿਉਂਸਪਲ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੀਆਂ ਜਾਣਗੀਆਂ ਅਤੇ ਉਹਨਾਂ ਨੇ ਪਾਰਟੀ ਆਬਜ਼ਰਵਰਾਂ ਨੂੰ ਆਖਿਆ ਕਿ ਪਾਰਟੀ ਦੇ ਉਮੀਦਵਾਰ 5 ਜਨਵਰੀ ਤੱਕ ਤੈਅ ਕਰ ਦਿੱਤੇ ਜਾਣਗੇ।ਮੁਹਾਲੀ ਤੋਂ ਪਾਰਟੀ ਦੇ ਕੌਂਸਲਰਾਂ, ਸਾਬਕਾ ਕੌਂਸਲਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਸੰਭਾਵੀ ਉਮੀਦਵਾਰਾਂ ਨੂੰ ਆਖਿਆ ਕਿ ਉਹ ਆਪੋ ਆਪਣੀਆਂ ਅਰਜ਼ੀਆਂ 31 ਦਸੰਬਰ ਤੱਕ ਜਮ੍ਹਾਂ ਕਰਵਾ ਦੇਣ। ਉਹਨਾਂ ਕਿਹਾ ਕਿ ਇਸ ਉਪਰੰਤ ਪੰਜ ਮੈਂਬਰੀ ਕਮੇਟੀ ਜਿਸ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐਨ ਕੇ ਸ਼ਰਮਾ, ਕੁਲਵੰਤ ਸਿੰਘ, ਚਰਨਜੀਤ ਸਿੰਘ ਬਰਾੜ ਤੇ ਕੰਵਲਜੀਤ ਸਿੰਘ ਰੂਬੀ ਸ਼ਾਮਲ, 1 ਜਨਵਰੀ ਨੂੰ ਮੀਟਿੰਗ ਕਰ ਕੇ ਉੁਮੀਦਵਾਰਾਂ ਦੀ ਸਕਰੀਨਿੰਗ ਕਰਨਗੇ। ਪਾਰਟੀ ਦੇ ਸਾਰੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੀਟਿੰਗ ਵਿਚ ਹਾਜ਼ਰ ਸਨ। ਸ. ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਵਿਚ ਮੌਜੂਦਾ ਮੇਅਰ ਕੁਲਵੰਤ ਸਿੰਘ ਤੇ ਪਾਰਟੀ ਕੌਂਸਲਰਾਂ ਦੀ ਟੀਮ ਵੱਲੋਂ ਕੀਤੇ ਲਾਮਿਸਾਲ ਕੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹਨਾਂ ਦੀ ਅਗਵਾਈ ਹੇਠ ਰਿਕਾਰਡ ਵਿਕਾਸ ਕਾਰਜ ਮੁਕੰਮਲ ਕੀਤੇ ਗਏ ਹਨ। ਉਹਨਾਂ ਜ਼ੋਰ ਦਿੱਤਾ ਕਿ ਕਾਂਗਰਸ ਪਾਰਟੀ ਅਤੇ ਮੁਹਾਲੀ ਦੇ ਵਿਧਾਇਕ ਤੇ ਮੰਤਰੀ ਬਲਬੀਰ ਸਿੰਘ ਸਿੱਧੂ ਨੁੰ ਕਰਾਰਾ ਸਬਕ ਸਿਖਾਇਆ ਜਾਵੇ ਜਿਹਨਾਂ ਨੇ ਸ਼ਹਿਰ ਵਿਚ ਵਿਕਾਸ ਕਾਰਜ ਰੁਕਵਾਉਣ ਵਾਸਤੇ ਅੜਿਕੇ ਲਾਏ।