ਕਰੋਨਾ ਦਾ ਨਵਾਂ ਰੂਪ ਆਇਆ ਸਾਹਮਣੇ, ਹੋ ਸਕਦੈ ਵਧੇਰੇ ਘਾਤਕ, ਕਈ ਦੇਸ਼ਾਂ ਨੇ ਇੰਗਲੈਂਡ ਨਾਲੋਂ ਹਵਾਈ ਸੰਪਰਕ ਤੋੜਿਆ,ਲੰਦਨ ਤੋਂ ਅੰਮਿ੍ਤਸਰ ਆਉਣ ਵਾਲੀ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼

Tags: 

ਮੋਗਾ,21 ਦਸੰਬਰ (ਜਸ਼ਨ): ਕਿਸੇ ਵੀ ਵਾਇਰਸ ਦੇ ਸੁਭਾਅ ਵਿਚ ਤਬਦੀਲੀ ਉਸ ਅੰਦਰ ਆਏ ਪਰਿਵਰਤਨ ’ਤੇ ਨਿਰਭਰ ਕਰਦੀ ਹੈ। ਕਰੀਬ 17 ਲੱਖ ਵਿਅਕਤੀਆਂ ਦੀ ਬਲੀ ਲੈਣ ਵਾਲੇ ਅਜੋਕੇ ਕੋਵਿਡ ਵਾਇਰਸ ਨੂੰ ਵਿਗਿਆਨੀਆਂ ਨੇ ਸਾਰਸ ਕੋਵਿਡ 2 ਦਾ ਨਾਮ ਦਿੱਤਾ ਸੀ ਪਰ ਹੁਣ ਇੰਗਲੈਂਡ ਵਿਚ ਪਾਏ ਗਏ ਕੋਵਿਡ ਦੇ ਇਕ ਨਵੇਂ ਰੂਪ VUI-202012/01 ਵਿਚ ਬਹੁਤ ਸਾਰੀਆਂ ਜੈਨੇਟਿਕ ਤਬਦੀਲੀਆਂ ਦੇਖੀਆਂ ਗਈਆਂ ਨੇ ਖਾਸਕਰ ਪ੍ਰੋਟੀਨ ਵਾਧੇ ਦੇ ਰੂਪ ਵਿਚ ।  ਪ੍ਰੋਟੀਨ ਵਾਲੀ ਇਹ ਤਬਦੀਲੀ ਮਨੁੱਖੀ ਸੈੱਲਾਂ ਲਈ ਘਾਤਕ ਸਿੱਧ ਹੋਣ ਦੀ ਆਸ਼ੰਕਾ ਹੈ। ਇਹ ਕੁਦਰਤੀ ਵਰਤਾਰਾ ਹੈ ਕਿ ਤਕਰੀਬਨ ਸਾਰੇ ਵਿਸ਼ਾਣੂਆਂ ਦੇ ਰੈਪਲੀਕੇਟ ਹੋਣ ਮੌਕੇ ਮਿਊਟੇਸ਼ਨਜ਼ ਹੰੁਦੀਆਂ ਨੇ ਤੇ ਕੋਵਿਡ ਵਿਚ ਆਈ ਇਸ ਤਬਦੀਲੀ ਜਾਂ ਇੰਜ ਕਹਿ ਲਈਏ ਕਿ ਨਵੇਂ ਰੂਪ ਨੇ ਇੰਗਲੈਂਡ ਵਿਚ ਬਹੁਤ ਛੇਤੀ ਪੈਰ ਪਸਾਰੇ ਨੇ,ਹੋਰ ਤਾਂ ਹੋਰ ਇਸ ਨਵੇਂ ਕੋਵਿਡ ਨੇ ਅਜਿਹੇ ਖੇਤਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਜੋ ਕੋਵਿਡ ਦੇ ਪਹਿਲੇ ਰੂਪ ਤੋਂ ਅਛੂਤੇ ਰਹੇ ਸਨ। ਇੰਜ ਵਿਗਿਆਨੀ ਇਸ ਚਿੰਤਾ ‘ਚ ਡੁੱਬੇ ਨੇ ਕਿ ਕੋਵਿਡ ਦਾ ਇਹ ਨਵਾਂ ਰੂਪ ਵਧੇਰੇ ਸ਼ਕਤੀ ਨਾਲ ਸੰਕਰਮਣ ਕਰੇਗਾ ।  ਕੋਵਿਡ ਖਿਲਾਫ਼ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੇ ਵੀ ਭਾਅ ਦੀ ਬਣੀ ਹੋਈ ਹੈ ਕਿਉਂਕਿ ਵਿਗਿਆਨੀ ਇਸ ਚਿੰਤਾ ‘ਚ ਵੀ ਡੁੱਬੇ ਹੋਏ ਨੇ ਕਿ ਕੋਵਿਡ 19 ਖਿਲਾਫ਼ ਬੜੀ ਮੁਸ਼ਕਿਲ ਨਾਲ ਉਹਨਾਂ ਵੈਕਸੀਨ ਤਿਆਰ ਕੀਤੀ ਸੀ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਇਹੀ ਵੈਕਸੀਨ ਕੋਵਿਡ ਦੇ ਨਵੇਂ ਰੂਪ ਤੋਂ ਸੁਰੱਖਿਆ ਦੇ ਪਾਵੇਗੀ ਜਾਂ ਨਹੀਂ। ਉਹ ਇਹ ਵੀ ਦੇਖ ਰਹੇ ਹਨ ਕਿ ਕੋਵਿਡ ਦਾ ਨਵਾਂ ਰੂਪ ਵੈਕਸੀਨ ਦੇ ਅਸਰ ਨੂੰ ਕਿਸ ਹੱਦ ਤੱਕ ਘੱਟ ਕਰੇਗਾ। ਕੁਝ ਵੀ ਹੋਵੇ ਕੋਵਿਡ ਦਾ ਇਹ ਨਵਾਂ ਰੂਪ ਘਾਤਕ ਹੋਵੇ ਜਾਂ ਨਾ ਪਰ ਇਹ ਤੈਅ ਹੈ ਕਿ ਇਹ ਕੋਵਿਡ ਦੇ ਪਹਿਲੇ ਰੂਪ ਨਾਲੋਂ ਜ਼ਿਆਦਾ ਆਸਾਨੀ ਨਾਲ ਫੈਲੇਗਾ ਅਤੇ ਕਰੋਨਾ ਮਹਾਂਮਾਰੀ ਦੇ ਦੌਰਾਨ ਵਿਗਿਆਨੀਆਂ ਵੱਲੋਂ ਕੀਤੀ ਇਹ ਭਵਿੱਖਬਾਣੀ ਸੱਚੀ ਸਾਬਤ ਹੁੰਦੀ ਜਾਪ ਰਹੀ ਹੈ ਕਿ ਸ਼ਾਇਦ ਕੋਵਿਡ ਕਦੇ ਵੀ ਇਸ ਧਰਤੀ ਤੋਂ ਖਤਮ ਨਾ ਹੋਵੇ ਅਤੇ ਮਨੁੱਖਤਾ ਨੂੰ ਕੋਵਿਡ ਖਿਲਾਫ਼ ਜੰਗ ਲੜਦਿਆਂ ਹੀ ਆਪਣਾ ਜੀਵਨ ਸੰਭਵ ਬਣਾਉਣਾ ਪਵੇ। ਇਹ ਵੀ ਵਰਨਣਯੋਗ ਹੈ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਗਣਤੰਤਰ ਦਿਵਸ ਸਮਾਗਮ ‘ਚ ਸ਼ਮੂਲੀਅਤ ਲਈ ਦਿੱਲੀ ਆ ਰਹੇ ਨੇ ਪਰ ਅਜਿਹੇ ਹਾਲਾਤਾਂ ਵਿਚ ਦੋਹਾਂ ਦੇਸ਼ਾਂ ਵਿਚ ਉੱਚ ਪੱਧਰ ਵਿਚਾਰਾਂ ਜਾਰੀ ਨੇ। ਓਧਰ ਲੰਦਨ ਤੋਂ ਅੰਮਿ੍ਤਸਰ ਆਉਣ ਵਾਲੀ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼ ਦਿਤੇ ਗਏ ਹਨ  ਕਿਉਂਕਿ ਬਰਤਾਨੀਆ ਵਿੱਚ ਨਵਾਂ  ਕੋਰੋਨਾ ਆਉਣ ਦੇ ਸੰਕੇਤ ਮਿਲੇ ਹਨ ਅਤੇ ਮਰੀਜ਼ਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ । ਬਰਤਾਨੀਆਂ ਤੋਂ ਆਉਣ ਵਾਲੀ  ਉਡਾਨ ਦੇ ਯਾਤਰੀਆਂ ਨੂੰ  ਟੈਸਟ ਦੀ ਰਿਪੋਰਟ ਜੋ ਕਿ 7-8 ਘੰਟੇ ਦਾ ਸਮਾਂ ਲੈ ਸਕਦੀ ਹੈ, ਦੇ ਆਉਣ ਤੱਕ ਇੰਤਜ਼ਾਰ ਕਰਨਾ ਪਏਗਾ ।