ਸਿਮਰਜੀਤ ਕੌਰ ਨੇ ਜਰਮਨੀ ਵਿਚ ਹੋ ਰਹੇ ਬਾਕਸਿੰਗ ਵਰਡ ਕੱਪ ਵਿਚ ਜਿੱਤਿਆ ਸੋਨ ਤਗਮਾ,ਮੋਗਾ ਲਾਗਲੇ ਪਿੰਡ ਚਕਰ ਦੀ ਵਸਨੀਕ ਪੰਜਾਬ ਦੀ ਧੀ ਨੇ ਸਿਰਜਿਆ ਨਵਾਂ ਇਤਿਹਾਸ

Tags: 

ਮੋਗਾ,20 ਦਸੰਬਰ (ਤੇਜਿੰਦਰ ਸਿੰਘ ਜਸ਼ਨ ): ਪੰਜਾਬ ਦੀ ਧੀ ਸਿਮਰਜੀਤ ਕੌਰ ਨੇ ਜਰਮਨੀ ਵਿਚ ਹੋ ਰਹੇ ਬਾਕਸਿੰਗ ਵਰਡ ਕੱਪ ਵਿਚ ਅੱਜ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਵੱਲੋਂ ਟਵੀਟ ਕਰਕੇ ਦਿੱਤੀਆਂ ਵਧਾਈਆਂ ਅਤੇ ਫੇਰ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਰੀਟਵੀਟ ਕਰਕੇ ਸਿਮਰਜੀਤ ਕੌਰ ਨੂੰ ਓਲੰਪਿਕ ਫਤਿਹ ਕਰਨ ਲਈ ਦਿੱਤੀਆਂ ਸ਼ੁੱਭ ਇੱਛਾਵਾਂ ਨਾਲ ਸਮੁੱਚੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਮੋਗਾ ਜ਼ਿਲ੍ਹੇ ‘ਚ ਵਿਸ਼ੇਸ਼ ਖੁਸ਼ੀ ਦਾ ਮਾਹੌਲ ਦੇਖਿਆ ਗਿਆ,ਕਿਉਂਕਿ ਸਿਮਰਜੀਤ ਕੌਰ ਪਿੰਡ ਚਕਰ ਦੀ ਵਸਨੀਕ ਹੈ ਜੋ ਮੋਗਾ ਤੋਂ ਮਹਿਜ਼ 33 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਮੋਗਾ ਦੀ ਸਰਹੱਦ ਨਾਲ ਲੱਗਦੇ ਪਿੰਡ ਚਕਰ ਦੇ ਸਾਬਕਾ ਸਰਪੰਚ ਮੇਜਰ ਸਿੰਘ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਸਿਮਰਜੀਤ ਦੀ ਜਿੱਤ ’ਤੇ ਪਿੰਡ ਵਾਸੀ ਬਾਗੋ ਬਾਗ ਹਨ। ਸਿਮਰਜੀਤ ਕੌਰ ਦੇ ਭਰਾ ਅਰਸ਼ਦੀਪ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਰਾਜਪਾਲ ਕੌਰ ਦੇ ਸੁਪਨਿਆਂ ਦੀ ਪੂਰਤੀ ਹੋਣੀ ਸ਼ੁਰੂ ਹੋ ਗਈ ਹੈ। ਸਿਮਰਜੀਤ ਕੌਰ ਦੀ ਮਾਤਾ ਦੇ ਚਿਹਰੇ ਦੇ ਹਾਵ ਭਾਵ ਸਾਫ਼ ਬਿਆਨ ਕਰ ਰਹੇ ਸਨ ਕਿ ਜਿਨਾਂ ਤਲਖ਼ ਹਾਲਾਤਾਂ ‘ਚ ਉਸ ਨੇ ਆਪਣੀਆਂ ਧੀਆਂ ਨੂੰ ਪਾਲ ਕੇ ਵੱਡਾ ਕੀਤਾ ਅੱਜ ਉਹੀ ਧੀਆਂ ਉਸ ਲਈ ਖੁਸ਼ੀ ਦਾ ਸਬੱਬ ਬਣ ਰਹੀਆਂ ਨੇ, ਤੇ ਸ਼ਾਇਦ ਆਪਣੀ ਧੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ‘ਚ ਖੀਵੀ ਹੋਈ ਮਾਂ, ਬੀਤੇ ਸਮੇਂ ਵਿਚ ਝੱਲੇ ਸਾਰੇ ਦੁੱਖ ਭੁੱਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਿਮਰਜੀਤ ਦੀ ਵੱਡੀ ਭੈਣ ਵੀ ਬਾਕਸਰ ਹੈ ਅਤੇ ਉਹ ਅੱਜ ਕੱਲ ਸੁਰੱਖਿਆ ਸੈਨਾਵਾਂ ਵਿਚ ਸੇਵਾਵਾਂ ਨਿਭਾਅ ਰਹੀ ਹੈ।  
ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਕਮਾਲਪੁਰਾ ਦੇ ਪ੍ਰਿੰਸੀਪਲ  ਸ. ਬਲਵੰਤ ਸਿੰਘ ਜਿਹਨਾਂ ਸਿਮਰਜੀਤ ਕੌਰ ਵਰਗੇ ਕੀਮਤੀ ਹੀਰੇ ਨੂੰ ਤਰਾਸ਼ਣ ਵਿਚ ਅਹਿਮ ਭੂਮਿਕਾ ਨਿਭਾਈ, ਦੱਸਦੇ ਨੇ ਕਿ ਉਹਨਾਂ 2005 ਵਿਚ ਪਿੰਡ ਵਿਚ ਹੀ ਬਾਕਸਿੰਗ ਅਕੈਡਮੀ ਖੋਲ੍ਹੀ ਸੀ ਜਿਸ ਨੂੰ ਅੱਜ ਕੱਲ ‘ਚਕਰ ਸਪੋਰਟਸ ਅਕੈਡਮੀ’ ਆਖਿਆ ਜਾਂਦੈ ਅਤੇ 2010 ਵਿਚ 10ਵੀਂ ਵਿਚ ਪੜ੍ਹਦੀ ਸਿਮਰਜੀਤ ਕੌਰ ਨੂੰ ਅਕੈਡਮੀ ਵਿਚ ਉਹਨਾਂ ਗਾਈਡ ਕਰਨਾ ਸ਼ੁਰੂ ਕੀਤਾ । ਉਹਨਾ ਦੱਸਿਆ ਕਿ ਉਹ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਪ੍ਰੋਫੈਸਰ ਸਨ ਅਤੇ ਆਪਣੇ ਜੱਦੀ ਪਿੰਡ ਚਕਰ ਵਿਖੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਮਿਸ਼ਨ ਚਲਾ ਰਹੇ ਸਨ। ਉਹ ਦੱਸਦੇ ਨੇ ਕਿ ਸਿਮਰਜੀਤ ਕੌਰ ਗੰਭੀਰ ਸੁਭਾਅ ਵਾਲੀ ਪਰ ਆਪਣੀ ਧੁੰਨ ਦੀ ਪੱਕੀ ਰਹੀ ਅਤੇ ਮੰਜ਼ਿਲ ਵੱਲ ਵੱਧਦਿਆਂ 2013 ‘ਚ ਉਸ ਨੇ ਯੂਥ ਵਰਡ ਚੈਪੀਅਨਸ਼ਿੱਪ ‘ਚ ਤਾਂਬੇ ਦਾ ਤਗਮਾ ਜਿੱਤਣ ‘ਚ ਸਫਲਤਾ ਹਾਸਲ ਕੀਤੀ ਤੇ ਫਿਰ 2019 ‘ਚ ਟੋਕੀਓ ਓਲੰਪਿਕ ਲਈ ਉਸ ਦੀ ਚੋਣ ਹੋਈ। ਉਹਨਾਂ ਦੱਸਿਆ ਕਿ ਬੇਸ਼ੱਕ ਕਰੋਨਾ ਮਹਾਂਮਾਰੀ ਦੇ ਦੌਰ ਕਾਰਨ ਉਲੰਪਿਕ ਖੇਡਾਂ ਲੇਟ ਹੋ ਗਈਆਂ ਨੇ ਪਰ ਅੱਜ ਜਰਮਨੀ ਵਿਚ ਦੇਸ਼ ਦਾ ਨਾਮ ਰੌਸ਼ਨ ਕਰਦਿਆਂ ਸੋਨੇ ਦੀ ਤਗਮਾ ਜਿੱਤਣ ਵਾਲੀ ਸਿਮਰਜੀਤ ਕੌਰ ’ਤੇ ਹਰ ਦੇਸ਼ਵਾਸੀ ਨੂੰ ਫਖ਼ਰ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ