ਚੋਣ ਜਲਸਿਆਂ ‘ਚ ਲੋਕਾਂ ਦੀਆਂ ਰਵਾਇਤੀ ਪੌਸ਼ਾਕਾਂ ਪਾ ਕੇ ਭਰਮਾਉਣ ਵਾਲੇ ਰਾਜਸੀ ਆਗੂਆਂ ਦਾ ਸਵਾਗਤ ਪੰਜਾਬ ਦੇ ਲੋਕ ਉਸੇ ਤਰਾਂ ਕਰਨਗੇ ਜਿਸ ਤਰਾਂ ਦਿੱਲੀ ਜਾਂਦੇ ਕਿਸਾਨਾਂ ਦਾ ਹਰਿਆਣਾ ਸਰਕਾਰ ਨੇ ਕੀਤਾ: ਵਕੀਲ ਭਾਈਚਾਰਾ

ਮੋਗਾ,17 ਦਸੰਬਰ (ਜਸ਼ਨ): ਕਿਰਸਾਨੀ ਸੰਘਰਸ਼ ਦੀ ਹਮਾਇਤ ਕਰਨ ਲਈ ਹਰ ਵਰਗ ਅਤੇ ਹਰ ਖੇਤਰ ਦੇ ਲੋਕ ਹਮਾਇਤ ਕਰ ਰਹੇ ਹਨ । ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੀਆਂ ਬਰੂਹਾਂ ’ਤੇ ਅਪੜ ਕੇ ਕੜਕਦੀ ਠੰਡ ਵਿਚ ਆਪਣੇ ਹੱਕਾਂ ਲਈ ਜਿਥੇ ਕੇਂਦਰ ਦੀ ਸਰਕਾਰ ਨਾਲ ਆਡਾ ਲੈ ਰਹੇ ਹਨ ਉੱਥੇ ਮੌਸਮ ਦੇ ਪ੍ਰਕੋਪ ਨਾਲ ਵੀ ਮੱਥਾ ਲਾ ਰਹੇ ਹਨ । ਕਿਰਸਾਨੀ ਸੰਘਰਸ਼ ਨੂੰ ਹਮਾਇਤ ਦੇਣ ਅਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਸਿੰਘੂ ਬਾਰਡਰ ਪਹੰੁਚੇ । ਵਕੀਲਾਂ ਦੇ ਕਾਫਲੇ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਦੀਦਾਰ ਸਿੰਘ ਮੱਤਾ ਨੇ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਕੀਤਾ । ਵਕੀਲਾਂ ਦੇ ਕਾਫਲੇ ‘ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਪਰਉਪਕਾਰ ਸਿੰਘ ਸੰਘਾ, ਐਡਵੋਕੇਟ ਜਗਰਾਜ ਸਿੰਘ ਚਾਹਲ, ਐਡਵੋਕੇਟ ਚਮਕੌਰ ਸਿੰਘ ਬਰਾੜ, ਐਡਵੋਕੇਟ ਪਰਮਜੀਤ ਸਿੰਘ ਸਿੱਧੂ, ਐਡਵੋਕੇਟ ਅਮਰਦੀਪ ਸਿੰਘ, ਐਡਵੋਕੇਟ ਰਮਨਦੀਪ ਸਿੰਘ ਔਲਖ, ਐਡਵੋਕੇਟ ਜਗਪ੍ਰੀਤ ਸਿੰਘ ਚੱਡਾ, ਐਡਵੋਕੇਟ ਗੁਰਜੰਟ ਸਿੰਘ ਗਿੱਲ, ਐਡਵੋਕੇਟ ਕੁਲਵੰਤ ਸਿੰਘ, ਐਡਵੋਕੇਟ ਹਰਜੀਤ ਸਿੰਘ ਸ਼ਾਮਲ ਸਨ । ਸਿੰਘੂ ਬਾਰਡਰ ’ਤੇ  ਪਹੰੁਚੇ ਸਮੂਹ ਵਕੀਲਾਂ ਨੇ ਆਖਿਆ ਕਿ ਜੇਕਰ ਕੇਂਦਰ ਸਰਕਾਰ ਕਿਸੇ ਕਿਸਾਨ ਖਿਲਾਫ਼ ਝੂਠਾ ਪਰਚਾ ਕਰਦੀ ਹੈ ਤਾਂ ਵਕੀਲ ਭਾਈਚਾਰਾ ਉਹਨਾਂ ਦੀ ਕਾਨੂੰਨੀ ਜੰਗ ਬਿਲਕੁੱਲ ਮੁੱਫਤ ਲੜੇਗਾ। 
ਕਿਸਾਨਾਂ ਦੇ ਹੱਕਾਂ ਲਈ ਉੱਥੇ ਚੱਲ ਰਹੇ ਜਲਸੇ ‘ਚ ਆਪਣੇ ਵਿਚਾਰ ਸਾਂਝੇ ਕਰਦਿਆਂ ਵਕੀਲਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਕਿਸਾਨਾਂ ਪ੍ਰਤੀ ਰਹਿਮ ਦਾ ਵਤੀਰਾ ਰੱਖੇ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਵੇ। ਉਹਨਾਂ ਕਿਹਾ ਕਿ ਜਾਂ ਤਾਂ ਕੇਂਦਰ ਦਾ ਕੋਈ ਵੀ ਮੰਤਰੀ ਪੰਜਾਬ ਦੇ ਆਜ਼ਾਦੀ ਸੰਗਰਾਮੀਆਂ ਦੇ ਨਾਮ ’ਤੇ ਸਿਆਸਤ ਕਰਨਾ ਛੱਡ ਦੇਵੇ ਤੇ ਜਾਂ ਉਹਨਾਂ ਦੇ ਵਾਰਸਾਂ ਦੇ ਕਿਸਾਨੀ ਮਸਲੇ ਦਾ ਹੱਲ ਕਰੇ। ਉਹਨਾਂ ਕਿਹਾ ਕਿ ਰਾਜਨੀਤਕ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਜਦੋਂ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹਨ ਤਾਂ ਉਸ ਰਾਜ ਦੇ ਪਹਿਰਾਵੇ ਪਾ ਉਹਨਾਂ ਲੋਕਾਂ ਨੂੰ ਅਹਿਸਾਸ ਕਰਵਾਉਂਦੇ ਹਨ ਕਿ ਉਹ ਉਹਨਾਂ ਦੀ ਕੌਮ ਦੇ ਹਮਦਰਦ ਹਨ ਪਰ ਜਦੋਂ ਉਹਨਾਂ ਦੇ ਹੱਥ ਕੁਰਸੀ ਆ ਜਾਂਦੀ ਹੈ ਤਾਂ ਉਹ ਆਪਣੇ ਵਾਅਦੇ ਅਤੇ ਆਪਣੇ ਭਾਸ਼ਣਾਂ ਨੂੰ ਭੁੱਲ ਕੇ ਆਵਾਮ ਨਾਲ ਸਖ਼ਤ ਰੁੱਖ ਅਪਣਾ ਕੇ ਉਹਨਾਂ ਨੂੰ ਆਪਣੇ ਹੀ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਉਂਦੇ ਹਨ। 
ਉਹਨਾਂ ਕਿਹਾ ਕਿ ਕੋਈ ਵੀ ਰਾਜਨੀਤਕ ਪਾਰਟੀ ਹੁਣ ਚੇਤੇ ਰੱਖੇ ਕਿ ਜਿਹੋ ਜਿਹਾ ਹੁਣ ਉਹ ਜਨਤਾ ਨਾਲ ਵਰਤਾਰਾ ਕਰਨਗੇ ਤਾਂ ਚੋਣਾਂ ਵੇਲੇ ਉਹ ਜਨਤਾ ਤੋਂ ਕਿਸੇ ਕਿਸਮ ਦੇ ਸਮਰਥਨ ਦੀ ਆਸ ਨਾ ਰੱਖਣ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ  ਕਿ ਪੰਜਾਬ ਦੇ ਕਿਸਾਨਾਂ ਦੇ ਦਿੱਲੀ ਤੱਕ ਪਹੰੁਚਣ ਲਈ ਉਹਨਾਂ ਦੇ ਰਾਹ ਵਿਚ ਔਕੜਾਂ ਖੜ੍ਹੀਆਂ ਕੀਤੀਆਂ ਉਸ ਨੂੰ ਪੰਜਾਬ ਦੇ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਦੇਖਿਆ ਅਤੇ ਜਦੋਂ ਕੇਂਦਰ ਦਾ ਕੋਈ ਵੀ ਵਜੀਰ ਪੰਜਾਬ ਆਉਣ ਬਾਰੇ ਸੋਚੇ ਤਾਂ ਉਹ ਯਾਦ ਰੱਖੇ ਕਿ ਪੰਜਾਬੀ ਅਣਖੀਆਂ ਯੋਧਿਆਂ ਦੀ ਕੌਮ ਹੈ ਤੇ ਜਿਸ ਤਰਾਂ ਉਹਨਾਂ ਦਾ ਦਿੱਲੀ ਆਉਣ ’ਤੇ ਸਵਾਗਤ ਕੀਤਾ ਗਿਆ ਉਹ ਉਸੇ ਤਰਜ਼ ’ਤੇ ਹੀ ਉਹਨਾਂ ਦਾ ਸਵਾਗਤ ਕਰਨਗੇ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ