ਪੰਜਾਬ ਪੈਨਸ਼ਨਰ ਯੂਨੀਅਨ ਅਤੇ ਪੰਜਾਬ ਗੋਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਪੈਨਸ਼ਨ ਦਿਹਾੜੇ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਵਿਸ਼ਾਲ ਕਨਵੈਨਸ਼ਨ ਕਰਵਾਈ ਗਈ

ਮੋਗਾ,17 ਦਸੰਬਰ (ਜਸ਼ਨ): ਪੰਜਾਬ ਪੈਨਸ਼ਨਰ ਯੂਨੀਅਨ ਅਤੇ ਪੰਜਾਬ ਗੋਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਪੈਨਸ਼ਨ ਦਿਹਾੜੇ ਉੱਪਰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਵਿਸ਼ਾਲ ਕਨਵੈਨਸ਼ਨ ਸ਼ਹੀਦ ਨਛੱਤਰ ਧਾਲੀਵਾਲ ਭਵਨ ਮੋਗਾ ਵਿਖੇ ਕੀਤੀ ਗਈ । ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਅਤੇ ਸੁਖਜਿੰਦਰ ਮਹੇਸ਼ਰੀ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਾਨੂੰਨ ਕੇਵਲ ਕਿਸਾਨਾਂ ਜਾਂ ਮਜ਼ਦੂਰਾਂ ਦੇ ਹੀ ਵਿਰੋਧੀ ਨਹੀਂ ਸਗੋਂ ਸਮੁੱਚੀ ਲੋਕਾਈ ਲਈ ਹੀ ਬਹੁਤ ਘਾਤਕ ਹਨ । ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਿੱਥੇ ਕਿਸਾਨ ਅਤੇ ਖੇਤ ਮਜ਼ਦੂਰਾਂ ਦਾ ਰੋਜ਼ਗਾਰ ਖੁੱਸਣਾ ਹੈ ਉੱਥੇ ਸਮੁੱਚੀ ਜਨਤਾ ਨੂੰ ਵੀ ਇਸ ਦੇ ਖਮਿਆਜ਼ੇ ਭੁਗਤਦਿਆਂ ਮਹਿੰਗਾਈ ਦੀ ਅਸਹਿ ਚੱਕੀ ਵਿਚ ਪਿੱਸਣਾ ਪਵੇਗਾ। ਇਸ ਕਰਕੇ ਇਹਨਾਂ ਕਾਨੂੰਨਾਂ ਦੇ ਮਾਰੂ ਅਸਰ ਨੂੰ ਸਮਝਦਿਆਂ ਸਾਰਾ ਦੇਸ਼ ਇਸ ਇਸ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋ ਕੇ ਆਰ ਪਾਰ ਦੀ ਲੜਾਈ ਲੜਨ ਲਈ ਮਜਬੂਰ ਹੈ। ਇਸ ਮੌਕੇ ਪੰਜਾਬ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਮੈਡਲੇ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਗਗੜਾ ਨੇ ਪੈਨਸ਼ਨ ਦਿਹਾੜੇ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਸਾਡੀਆਂ ਸਰਕਾਰਾਂ ਇਸ ਪੈਨਸ਼ਨ ਬੁਢਾਪੇ ਦੀ ਡੰਗੋਰੀ ਨੂੰ ਖੋਹਣ ਦਾ ਯਤਨ ਕਰ ਰਹੀਆਂ ਹਨ । ਉਹਨਾਂ ਆਖਿਆ ਕਿ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਕੋਲੋਂ ਪੈਨਸ਼ਨ ਦਾ ਹੱਕ ਖੋਹ ਲਿਆ ਗਿਆ ਹੈ। ਪੈਨਸ਼ਨ ਲੈ ਰਹੇ ਸਾਬਕਾ ਮੁਲਾਜ਼ਮਾਂ ਤੋਂ ਵੀ ਸੁਪਰੀਮ ਕੋਰਟ ਦੇ ਹੁਕਮਾਂ ਮੁਬਾਰਕ ਦਿੱਤੀ ਜਾ ਰਹੀ ਪੈਨਸ਼ਨ ਉੱਪਰ ਕੱਟ ਲਗਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ,ਜਿਸ ਦੇ ਖਿਲਾਫ਼ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਸੰਘਰਸ਼ ਲੜ ਰਹੇ ਹਨ।

ਕਨਵੈਨਸ਼ਨ ਦੌਰਾਨ ਬੋਲਦਿਆਂ ਕਾਮਰੇਡ ਚਰਨ ਸਿੰਘ ਸਰਾਭਾ ਅਤੇ ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲਗਭਗ ਚਾਰ ਸਾਲ ਪੂਰੇ ਹੋ ਚੁੱਕੇ ਹਨ ਅਤੇ ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਾਅਦੇ ਕਰਦਿਆਂ ਕਿਹਾ ਸੀ ਕਿ ਸਰਕਾਰ ਬਣਨ ਉਪਰੰਤ ਠੇਕੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ,ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ , ਡੀ ਏ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕਰਨ ਅਤੇ ਘਰ ਘਰ ਰੋਜ਼ਗਾਰ ਦੇ ਕੇ ਬੇਰੋਜ਼ਗਾਰੀ ਦੀ ਲੰਬੀ ਕਤਾਰ ਨੂੰ ਖਤਮ ਕੀਤਾ ਜਾਵੇਗਾ ਪਰ ਹਾਲੇ ਤੱਕ ਕਿਸੇ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਪੰਜਾਬ ਸਰਕਾਰ ਦੀ ਤਰਜ਼ ’ਤੇ ਚੱਲਦਿਆਂ ਪਬਲਿਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਵੇਚਣ ਨੂੰ ਕਾਹਲੀ ਹੈ । ਵੱਖ ਵੱਖ ਵਿਭਾਗਾਂ ਵਿਚੋਂ ਪੋਸਟਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਛਾਂਟੀਆਂ ਕਰਦੇ ਹੋਏ ਬੇਰੋਜ਼ਗਾਰੀ ਦੀ ਕਤਾਰ ਨੂੰ ਹੋਰ ਵਧਾਇਆ ਜਾ ਰਿਹਾ ਹੈ। ਇਹਲਾਂ ਨੀਤੀਆਂ ਤਹਿਤ ਹੀ ਪੰਜਾਬ ਰੋਡਵੇਜ਼ ਨੂੰ ਪੀ ਆਰ ਟੀ ਸੀ ਵਿਚ ਸ਼ਾਮਲ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹਨਾਂ ਨੀਤੀਆਂ ਦਾ ਖਮਿਆਜ਼ਾ ਸਰਕਾਰ ਨੂੰ 2022 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਅੱਜ ਦੀ ਕਨਵੈਨਸ਼ਨ ਨੂੰ ਮੁੱਖ ਤੌਰ ’ਤੇ ਸਤਿਆਪਾਲ ਗੁਪਤਾ, ਸਵਰਨ ਸਿੰਘ ਹਠੂਰ ,ਗੁਰਜੰਟ ਕੋਕਰੀ ,ਗੁਰਮੇਲ ਨਾਹਰ ,ਸੱਤਪਾਲ ਸਹਿਗਲ ,ਇੰਦਰਜੀਤ ਭਿੰਡਰ ,ਜਗਤਾਰ ਸਿੰਘ ,ਅਸ਼ੋਕ ਕੌਸ਼ਲ ,ਅੰਗਰੇਜ਼ ਸਿੰਘ ਮੁਕਤਸਰ ਅਤੇ ਗੁਰਮੀਤ ਧਾਲੀਵਾਲ,ਕਰਮਬੀਰ ਕੌਰ ਬੱਧਣੀ,ਜਗਤਾਰ ਸਿੰਘ ਜਲੰਧਰ,ਬਚਿੱਤਰ ਸਿੰਘ ਥੋਥੜ ਨੇ ਸੰਬੋਧਨ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੁਰਿੰਦਰ ਸਿੰਘ ਨੇ ਨਿਭਾਈ । ਇਸ ਮੌਕੇ ਰੋਜ਼ਗਾਰ ਪ੍ਰਾਪਤੀ ਸੱਭਿਆਚਾਰ ਮੰਚ ਮੋਗਾ ਦੀ ਟੀਮ ਵੱਲੋਂ ਨਾਟਕ ਅਤੇ ਗੀਤ ਵੀ ਪੇਸ਼ ਕੀਤੇ ਗਏ। ਪੰਜਾਬ ਪੈਨਸ਼ਨਰ ਯੂਨੀਅਨ ਅਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਆਗੂ ਅਤੇ ਵਰਕਰ ਪੰਜਾਬ ਭਰ ਵਿਚੋਂ ਇਸ ਕਨਵੈਨਸ਼ਨ ਵਿਚ ਸ਼ਾਮਲ ਹੋਏ।