ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੈਪਟਨ ਵਿਰੁੱਧ ਈ.ਡੀ ਤੇ ਸੀ.ਬੀ.ਆਈ ਦੇ ਕੇਸ ਪਾਉਣ ਦੇ ਦਬਕੇ ਮਾਰਨੇ ਬੰਦ ਕਰੇ: ਕੈਬਨਿਟ ਮੰਤਰੀ ਚੰਨੀ

ਚੰਡੀਗੜ, 9 ਦਸੰਬਰ :(ਜਸ਼ਨ):  ਪੰਜਾਬ ਦੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡਰਾਉਣ ਲਈ ਈ.ਡੀ ਅਤੇ ਸੀ.ਬੀ.ਆਈ ਦੇ ਕੇਸ ਪਾਉਣ ਦੇ ਦਬਕੇ ਮਾਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀ ਹੈ।ਇੱਥੋਂ ਜਾਰੀ ਬਿਆਨ ਵਿਚ ਸ. ਚੰਨੀ ਨੇ ਕਿਹਾ ਕਿ ਭਾਜਪਾ ਸਰਕਾਰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਕਿਉਂਕਿ ਮੁੱਖ ਮੰਤਰੀ ਨਾਲ ਸੂਬੇ ਦੇ ਲੋਕ, ਕਾਂਗਰਸ ਪਾਰਟੀ ਅਤੇ ਸੂਬਾ ਸਰਕਾਰ ਭਟ ਕੇ ਖੜੀ ਹੈ।
ਉਨਾਂ ਕਿਹਾ ਕਿ ਦੇਸ਼ ਦੇ ਲੱਖਾਂ ਕਿਸਾਨ 15 ਦਿਨਾਂ ਤੋਂ ਦਿੱਲੀ ਬਾਰਡਰ ’ਤੇ ਵੱਖ-ਵੱਖ ਸੜਕਾਂ ਜਾਮ ਕਰਕੇ ਕੇਂਦਰ ਸਰਕਾਰ ਦੇ ਵੱਡੇ-ਵੱਡੇ ਕਾਰੋਬਾਰੀਆਂ ਨੂੰ ਲਾਭ ਦੇਣ ਵਾਲੇ, ਕਿਸਾਨ-ਮਾਰੂ ਅਤੇ ਕਿਸਾਨਾਂ ਦੀ ਸਲਾਹ ਤੋਂ ਬਿਨਾਂ ਬਣਾਏ ਗਏ 3 ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨ ਮਸਲੇ ਨੂੰ ਹੱਲ ਕਰਨ ਦੀ ਬਜਾਏ ਵੱਖ-ਵੱਖ ਕੋਝੇ ਹਥਕੰਡੇ ਵਰਤਣ ਦੀ ਕੋਸਿਸ਼ ਕਰ ਰਹੀ ਹੈ।
ਸ. ਚੰਨੀ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਿਸਾਨਾਂ ਨਾਲ ਖੜੇ ਹੋਣ ਕਾਰਨ ਈ.ਡੀ ਅਤੇ ਸੀ.ਬੀ.ਆਈ. ਦੇ ਕੇਸ ਪਾਉਣ ਦੇ ਦਬਕੇ ਮਾਰ ਕੇ ਦਬਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰ ਚੁੱਕੀ ਹੈ, ਜੋ ਕੇਂਦਰ ਦੀ ਭਾਜਪਾ ਸਰਕਾਰ ਨੂੰ ਹਜ਼ਮ ਨਹੀਂ ਹੋ ਰਿਹਾ।
ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਦੇਸ਼ ਭਰ ਵਿਚ ਕਿਸਾਨਾਂ ਦੀ ਹੋ ਰਹੀ ਲਾਮਬੰਦੀ ਕਾਰਨ ਕੇਂਦਰ ਸਰਕਾਰ ਬੁਖਲਾਹਟ ਵਿਚ ਆ ਗਈ ਹੈ ਅਤੇ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਹਰ ਹਰਬਾ ਵਰਤ ਰਹੀ ਹੈ। ਉਨਾਂ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਦਬਕੇ ਤੋਂ ਡਰਨ ਵਾਲੇ ਨਹੀਂ ਅਤੇ ਪੂਰੀ ਤਰਾਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਖੜੇ ਰਹਿਣਗੇ।
ਉਨਾਂ ਕਿਹਾ ਕਿ ਪਹਿਲਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀ-ਭਾਜਪਾ ਸਰਕਾਰ ਨੇ ਝੂਠੇ ਕੇਸਾਂ ਵਿਚ ਫਸਾ ਕੇ ਉਲਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਦਾਲਤਾਂ ਵਿਚ ਲੰਮੀ ਲੜਾਈ ਮਗਰੋਂ ਉਹ ਬੇਦਾਗ਼ ਸਾਬਤ ਹੋਏ ਹਨ। ਉਨਾਂ ਨਾਲ ਹੀ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਖੜੇ ਰਹੇ ਹਨ, ਉਹ ਭਾਵੇਂ ਪੰਜਾਬ ਦੇ ਹਿੱਤਾਂ ਲਈ ਲੋਕ ਸਭਾ ਤੋਂ ਅਸਤੀਫ਼ਾ ਦੇਣ ਦਾ ਮਾਮਲਾ ਹੋਵੇ ਜਾਂ ਫਿਰ ਪਾਣੀਆਂ ਦੇ ਸਮਝੌਤੇ ਰੱਦ ਕਰਨ ਦਾ ਮਾਮਲਾ ਹੋਵੇ। ਹੁਣ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੱਟਾਨ ਵਾਂਗ ਡਟ ਕੇ ਕਿਸਾਨਾਂ ਨਾਲ ਖੜੇ ਹਨ ਅਤੇ ਪਹਿਲਾਂ ਹੀ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰ ਚੁੱਕੇ ਹਨ।
ਸ. ਚੰਨੀ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਏਧਰ ਓਧਰ ਟੱਕਰਾਂ ਮਾਰਨ ਦੀ ਬਜਾਏ ਜਲਦ ਤੋਂ ਜਲਦ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰੇ। ਉਨਾਂ ਕਿਹਾ ਕਿ ਜੇਕਰ ਇਹ ਮਸਲਾ ਕੇਂਦਰ ਸਰਕਾਰ ਨੇ ਜਲਦ ਹੱਲ ਨਾ ਕੀਤਾ ਤਾਂ ਇਹ ਅੰਦੋਲਨ ਦਿਨੋਂ-ਦਿਨ ਹੋਰ ਤੇਜ਼ ਹੋਵੇਗਾ, ਫਿਰ ਇਹ ਨਾ ਹੋਵੇ ਕਿ ਕੇਂਦਰ ਤੋਂ ਸਥਿਤੀ ਸੰਭਾਲੀ ਨਾ ਜਾਵੇ। ਉਨਾਂ ਨਾਲ ਹੀ ਕੇਂਦਰ ਨੂੰ ਚਿਤਾਵਨੀ ਵੀ ਦਿੱਤੀ ਕਿ ਈ.ਡੀ ਅਤੇ ਸੀ.ਬੀ.ਆਈ ਦੇ ਕੇਸ ਪਾਉਣ ਦੇ ਦਬਕੇ ਮਾਰਨੇ ਬੰਦ ਕਰੇ, ਨਹੀਂ ਤਾਂ ਇਸ ਦੇ ਭਾਜਪਾ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।