ਕਾਂਗਰਸ ਨੂੰ ਮੋਗਾ ‘ਚ ਜਬਰਦਸਤ ਹੁਲਾਰਾ,ਸੀਨੀਅਰ ਭਾਜਪਾ ਆਗੂ ਵਿਨੀਤ ਚੋਪੜਾ ਕਾਂਗਰਸ ‘ਚ ਸ਼ਾਮਲ

*ਮੋਗਾ ਦੇ ਚਹੁਮੁਖੀ ਵਿਕਾਸ ਲਈ ਦਿ੍ਰੜ ਸੰਕਲਪ ਹਰ ਲੋਕ ਹਿਤੈਸ਼ੀ ਆਗੂ ਦਾ ਕਾਂਗਰਸ ਵਿਚ ਫਿਰਾਖਦਿਲੀ ਨਾਲ ਕੀਤਾ ਜਾਵੇਗਾ ਸਵਾਗਤ : ਵਿਧਾਇਕ ਡਾ: ਹਰਜੋਤ ਕਮਲ
ਮੋਗਾ,7 ਦਸੰਬਰ (ਜਸ਼ਨ): ਮੋਗਾ ਵਿਚ ਕਾਂਗਰਸ ਨੂੰ ਉਸ ਸਮੇਂ ਜਬਰਦਸਤ ਹੁਲਾਰਾ ਮਿਲਿਆ ਜਦੋਂ ਮੋਗਾ ਜ਼ਿਲ੍ਹੇ ਵਿਚ ਭਾਰਤੀ ਜਨਤਾ ਪਾਰਟੀ ਦੇ ਥੰਮ ਸਮਝੇ ਜਾਂਦੇ ਸਰਗਰਮ ਭਾਜਪਾ ਆਗੂ ਵਿਨੀਤ ਚੋਪੜਾ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਕੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਕਬੂਲਦਿਆਂ ਕਾਂਗਰਸ ਵਿਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਭਾਜਪਾ ਨਾਲ ਸਬੰਧ ਰੱਖਦੇ ਵਿਨੀਤ ਚੋਪੜਾ ਦੀ ਮਾਤਾ ਸ਼੍ਰੀਮਤੀ ਰੀਟਾ ਚੋਪੜਾ ਨਗਰ ਨਿਗਮ ਵਿਚ ਕੌਂਸਲਰ ਨੇ ਅਤੇ ਉਹਨਾਂ ਦੀ ਅਗਵਾਈ ਵਿਚ ਵਿਨੀਤ ਚੋਪੜਾ ਨੇ ਆਪਣੇ ਵਾਰਡ ਵਿਚ ਵਿਕਾਸ ਕਾਰਜ ਕਰਵਾ ਕੇ ਲੋਕਾਂ ਦਾ ਦਿਲ ਜਿੱਤਿਆ ਹੈ। ਅੱਜ ਕਾਂਗਰਸ ਵਿਚ ਸ਼ਾਮਲ ਹੋਣ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਵਿਨੀਤ ਚੋਪੜਾ ਨੂੰ ਕਾਂਗਰਸ ਦੇ ਸਕਾਰਫ਼ ਨਾਲ ਸਨਮਾਨਿਤ ਕਰਦਿਆਂ ਆਖਿਆ ਕਿ ਵਿਨੀਤ ਚੋਪੜਾ ਨੇ ਲੋਕ ਹਿਤਾਂ ਵਿਚ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਰਵਾਏ ਜਾ ਰਹੇ ਚਹੁਮੁਖੀ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਪਹਿਲਾਂ ਵਾਂਗ ਅਨੇਕਾਂ ਆਗੂ ਕਾਂਗਰਸ ਵਿਚ ਸ਼ਾਮਲ ਹੋ ਰਹੇ ਨੇ ਤੇ ਇਸੇ ਕੜੀ ਵਿਚ ਅੱਜ ਵਿਨੀਤ ਚੋਪੜਾ ਕਾਂਗਰਸ ਵਿਚ ਸ਼ਾਮਲ ਹੋਏ ਨੇ । ਉਹਨਾਂ ਆਖਿਆ ਕਿ ਲੋਕ ਆਗੂਆਂ ਵਜੋਂ ਵਿਚਰਨ ਵਾਲੇ ਹਰ ਵਿਅਕਤੀ ਦਾ ਕਾਂਗਰਸ ਖੁਲ੍ਹੇ ਦਿਲ ਨਾਲ ਸਵਾਗਤ ਕਰਦੀ ਹੈ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਰਿਹਾ ਹੈ ਕਿ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਪਾਰਟੀ ਨੇ ਹਮੇਸ਼ਾ ਸਤਿਕਾਰ ਦਿੱਤਾ ਹੈ ਅਤੇ ਹੁਣ ਵੀ ਵਿਨੀਤ ਚੋਪੜਾ ਵੱਲੋਂ ਕਾਂਗਰਸ ਦੇ ਝੰਡੇ ਹੇਠ ਕੀਤੇ ਜਾਣ ਵਾਲੇ ਲੋਕ ਹਿਤੈਸ਼ੀ ਕਾਰਜਾਂ ਲਈ ਭਵਿੱਖ ਵਿਚ ਬਣਦਾ ਮਾਣਤਾਣ ਜ਼ਰੂਰ ਦਿੱਤਾ ਜਾਵੇਗਾ। ਇਸ ਮੌਕੇ ਵਿਨੀਤ ਚੋਪੜਾ ਨੇ ਆਖਿਆ ਕਿ ਉਹ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗੇ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ । ਉਹਨਾਂ ਕਿਹਾ ਕਿ ਉਹ ਖੁਦ ਅਤੇ ਉਹਨਾਂ ਦੀ ਮਾਤਾ ਨਿੱਠ ਕੇ ਲੋਕ ਸੇਵਾ ਦੇ ਕਾਰਜਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਇੰਜ ਉਹਨਾਂ ਦੇ ਸੁਭਾਅ ਦੀ ਪਿੱਚ ਵਿਧਾਇਕ ਡਾ: ਹਰਜੋਤ ਕਮਲ ਨਾਲ ਇਕਸੁਰ ਦਿਖਾਈ ਦਿੰਦੀ ਸੀ ਜਿਸ ਦੀ ਬਦੌਲਤ ਉਹਨਾਂ ਵਾਰਡ ਦੇ ਹੋਰ ਵਿਕਾਸ ਦੇ ਮੱਦੇਨਜ਼ਰ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਕਬੂਲਦਿਆਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਇਸ ਮੌਕੇ ਹਾਜ਼ਰ ਕਾਂਗਰਸ ਦੇ ਅਹਿਮ ਆਗੂਆਂ ਵਿਚ ਜੁਗਰਾਜ ਸਿੰਘ ਜੱਗਾ ਰੌਲੀ,ਜਸਵਿੰਦਰ ਸਿੰਘ ਕਾਕਾ ਲੰਢੇਕੇ, ਸਾਬਕਾ ਸਰਪੰਚ ਰਾਕੇਸ਼ ਕੁਮਾਰ ਕਿੱਟਾ,ਕੁਲਦੀਪ ਸਿੰਘ ਬੱਸੀਆਂ,ਸਾਹਿਲ ਅਰੋੜਾ,ਸੁਖਵਿੰਦਰ ਆਜ਼ਾਦ, ਗੁਰਪ੍ਰੀਤ ਸੱਚਦੇਵਾ,ਦੀਸ਼ਾ ਬਰਾੜ, ਕੁਲਵਿੰਦਰ ਸਿੰਘ ਚੱਕੀਆਂ,ਜਗਦੀਪ ਸਿੰਘ ਸੀਰਾ ਲੰਢੇਕੇ,ਸੰਜੀਵ ਅਰੋੜਾ,ਜਤਿੰਦਰ ਅਰੋੜਾ,ਗੁਰਸੇਵਕ ਸਿੰਘ ਸਮਰਾਟ, ਜਸਵਿੰਦਰ ਸਿੰਘ, ਅਸ਼ੋਕ ਧਮੀਜਾ ਆਦਿ ਸ਼ਾਮਲ ਸਨ।