ਸ.ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਦਾ ਡਰਾਮਾ ਰੱਚ ਕੇ ਬਾਦਲ ਪਰਿਵਾਰ ਲਈ ਸਿਆਸੀ ਜ਼ਮੀਨ ਤਲਾਸ਼ਣ ਦੀ ਕੀਤੀ ਨਾਕਾਮ ਕੋਸ਼ਿਸ

ਮੋਗਾ 6 ਦਸੰਬਰ (ਜਸ਼ਨ): ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਜਿਹਨਾਂ ਨੂੰ ਰਾਜਨੀਤੀ ਦਾ ਬਾਬਾ ਬੋਹੜ ਮੰਨਿਆ ਜਾਂਦਾ ਹੈ, ਦਾ ਸਮੁੱਚਾ ਜੀਵਨ ਡਰਾਮਿਆਂ ਵਾਲਾ ਰਿਹਾ ਅਤੇ ਉਹਨਾਂ ਆਪਣੀ ਜ਼ਿੰਦਗੀ ਦੇ ਰਾਜਨੀਤੀ ਸਫ਼ਰ ਦੌਰਾਨ ਹਮੇਸ਼ਾ ਮੌਕੇ ਅਨੁਸਾਰ ਪੈਂਤੜੇਬਾਜ਼ੀ ਵਰਤਦਿਆਂ ਸਨਮਾਨ ਮੋੜਨ ਵਰਗੇ ਕਈ ਡਰਾਮੇਂ ਰਚੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਚੀਮਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸ. ਬਾਦਲ ਨੇ ਕਿਸਾਨਾਂ ਵੱਲੋਂ ਕੇਂਦਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਛੇੜੇ ਅੰਦੋਲਨ ਤੋਂ ਬਾਅਦ ਸਿਰਫ਼ ਤੇ ਸਿਰਫ਼ ਗੱਲਾਂ ਦਾ ਕੜਾਹ ਹੀ ਬਣਾਇਆ ਹੈ। ਚੀਮਾ ਨੇ ਆਖਿਆ ਹੁਣ ਜਦ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਬਾਦਲ ਪਰਿਵਾਰ ਦੀ ਅਸਲੀਅਤ ਦਾ ਪਤਾ ਲੱਗ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਦਾ ਡਰਾਮਾ ਕਰਕੇ ਇਕ ਵਾਰ ਫਿਰ ਰਾਜਨੀਤਕ ਪੈਂਤੜਾ ਵਰਤ ਲਿਆ ਜਦਕਿ ਇਹਨਾਂ ਹੀ ਤਿੰਨਾਂ ਬਿੱਲਾਂ ਦੇ ਪਾਸ ਹੋਣ ਉਪਰੰਤ ਉਹਨਾਂ ਖੁਦ ,ਉਹਨਾਂ ਦੇ ਪੁੱਤਰ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਾਰ ਵਾਰ ਮੀਡੀਆ ਦੇ ਸਾਹਮਣੇ ਖੇਤੀ ਬਿੱਲਾਂ ਦੇ ਹੱਕ ਵਿਚ ਸੋਹਲੇ ਗਾਏ ਸਨ ਅਤੇ ਬਾਅਦ ਵਿਚ ਕਿਸਾਨਾਂ ਵੱਲੋਂ ਕੀਤੇ ਇਹਨਾਂ ਬਿੱਲਾਂ ਦੇ ਵਿਰੋਧ ਵਿਚ ਕੈਪਟਨ ਸਰਕਾਰ ਅਤੇ ਹੋਰ ਵੱਖ ਵੱਖ ਪਾਰਟੀਆਂ ਨੇ ਜੇਹਾਦ ਛੇੜ ਦਿੱਤਾ ਤਾਂ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸ਼ਾਖ ਨੂੰ ਬਚਾਉਣ ਲਈ ਉਹਨਾਂ ਯੂ ਟਰਨ ਲੈਂਦਿਆਂ ਬਾਦਲ ਪਰਿਵਾਰ ਦੀ ਨੂੰਹ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਦਾ ਢੌਂਗ ਰਚ ਕੇ ਪਾਕ ਸਾਫ਼ ਹੋਣ ਦਾ ਡਰਾਮਾ ਕੀਤਾ ਅਤੇ ਹੁਣ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਪਦਮ ਵਿਭੂਸ਼ਣ ਵਰਗੇ ਸਨਮਾਨ ਨੂੰ ਵਾਪਸ ਕਰਨ ਦੇ ਐਲਾਨ ਨਾਲ ਰਾਜਨੀਤਕ ਲਾਹਾ ਲੈਣ ਦੀ ਨਾਕਾਮ ਕੋਸ਼ਿਸ ਕੀਤੀ ਹੈ। ਚੀਮਾ ਨੇ ਆਖਿਆ ਕਿ ਬਾਦਲ ਪਰਿਵਾਰ ਹੁਣ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾਉਣ ਤੋਂ ਬਾਜ਼ ਆ ਜਾਵੇ ਕਿਉਂਕਿ ਹੁਣ ਦੀ ਰਾਜਨੀਤੀ ਅਤੇ ਪਹਿਲਾਂ ਦੀ ਰਾਜਨੀਤੀ ਵਿਚ ਸ਼ੋਸ਼ਲ ਮੀਡੀਆ ਦੇ ਆਉਣ ਨਾਲ ਜ਼ਮੀਨ ਆਸਮਾਨ ਦਾ ਅੰਤਰ ਆ ਚੁੱਕਾ ਹੈ। ਗੁਰਸੇਵਕ ਸਿੰਘ ਚੀਮਾ ਨੇ ਆਖਿਆ ਕਿ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਤੋਂ ਬਾਅਦ ਉਹਨਾਂ ਨੂੰ ਫ਼ਖਰ ਏ ਕੌਮ ਦਾ ਸਨਮਾਨ ਵੀ ਵਾਪਸ ਕਰਕੇ ਸਮੁੱਚੇ ਪੰਜਾਬੀਆਂ ਤੋਂ ਪਿਛੋਕੜ ਵਿਚ ਕੀਤੀਆਂ ਗਲਤੀਆਂ ਦੀ ਮੁਆਫ਼ੀ ਵੀ ਮੰਗ ਲੈਣੀ ਚਾਹੀਦੀ ਹੈ ਤੇ ਚੰਗਾ ਹੋਵੇ ਜੇ ਬਾਦਲ ਸਾਬ੍ਹ ਇਹ ਦੱਸ ਦੇਣ ਕਿ ਉਹਨਾਂ ਪੰਜਾਬ ਲਈ ਅਜਿਹਾ ਕੀ ਚੰਗਾ ਕੀਤਾ ਜਿਸ ਬਦਲੇ ਉਹਨਾਂ ਨੂੰ ਪਦਮ ਵਿਭੂਸ਼ਣ ਐਵਾਰਡ ਮਿਲਿਆ ਸੀ।