ਜੇ ਕੇਂਦਰ ਸਰਕਾਰ ਸੱਚੀ ਨੀਅਤ ਨਾਲ ਕਿਸਾਨੀ ਮਸਲਾ ਹੱਲ ਕਰਨਾ ਚਾਹੁੰਦੀ ਹੈ ਤਾਂ ਐੱਮ ਐੱਸ ਪੀ ਜਾਰੀ ਰੱਖਣ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ: ਵਿਧਾਇਕ ਡਾ: ਹਰਜੋਤ ਕਮਲ
ਮੋਗਾ,6 ਦਸੰਬਰ (ਜਸ਼ਨ): ਬੀਤੇ ਕੱਲ ਕਿਸਾਨ ਅੰਦੋਲਨ ਨਾਲ ਜੁੜੇ 40 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਹੋਈ ਉੱਚ ਪੱਧਰੀ ਗੱਲਬਾਤ ਕਿਸੇ ਸਿਰੇ ਨਾ ਲੱਗਣ ਕਾਰਨ ਕਿਸਾਨ ਅੰਦੋਲਨ ਹੋਰ ਭੱਖਣ ਲੱਗਾ ਹੈ ਜਦਕਿ ਇਸ ਅੰਦੋਲਨ ਨੂੰ ਖਤਮ ਕਰਨ ਲਈ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਮਹਿਜ਼ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਇਕ ਮਿੰਟ ਵਿਚ ਅੰਦੋਲਨ ਖਤਮ ਕਰ ਸਕਦੀ ਹੈ’ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਖੇਤੀ ਜਿਣਸਾਂ ’ਤੇ ਦਿੱਤਾ ਜਾਂਦਾ ਘੱਟੋ ਘੱਟ ਸਮਰਥਨ ਮੁੱਲ ਜਿਸ ਨੂੰ ਐੱਮ ਐੱਸ ਪੀ ਆਖਿਆ ਜਾਂਦਾ ਹੈ, ਉਸ ਨੂੰ ਜਾਰੀ ਰੱਖਣ ਵਾਸਤੇ ਕਿਸਾਨਾਂ ਵੱਲੋਂ ਪਹਿਲ ਦੇ ਆਧਾਰ ’ਤੇ ਮੰਗ ਕੀਤੀ ਜਾ ਰਹੀ ਹੈ। ਇਸੇ ਐੱਮ ਐੱਸ ਪੀ ਨੂੰ ਜਾਰੀ ਰੱਖਣ ਲਈ ਪ੍ਰਧਾਨ ਮੰਤਰੀ ਸਣੇ ਕਈ ਕੇਂਦਰੀ ਮੰਤਰੀ ਵੱਖ ਵੱਖ ਸਮੇਂ ’ਤੇ ਬਿਆਨ ਦੇ ਚੁੱਕੇ ਨੇ । ਉਹਨਾਂ ਆਖਿਆ ਕਿ ਸਰਕਾਰੀ ਨੋਟੀਫਿਕੇਸ਼ਨ ਰਾਹੀਂ ਲਾਗੂ ਕੀਤੇ ਕਾਨੂੰਨਾਂ ਸਾਹਮਣੇ ਕਿਸੇ ਵੀ ਜ਼ੁਬਾਨੀ ਜਾ ਲਿਖਤੀ ਵਾਅਦੇ ਦੀ ਕੋਈ ਕੀਮਤ ਨਹੀਂ ਹੁੰਦੀ। ਇਸ ਕਰਕੇ ਜਿੱਥੇ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ ਉੱਥੇ ਐੱਮ ਐੱਸ ਪੀ ਜਾਰੀ ਰੱਖਣ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਕਿਸਾਨਾਂ ਦਾ ਭਵਿੱਖ ਸੁਰੱਖਿਅਤ ਹੋ ਜਾਵੇਗਾ। ਡਾ: ਹਰਜੋਤ ਕਮਲ ਨੇ ਆਖਿਆ ਕਿ ਇਸ ਐੱਮ ਐੱਸ ਪੀ ’ਤੇ ਪਹਿਲਾਂ ਵਾਂਗ ਹੀ ਸਰਕਾਰੀ ਖਰੀਦ ਦੀ ਗਰੰਟੀ ਵੀ ਸਰਕਾਰ ਸੁਨਿਸ਼ਚਤ ਕਰੇ ਜਿਸ ਤਰਾਂ ਪਹਿਲਾਂ ਐੱਫ ਸੀ ਆਈ ਵੱਲੋਂ ਖਰੀਦ ਕੀਤੀ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਬਾਕੀ ਮੰਗਾਂ ਨਿਰੰਤਰ ਗੱਲਬਾਤ ਨਾਲ ਹੱਲ ਕੀਤੀਆਂ ਜਾ ਸਕਦੀਆਂ ਹਨ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਜੇਕਰ ਸੱਚਮੁੱਚ ਸਰਕਾਰ ਨੂੰ ਦਿੱਲੀ ਧਰਨੇ ’ਤੇ ਬੈਠੇ ਬਜ਼ਰੁਗਾਂ ,ਔਰਤਾਂ ਅਤੇ ਬੱਚਿਆਂ ਨਾਲ ਹਮਦਰਦੀ ਹੈ ਅਤੇ ਸਰਕਾਰ ਸੱਚੀ ਨੀਅਤ ਨਾਲ ਕਿਸਾਨੀ ਮਸਲਾ ਹੱਲ ਕਰਨਾ ਚਾਹੰੁਦੀ ਹੈ ਤਾਂ ਤੁਰੰਤ ਐੱਮ ਐੱਸ ਪੀ ਦਾ ਨੋਟੀਫਿਕੇਸ਼ਨ ਜਾਰੀ ਕਰੇ।ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਦੇਵਿੰਦਰ ਸਿੰਘ ਰਣੀਆ,ਸੀਰਾ ਚਕਰ,ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ,ਹਨੀ ਸੋਢੀ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ , ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਪ੍ਰਵੀਨ ਪੀਨਾ, ਕੌਂਸਲਰ ਵਿਜੈ ਭੂਸ਼ਣ ਟੀਟੂ,ਕੌਂਸਲਰ ਨਰਿੰਦਰ ਬਾਲੀ,ਜਗਰਾਜ ਸਿੰਘ ਜੱਗਾ ਰੌਲੀ, ਦੀਪਕ ਭੱਲਾ,ਧੀਰਜ ਸ਼ਰਮਾ ਧੀਰਾ,ਗੌਰਵ ਗਰਗ ਪ੍ਰਧਾਨ ਅੱਗਰਵਾਲ ਸਭਾ ਸ਼ਹਿਰੀ ,ਕੁਲਦੀਪ ਬੱਸੀਆਂ ਪ੍ਰਧਾਨ ਗੁਰਦਵਾਰਾ ਬਾਬਾ ਨਾਮ ਦੇਵ ਜੀ , ਪ੍ਰਵੀਨ ਮੱਕੜ,ਸੁਨੀਲ ਜੋਇਲ ਭੋਲਾ,ਜਸਵਿੰਦਰ ਸਿੰਘ ਕਾਕਾ ਲੰਢੇ ਕੇ,ਵਿਜੇ ਖੁਰਾਣਾ,ਬਲਵੰਤ ਰਾਏ ਪੰਮਾ,ਭਾਨੂੰ ਪ੍ਰਤਾਪ,ਦੀਸ਼ਾ ਬਰਾੜ,ਸੁਮਨ ਕੌਸ਼ਿਕ,ਸੀਰਾ ਲੰਢੇ ਕੇ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ