ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ: ਵਿਧਾਇਕ ਡਾ. ਹਰਜੋਤ ਕਮਲ

ਮੋਗਾ,5 ਦਸੰਬਰ (ਜਸ਼ਨ):   ‘‘ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਵਿਵਾਦਿਤ ਖੇਤੀ ਕਾਨੂੰਨਾਂ ਸਬੰਧੀ ਦਿੱਲੀ ‘ਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ‘‘ਸੰਪੂਰਨ ਰੋਲਬੈਕ’’ ਦੀ ਰੱਖੀ ਮੰਗ ਬਿਲਕੁਲ ਸਟੀਕ ਅਤੇ ਸਪੱਸ਼ਟ ਹੈ, ਇਸ ਕਰਕੇ ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਅਤੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਦੇਸ਼ ਵਿਚ ਸਾਜ਼ਗਾਰ ਮਾਹੌਲ ਦੀ ਸਿਰਜਣਾ ਕਰੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਬਿਨਾਂ ਸ਼ੱਕ ਇਹ ਅੰਦੋਲਨ ਕਿਸਾਨਾਂ ਵੱਲੋਂ ਆਰੰਭਿਆ ਗਿਆ ਸੀ ਪਰ ਹੁਣ ਦੇਸ਼ ਦਾ ਬੱਚਾ ਬੱਚਾ ਇਸ ਅੰਦੋਲਨ ਨਾਲ ਜੁੜ ਗਿਆ ਹੈ ਅਤੇ ਕਿਸਾਨ ਇਕੱਲੇ ਨਹੀਂ ਸਗੋਂ ਸਮੁੱਚਾ ਦੇਸ਼ ਕਿਸਾਨਾਂ ਦੀ ਪਿੱਠ ’ਤੇ ਖੜ੍ਹਾ ਹੈ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਆਪ ਨੂੰ ਮਹਾਤਮਾ ਗਾਂਧੀ ਜੀ ਦੇ ਪੈਰੋਕਾਰ ਅਖਵਾਉਣ ਵਾਲੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਾਹਮਣੇ ਦੇਸ਼ ਦੇ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਜ਼ਾਬਤੇ ਵਿਚ ਰਹਿ ਕੇ ਸ਼ਾਂਤਮਈ ਅੰਦੋਲਨ ਚਲਾ ਰਹੇ ਨੇ ਪਰ ਮੋਦੀ ਸਾਬ੍ਹ ਨੇ ਠੰਡ ਵਿਚ ਰੁਲਦੇ ਕਿਸਾਨ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਰਤਾ ਭਰ ਵੀ ਹਮਦਰਦੀ ਨਹੀਂ ਪ੍ਰਗਟਾਈ । ਡਾ: ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਜੇ ਵੀ ਸਮਾਂ ਹੈ ਕਿ ਕੇਂਦਰ ਸਰਕਾਰ ਕਿਸਾਨ ਮੰਗਾਂ ਨੂੰ ਮੰਨ ਕੇ ਫਿਰਾਖਦਿਲੀ ਦਿਖਾਵੇ ਤਾਂ ਕਿ ਦੇਸ਼ ਦੀ 70 ਪ੍ਰਤੀਸ਼ਤ ਵਸੋਂ ਵਾਲੇ ਇਹ ਕਿਸਾਨ ਅਤੇ ਮਜ਼ਦੂਰ ਆਪਣੀ ਮਿਹਨਤ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਤੋਂ ਲੀਹ ’ਤੇ ਲਿਆ ਸਕਣ।ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਦੇਵਿੰਦਰ ਸਿੰਘ ਰਣੀਆ,ਸੀਰਾ ਚਕਰ,ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ,ਹਨੀ ਸੋਢੀ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ , ਕੌਂਸਲਰ ਗੁਰਮਿੰਦਰਜੀਤ ਸਿੰਘ  ਬਬਲੂ, ਕੌਂਸਲਰ ਪ੍ਰਵੀਨ ਪੀਨਾ, ਕੌਂਸਲਰ ਵਿਜੈ ਭੂਸ਼ਣ ਟੀਟੂ,ਕੌਂਸਲਰ ਨਰਿੰਦਰ ਬਾਲੀ,ਜਗਰਾਜ ਸਿੰਘ ਜੱਗਾ ਰੌਲੀ, ਦੀਪਕ ਭੱਲਾ,ਧੀਰਜ ਸ਼ਰਮਾ ਧੀਰਾ,ਗੌਰਵ ਗਰਗ ਪ੍ਰਧਾਨ ਅੱਗਰਵਾਲ ਸਭਾ ਸ਼ਹਿਰੀ ,ਕੁਲਦੀਪ ਬੱਸੀਆਂ ਪ੍ਰਧਾਨ ਗੁਰਦਵਾਰਾ ਬਾਬਾ ਨਾਮ ਦੇਵ ਜੀ , ਪ੍ਰਵੀਨ ਮੱਕੜ,ਸੁਨੀਲ ਜੋਇਲ ਭੋਲਾ,ਜਸਵਿੰਦਰ ਸਿੰਘ ਕਾਕਾ ਲੰਢੇ ਕੇ,ਵਿਜੇ ਖੁਰਾਣਾ,ਬਲਵੰਤ ਰਾਏ ਪੰਮਾ,ਭਾਨੂੰ ਪ੍ਰਤਾਪ,ਦੀਸ਼ਾ ਬਰਾੜ,ਸੁਮਨ ਕੌਸ਼ਿਕ,ਸੀਰਾ ਲੰਢੇ  ਕੇ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ