ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਵਿਖੇ ਅਮ੍ਰਿਤ ਸੰਚਾਰ 30 ਨੂੰ-ਬਾਬਾ ਗੁਰਦੀਪ ਸਿੰਘ
ਬਾਘਾ ਪੁਰਾਣਾ, 27 ਨਵੰਬਰ (ਜਸ਼ਨ)-ਇੱਥੋਂ ਥੋੜੀ ਦੂਰ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਸਮੂਹ ਸਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵਲੋਂ ਬਹੁਤ ਹੀ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਰਾਗੀ ਜਥੇ ਰਸਭਿੰਨਾ ਕੀਰਤਨ ਕਰਨਗੇ ਅਤੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗੁਰੂਆਂ ਦੇ ਸਾਜੇ ਹੋਏ ਸਤਿਕਾਰਯੋਗ ਪੰਜ ਪਿਆਰੇ ਅੰਮਿ੍ਤ ਅਭਿਲਾਸੀਆਂ ਨੂੰ ਖੰਡੇ ਬਾਟੇ ਦਾ ਅੰਮਿ੍ਤ ਛਕਾ ਕੇ ਗੁਰੂ ਵਾਲੇ ਬਣਾਉਣਗੇ । ਇਸ ਮੌਕੇ ਕਕਾਰ ਗੁਰੂ ਘਰ ਵਲੋਂ ਮੁਫਤ ਦਿੱਤੇ ਜਾਣਗੇ ਅਤੇ 20 ਕਿੱਲੋਮੀਟਰ ਦੀ ਦੂਰੀ ਤੋਂ ਆਉਣ ਵਾਲੇ ਅੰਮਿ੍ਰਤ ਅਭਿਲਾਸ਼ੀਆਂ ਨੂੰ ਕਿਰਾਇਆ ਵੀ ਦਿੱਤਾ ਜਾਵੇਗਾ। ਇਸ ਮੌਕੇ ਚਾਹ ਪਕੌੜੇ, ਮਠਿਆਈਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ । ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਜਿਹੜੇ ਪ੍ਰਾਣੀ ਗੁਰੂ ਵਾਲੇ ਬਣਨਾ ਚਾਹੁੰਦੇ ਹਨ ਉਹ ਸਵੇਰੇ 11 ਵਜੇ ਤੋਂ ਪਹਿਲਾਂ ਸਹੀਦਾਂ ਦੇ ਪਾਵਨ ਪਵਿੱਤਰ ਅਸਥਾਨ ‘ਤੇ ਪਹੁੰਚ ਜਾਣ ਅਤੇ ਕੇਸੀ ਇਸਨਾਨ ਕਰਕੇ ਆਉਣ ।