ਪੰਜਾਬ ਸਰਕਾਰ ਵਲੋਂ ਬੇਰੋਜ਼ਗਾਰ ਉੱਦਮੀਆਂ ਨੂੰ ਦਿੱਤਾ ਜਾ ਰਿਹੈ ਸੈਵ-ਰੋਜ਼ਗਾਰ ਦਾ ਸੁਨਿਹਰੀ ਮੌਕਾ: ਡਾ. ਹਰਜੋਤ ਕਮਲ

*ਬੇਰੋਜ਼ਗਾਰ ਨੌਜਵਾਨ ਮੇਰੇ ਮੋਗਾ ਦਫ਼ਤਰ ਵਿੱਚੋਂ ਲੈ ਸਕਦੇ ਨੇ ਇਸ ਸਕੀਮ ਸਬੰਧੀ ਮੁਕੰਮਲ ਜਾਣਕਾਰੀ: ਡਾ: ਹਰਜੋਤ
ਮੋਗਾ, 17 ਨਵੰਬਰ (ਜਸ਼ਨ): ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ. ਸੁੰਦਰ ਸ਼ਾਮ ਅਰੋੜਾ,ਸ਼ਹਿਰਾਂ ਅਤੇ ਪਿੰਡਾਂ ਵਿੱਚ ਆਪਣਾ ਰੋਜ਼ਗਾਰ ਸਥਾਪਿਤ ਕਰਨ ਦੇ ਚਾਹਵਾਨ ਬੇਰੋਜਗਾਰ ਵਿਅਕਤੀਆਂ ਲਈ ਸੁਨਿਹਰੀ ਮੌਕੇ ਲਿਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਦੱਸਿਆ ਕਿ ਬੇਰੋਜ਼ਗਾਰਾਂ ਨੂੰ ਵੱਧ ਤੋਂ ਵੱਧ ਸਵੈ-ਰੋਜ਼ਗਾਰ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਪੰਜਾਬ ਸਰਕਾਰ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ, ਜਿਸ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਉਦਯੋਗਿਕ ਇਕਾਈ ਸਥਾਪਿਤ ਕਰਨ ਲਈ ਇਕੱਲੇ, ਸੈਲਫ਼ ਹੈਲਪ ਗਰੁੱਪ, ਕੋਆਪਰੇਟਿਵ ਸੋਸਾਇਟੀ, ਚੈਰੀਟੇਬਲ ਟਰੱਸਟ ਜਾਂ ਸਮਿਤੀ ਬਣਾ ਕੇ 25 ਲੱਖ ਰੁਪਏ ਤੱਕ ਦਾ ਕਰਜ਼ਾ ਹਾਸਲ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰ ਵਿਅਕਤੀਆਂ ਨੂੰ ਆਪਣੇ ਪੈਰਾ ਤੇ ਖੜ੍ਹਾ ਹੋਣ ਦਾ ਇਹ ਸੁਨਿਹਰੀ ਮੌਕਾ ਪ੍ਰਾਪਤ ਹੋਇਆ ਹੈ, ਜਿਸਦਾ ਯੋਗ ਵਿਅਕਤੀਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 10 ਲੱਖ ਰੁਪਏ ਤੋਂ ਵੱਧ ਕਰਜ਼ੇ ਵਾਲੇ ਲਾਭਪਾਤਰੀਆਂ ਦਾ 8ਵੀਂ ਪਾਸ ਹੋਣਾ ਲਾਜ਼ਮੀ ਹੋਵੇਗਾ ਅਤੇ ਪੜ੍ਹੇ ਲਿਖੇ ਅਤੇ ਤਕਨੀਕੀ ਨਿਪੁੰਨ ਵਿਅਕਤੀਆਂ ਨੂੰ ਇਸ ਸਕੀਮ ਵਿੱਚ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਤੋਂ ਵੱਧ ਲਾਗਤ ਵਾਲੇ ਪ੍ਰੋਜੈਕਟ ਲਈ ਮਾਹਿਰਾਂ ਤੋਂ ਪ੍ਰੋਜੈਕਟ ਰਿਪੋਰਟ ਤਿਆਰ ਕਰਨੀ ਵੀ ਜ਼ਰੂਰੀ ਹੋਵੇਗੀ। ਡਾ. ਹਰਜੋਤ ਕਮਲ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਉਹਨਾਂ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀ ਸਾਰੀ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਵਿੱਚ ਉਪਲਬਧ ਹੈ, ਜਿਥੋਂ ਕੋਈ ਵੀ ਯੋਗ ਵਿਅਕਤੀ ਇਸ ਸਕੀਮ ਦਾ ਪੂਰਾ ਲਾਭ ਲੈ ਸਕਦਾ ਹੈ।


