ਚੇਅਰਮੈਨ ਵਿਨੋਦ ਬਾਂਸਲ ਨੇ ਮੋਗਾ ਵਾਸੀਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼
ਮੋਗਾ,14 ਨਵੰਬਰ (ਜਸ਼ਨ): 'ਦੀਵਾਲੀ ਨੂੰ ਪ੍ਰਦੂਸ਼ਣ ਅਤੇ ਸ਼ੋਰ ਸ਼ਰਾਬੇ ਵਾਲੇ ਤਿਉਹਾਰ ਵਜੋਂ ਮਨਾਉਣ ਦੀ ਬਜਾਏ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਏ ਜਾਣ ਦੀ ਲੋੜ ਹੈ ' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਅੱਜ ਦੇ ਦਿਨ ਭਗਵਾਨ ਸ਼੍ਰੀ ਰਾਮ ਜੀ ਦੀ ਆਮਦ ਮੌਕੇ ਖੁਸ਼ੀ ਵਿਚ ਖੀਵੇ ਹੋਏ ਲੋਕਾਂ ਨੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਤੇ ਹੁਣ ਸਾਨੂੰ ਵੀ ਉਸੇ ਤਰਾਂ ਰਵਾਇਤੀ ਦੀਵਾਲੀ ਮਨਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਵੱਲੋਂ ਵੀ ਪੰਜਾਬੀਆਂ ਦੀ ਚੰਗੀ ਸਿਹਤ ਨੂੰ ਮੁੱਖ ਰੱਖਦਿਆਂ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਆਰੰਭੀ ਗਈ ਸੀ ਅਤੇ ਹੁਣ ਕੈਪਟਨ ਸਾਬ੍ਹ ਦੀ ਅਗਵਾਈ 'ਚ ਸ਼ਹਿਰਾਂ ਅਤੇ ਪਿੰਡਾਂ ਨੂੰ ਸਮਾਰਟ ਬਣਾਉਣ ਮੌਕੇ ਵਾਤਾਵਰਨ ਪ੍ਰੈਜੌਕਟਾਂ 'ਤੇ ਵਿਸ਼ੇਸ਼ ਕੰਮ ਕੀਤਾ ਜਾ ਰਿਹਾ ਹੈ । ਉਹਨਾਂ ਆਖਿਆ ਕਿ ਵੱਧਦੀ ਆਬਾਦੀ ਅਤੇ ਵਾਹਨਾਂ ਦੀ ਬਹੁਤਾਤ ਨਾਲ ਵਾਤਾਵਰਣ ਬੇਹੱਦ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਜੇਕਰ ਅਸੀਂ ਸਾਰੇ ਦੀਵਾਲੀ ਮੌਕੇ ਪਟਾਕਿਆਂ 'ਚੋਂ ਨਿਕਲਣ ਵਾਲੇ ਧੂੰਏ ਨੂੰ ਗੰਭੀਰਤਾ ਨਾਲ ਲਈਏ ਤੇ ਇਸ ਨਾਲ ਮਨੁੱਖੀ ਜੀਵਨ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਖਾਸਕਰ ਬਜ਼ੁਰਗਾਂ ਅਤੇ ਨਿੱਕੇ ਬਾਲਾਂ 'ਤੇ ਹੁੰਦੇ ਅਸਰ ਨੂੰ ਵਿਚਾਰੀਏ ਤਾਂ ਸਾਨੂੰ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਘਰ-ਘਰ ਪਹੁੰਚਾਉਣਾ ਚਾਹੀਦਾ ਹੈ। ਉਹਨਾਂ ਨਵੀਂ ਪੀੜ੍ਹੀ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਂਣ ਦੀ ਤਾਕੀਦ ਕਰਦਿਆਂ ਆਪਣੀਆਂ ਸ਼ੁੱਭ ਇਛਾਵਾਂ ਵੀ ਦਿੱਤੀਆਂ ।