ਸ਼ੋ੍ਰਮਣੀ ਅਕਾਲੀ ਦਲ ਵੱਲੋਂ ਬੀ ਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ, ਚਰਨਜੀਤ ਸਿੰਘ ਝੰਡੇਆਣਾ ਬਣੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਸਾਬਕਾ ਸਰਪੰਚ ਜੋਗਿੰਦਰ ਸਿੰਘ ਕੋਟ ਸਦਰ ਖਾਂ ਹੋਣਗੇ ਜ਼ਿਲ੍ਹਾ ਪ੍ਰਧਾਨ ਦਿਹਾਤੀ

ਮੋਗਾ,13 ਨਵੰਬਰ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਵੱਲੋਂ ਬੀ ਸੀ ਵਿੰਗ ਦੇ ਐਲਾਨੇ ਨਵੇਂ ਅਹੁਦੇਦਾਰਾਂ ਵਿਚ ਮੋਗਾ ਜ਼ਿਲ੍ਹੇ ਦੇ ਪਰਵੀਂ ਸ਼ਮੂਲੀਅਤ ਦੇਖਦਿਆਂ ਅਕਾਲੀ ਖੇਮਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਐਲਾਨੇ ਨਵੇਂ ਢਾਂਚੇ ਵਿਚ ਚਰਨਜੀਤ ਸਿੰਘ ਝੰਡੇਆਣਾ ਸਾਬਕਾ ਕੌਂਸਲਰ ਨੂੰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਦਕਿ ਸਾਬਕਾ ਸਰਪੰਚ ਜੋਗਿੰਦਰ ਸਿੰਘ ਕੋਟ ਸਦਰ ਖਾਂ ਨੂੰ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਨੋਨੀਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਧਰਮਕੋਟ ਹਲਕੇ ਤੋਂ ਗੁਰਦੀਪ ਸਿੰਘ ਮਠਾੜੂ ਨੂੰ ਪੰਜਾਬ ਦੇ ਮੀਤ ਪ੍ਰਧਾਨ ਜਦਕਿ ਮੋਗਾ ਤੋਂ ਨਰਿੰਦਰਪਾਲ ਸਿੰਘ ਸਹਾਰਨ ਜਨਰਲ ਸਕੱਤਰ ਪੰਜਾਬ ਹੋਣਗੇ। ਜਗਜੀਤ ਸਿੰਘ ਜੌੜਾ ਅਤੇ ਨਗਰ ਕੌਂਸਲ ਧਰਮਕੋਟ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਮੰਜਰ ਜਥੇਬੰਦਕ ਸਕੱਤਰ ਹੋਣਗੇ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ ਨੇ ਆਖਿਆ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਦੀ ਹਾਈ ਕਮਾਂਡ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੇ ਵਕਾਰੀ ਅਹੁਦੇ ਦੀ ਵਾਗਡੋਰ ਸੌਂਪੀ ਹੈ । ਝੰਡੇਆਣਾ ਨੇ ਆਖਿਆ ਕਿ ਉਹ ਪਹਿਲਾਂ ਦੀ ਤਰਾਂ ਹੀ ਸ਼ੋ੍ਰਮਣੀ ਅਕਾਲੀ ਦਲ ਦੀ ਮਜਬੂਤੀ ਲਈ ਦਿ੍ਰੜ ਸੰਕਲਪ ਹੋ ਕੇ ਕੰਮ ਕਰਨਗੇ ਤਾਂ ਕਿ 2022 ਦੀਆਂ ਚੋਣਾਂ ਵਿਚ ਪੰਜਾਬ ਵਿਚ ਮੁੜ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ ਅਤੇ ਪਾਰਟੀ ਦੀਆਂ ਰਵਾਇਤਾਂ ਮੁਤਾਬਕ ਰਾਜ ਨਹੀਂ ਸੇਵਾ ਦੇ ਫਲਸਫ਼ੇ ’ਤੇ ਚੱਲਦਿਆਂ ਲੋਕਾਂ ਦੀ ਸੇਵਾ ਕੀਤੀ ਜਾ ਸਕੇ।