ਬਲਬੀਰ ਸਿੱਧੂ ਨੇ 107 ਸਪੈਸ਼ਲਿਸਟ ਡਾਕਟਰਾਂ ਸਮੇਤ 482 ਮੈਡੀਕਲ ਅਧਿਕਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
*ਮੁੱਖ ਮੰਤਰੀ ਨੇ ਕਿਹਾ, ਭਰਤੀ ਨਾਲ ਕੋਵਿਡ ਵਿਰੁੱਧ ਪੰਜਾਬ ਦੀ ਲੜਾਈ ਨੂੰ ਮਿਲੇਗੀ ਮਜ਼ਬੂਤੀ
ਚੰਡੀਗੜ, 10 ਨਵੰਬਰ):(ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ 107 ਮਾਹਰ ਡਾਕਟਰਾਂ ਸਮੇਤ 482 ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਨੁਸਾਰ ਇਸ ਕਦਮ ਨਾਲ ਕੋਵਿਡ ਮਹਾਂਮਾਰੀ ਦੌਰਾਨ ਸੂਬੇ ਦੇ ਸਿਹਤ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ।107 ਮਾਹਰ ਡਾਕਟਰਾਂ, ਜਿਨਾਂ ਨੂੰ ਜ਼ਿਲਾ ਹਸਪਤਾਲਾਂ ਅਤੇ ਸਬ-ਡਵੀਜ਼ਨਲ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਲਗਾਏ ਜਾਣ ਦੀ ਸੰਭਾਵਨਾ ਹੈ, ਵਿੱਚ 19 ਈ.ਐਨ.ਟੀ., 32 ਪੈਥੋਲੋਜਿਸਟ, 7 ਮੈਡੀਸਨ, 18 ਅੱਖਾਂ ਦੇ ਮਾਹਰ, 4 ਮਨੋਰੋਗ ਮਾਹਰ, 11 ਚਮੜੀ ਅਤੇ 16 ਓਰਥੋ ਮਾਹਰ ਭਰਤੀ ਕੀਤੇ ਗਏ ਹਨ। ਇਸ ਤੋਂ ਇਲਾਵਾ, ਐਮਰਜੈਂਸੀ ਸੇਵਾਵਾਂ ਦੀ ਘਾਟ ਨੂੰ ਦੂਰ ਕਰਨ ਲਈ 375 ਨਵੇਂ ਮੈਡੀਕਲ ਅਧਿਕਾਰੀ (ਜਨਰਲ) ਭਰਤੀ ਕੀਤੇ ਗਏ ਹਨ। ਇਹ ਕਦਮ, ਜਿਸ ਨਾਲ ਕੋਵਿਡ ਵਿਰੁੱਧ ਪੰਜਾਬ ਦੀ ਲੜਾਈ ਨੂੰ ਮਜ਼ਬੂਤੀ ਮਿਲੇਗੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ‘ਘਰ ਘਰ ਰੋਜ਼ਗਾਰ’ ਯੋਜਨਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਸਬੰਧੀ ਰਾਜ ਸਰਕਾਰ ਦੇ ਰਣਨੀਤਕ ਕਦਮਾਂ ਦਾ ਇਕ ਹਿੱਸਾ ਹੈ। ਇਸ ਫਲੈਗਸ਼ਿਪ ਸਕੀਮ ਤਹਿਤ ਸਿਹਤ ਵਿਭਾਗ ਨੇ ਸਾਲ 2017 ਤੋਂ ਲੈ ਕੇ 2019 ਤੱਕ ਕੁੱਲ 7000 ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਸੀ, ਜਦੋਂ ਕਿ ਹੋਰ 3940 ਅਸਾਮੀਆਂ ‘ਤੇ ਭਰਤੀ ਪ੍ਰਕਿਰਿਆ ਅਧੀਨ ਹੈ।ਮੁੱਖ ਮੰਤਰੀ ਨੇ ਬਾਅਦ ਵਿਚ ਇਕ ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ਵਿਚ ਕਿਹਾ ਕਿ ਇਹ ਉਮੀਦ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਨਵੇਂ ਭਰਤੀ ਕੀਤੇ ਕਰਮਚਾਰੀ ਜਲਦ ਹੀ ਜੁਆਇਨ ਕਰਕੇ ਕੋਵਿਡ ਰਿਸਪਾਂਸ ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਉਨਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਆਪਣੀ ਭਰਤੀ ਪ੍ਰਕਿਰਿਆ ਅਤੇ ਟੈਕਨੀਸ਼ੀਅਨਜ਼ ਲਈ ਰੈਗੂਲਰ ਭਰਤੀ ਦੀ ਯੋਜਨਾ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ।ਇਸ ਤੋਂ ਪਹਿਲਾਂ ਆਪਣੀ ਰਿਹਾਇਸ਼ ਵਿਖੇ ਸਿਹਤ ਮੰਤਰੀ ਨੇ ਨਵੇਂ ਭਰਤੀ ਕੀਤੇ ਮੈਡੀਕਲ ਅਫਸਰਾਂ (ਜਨਰਲ) ਅਤੇ ਮਾਹਰ ਡਾਕਟਰਾਂ ਨੂੰ ਆਪਣੀ ਡਿਊਟੀ ਵਚਨਬੱਧਤਾ ਅਤੇ ਤਨਦੇਹੀ ਨਾਲ ਨਿਭਾਉਣ ਅਤੇ ਜ਼ਿੰਮੇਵਾਰੀ ਨਾਲ ਕੋਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਸੂਬੇ ਦੀਆਂ ਕੋਸ਼ਿਸ਼ਾਂ ਵਿਚ ਸਹਿਯੋਗ ਦੇਣ ਦੀ ਸਹੁੰ ਚੁਕਾਈ। ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਸਾਰੇ ਮਰੀਜ਼ਾਂ ਦਾ ਬਿਨਾਂ ਕਿਸੇ ਪੱਖਪਾਤ ਦੇ ਇਲਾਜ ਕਰਨ ਦੀ ਅਪੀਲ ਕਰਦਿਆਂ, ਉਨਾਂ ਉਮੀਦ ਜ਼ਾਹਰ ਕੀਤੀ ਕਿ ਉਕਤ ਕਰਮਚਾਰੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ ਅਤੇ ਕੋਵਿਡ ਕਰਕੇ ਬਣੀ ਸਥਿਤੀ ਵਿੱਚ ਅੱਗੇ ਹੋਰ ਸੁਧਾਰ ਲਈ ਆਪਣਾ ਯੋਗਦਾਨ ਪਾਉਣਗੇ ਜੋ ਇਸ ਸਮੇਂ ਪੰਜਾਬ ਵਿੱਚ ਕੰਟਰੋਲ ਹੇਠ ਹੈ। ਉਨਾਂ ਇਹ ਵੀ ਉਮੀਦ ਕੀਤੀ ਕਿ ਉਕਤ ਕਰਮਚਾਰੀ ਸੂਬੇ ਵਿੱਚ ਸਮੁੱਚੀਆਂ ਸਿਹਤ ਸੇਵਾਵਾਂ ਨੂੰ ਹੁਲਾਰਾ ਦੇਣ ਵਿੱਚ ਵੀ ਸਹਾਇਤਾ ਪ੍ਰਦਾਨ ਕਰਨਗੇ।ਸਿਹਤ ਮੰਤਰੀ ਅੱਗੇ ਕਿਹਾ ਕਿ ਸਿਹਤ ਕਰਮਚਾਰੀ ਮਹਾਂਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਮਾਰਚ 2020 ਤੋਂ ਅਣਥੱਕ ਮਿਹਨਤ ਕਰ ਰਹੇ ਹਨ। ਉਨਾਂ ਕਿਹਾ ਕਿ ਇਨਾਂ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਕੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਹਨ ਅਤੇ ਕਿਹਾ ਕਿ ਸੂਬਾ ਸਰਕਾਰ ਆਪਣੇ ਪੱਧਰ ’ਤੇ ਇਨਾਂ ਕੋਵਿਡ ਯੋਧਿਆਂ ਦੀ ਹਰ ਸੰਭਵ ਢੰਗ ਨਾਲ ਸਹਾਇਤਾ ਕਰ ਰਹੀ ਹੈ। ਉਨਾਂ ਕਿਹਾ ਕਿ ਕੋਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਿਹਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਲਈ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੋਂ ਇਲਾਵਾ ਉਨਾਂ ਦੀ ਸਹਾਇਤਾ ਲਈ ਹੋਰ ਕਈ ਕਦਮ ਉਠਾਏ ਗਏ ਹਨ।ਨਵੇਂ ਨਿਯੁਕਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦਿੰਦਿਆਂ ਡਾਇਰੈਕਟਰ ਸਿਹਤ ਸੇਵਾਵਾਂ ਡਾ. ਮਨਜੀਤ ਸਿੰਘ ਨੇ ਉਨਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਅਤੇ ਮਰੀਜ਼ਾਂ ਦਾ ਵਧੀਆ ਢੰਗ ਨਾਲ ਇਲਾਜ ਕਰਨ ਲਈ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਮੰਤਰੀ ਦੇ ਓ.ਐਸ.ਡੀ. ਡਾ. ਬਲਵਿੰਦਰ ਸਿੰਘ ਅਤੇ ਡਾਇਰੈਕਟਰ ਸਹਿਕਾਰੀ ਬੈਂਕ ਮੁਹਾਲੀ ਸ੍ਰੀ ਹਰਕੇਸ਼ ਚੰਦ ਸ਼ਰਮਾ ਵੀ ਹਾਜ਼ਰ ਸਨ।