ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਮੋਗਾ ਦੇ ਲੋੜਵੰਦ ਪਰਿਵਾਰਾਂ ਦੇ ਘਰ ਤਾਮੀਰ ਕਰਨ ਲਈ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕਮਲ ਨੇ ਰਾਸ਼ੀ ਕੀਤੀ ਜਾਰੀ

ਮੋਗਾ,7 ਨਵੰਬਰ (ਜਸ਼ਨ) : ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ) ਤਹਿਤ ਅੱਜ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕਮਲ ਨੇ ਲਾਭਪਾਤਰੀਆਂ ਨੂੰ ਲੋੜੀਂਦੀਆਂ ਕਿਸ਼ਤਾਂ ਜਾਰੀ ਕੀਤੀਆਂ ਤਾਂ ਕਿ ਉਹ ਆਪੋ ਆਪਣੇ ਮਕਾਨਾਂ ਦੀ ਉਸਾਰੀ ਮੁਕੰਮਲ ਕਰਵਾ ਸਕਣ । ਇਸ ਮੌਕੇ ਡਾ: ਰਜਿੰਦਰ ਕਮਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲੋੜਵੰਦਾਂ ਨੂੰ ਨਵੇਂ ਮਕਾਨ ਬਣਾਉਣ ਜਾਂ ਫਿਰ ਆਪਣੇ ਘਰਾਂ ਵਿਚ ਰਸੋਈ ਜਾਂ ਪਖਾਨਾ ਆਦਿ ਤਿਆਰ ਕਰਨ ਲਈ ਰਾਸ਼ੀ ਦਿੱਤੀ ਜਾ ਰਹੀ ਸੀ ਜਿਸ ਲਈ 2 ਕਰੋੜ ਰੁਪਏ ਪ੍ਰਾਪਤ ਹੋਏ ਸਨ ਪਰ ਕੋਰੋਨਾ ਕਾਰਨ ਇਹ ਕੰਮ ਰੁੱਕ ਗਿਆ ਸੀ ਪਰ ਹੁਣ ਵਿਧਾਇਕ ਡਾ: ਹਰਜੋਤ ਕਮਲ ਦੇ ਯੋਗ ਯਤਨਾਂ ਸਦਕਾ 1.25 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਗਈ ਹੈ ਅਤੇ ਅੱਜ 65 ਲਾਭਪਾਤਰੀਆਂ ਨੂੰ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਹਨ ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਸ ਯੋਜਨਾ ਦੇ ਪਹਿਲੇ ਅਤੇ ਦੂਸਰੇ ਸਰਵੇ ਅਧੀਨ ਕੁੱਲ 989 ਕੇਸ ਪ੍ਰਵਾਨ ਹੋਏ ਸਨ, ਜਿੰਨ੍ਹਾ ਵਿਚੋ 199 (ਉਸਾਰੀ ਵਾਧਾ ) ਕੇਸ ਅਤੇ 790 ( ਨਵੀਂ ਉਸਾਰੀ ) ਦੇ  ਕੇਸ ਹਨ। ਨਗਰ ਨਿਗਮ ਮੋਗਾ ਨੂੰ ਇਸ ਸਕੀਮ ਤਹਿਤ ਅੱਜ ਤੱਕ 339.61 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ। ਨਗਰ ਨਿਗਮ ਮੋਗਾ ਵਲੋ ਅਕਤੂਬਰ ਮਹੀਨੇ ਦੌਰਾਨ ਲਾਂਭਪਾਤਰੀਆਂ ਵੱਲੋਂ ਦਿੱਤੀਆਂ 112 ਫਾਇਲਾਂ ਜਿੰਨ੍ਹਾ ਵਲੋ ਆਪਣੇ ਘਰਾਂ ਦੀ ਉਸਾਰੀ ਸੁਰੂ ਕੀਤੀ ਹੋਈ ਹੈ, ਨੂੰ ਤਕਰੀਬਨ 55.42 ਲੱਖ ਰੁਪਏ ਦੀ ਅਦਾਇਗੀ ਲਾਭਪਾਤਰੀਆ ਨੂੰ ਕੀਤੀ ਗਈ ਹੈ। ਨਗਰ ਨਿਗਮ ਮੋਗਾ ਵਲੋ ਅੱਜ ਤੱਕ ਇਹਨਾ ਉਕਤ ਲਾਭਪਾਤਰੀਆਂ ਵਿਚੋ 338 ਲਾਭਪਾਤਰੀਆਂ ਨੂੰ ਗਰਾਂਟ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ ਅਤੇ 223 ਕੇਸਾਂ ਨੂੰ ਗਰਾਂਟ ਦੀ ਦੂੁਸਰੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ ਅਤੇ 71 ਕੇਸਾਂ ਨੂੰ ਗਰਾਂਟ ਦੀ ਤੀਸਰੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਮੈਡਮ ਅਨੀਤਾ ਦਰਸ਼ੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਹਿਰੀ ਅਵਾਸ ਯੋਜਨਾ ਦੇ ਬਿਨੈਕਾਰਾਂ ਨੂੰ ਵੱਧ ਤੋ ਵੱਧ ਲਾਭ ਪਹੁੰਚਾਉਣ ਦੇ ਮੰਤਵ ਨਾਲ 23 ਅਕਤੂਬਰ 2020 ਨੂੰ ਮਾਣਯੋਗ ਮੰਤਰੀ ਸਥਾਨਕ ਸਰਕਾਰ ਜੀ ਵਲੋ ਇੱਕ ਵੈਬ ਪੋਰਟਲ ਦੀ ਸੁਰੂਆਤ ਕੀਤੀ ਗਈ ਹੈ, ਜਿਸ ਨਾਲ ਪੰਜਾਬ ਸ਼ਹਿਰੀ ਅਵਾਸ ਯੋਜਨਾ ਤਹਿਤ ਮਕਾਨਾਂ ਦੀ ਉਸਾਰੀ ਲਈ ਵਿੱਤੀ ਸਹਾਇਤਾ ਲਈ ਅਰਜ਼ੀਆਂ ਦਿੱਤੀਆਂ ਜਾਣਗੀਆਂ, ਜਿਸ ਦਾ ਲਿੰਕ pmidcprojects.punjab.gov.in/pmay  ਹੈ। ਇਹ ਵੈਬ ਪੋਰਟਲ ਪੰਜਾਬੀ ਅਤੇ ਅੰਗਰੇਜੀ ਦੋਨਾਂ ਭਾਸ਼ਾਵਾਂ ਵਿਚ ਉਪਲਬਧ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਲੈਣ ਲਈ ਇਸ ਪੋਰਟਲ ਦੀ ਵਰਤੋਂ ਕੀਤੀ ਜਾਵੇ ਅਤੇ ਕਿਸੇ ਕਿਸਮ ਦੀ ਸਹਾਇਤਾ ਜਾਂ ਪੁੱਛਗਿੱਛ ਲਈ ਦਫਤਰ ਨਗਰ ਨਿਗਮ ਮੋਗਾ ਦੀ ਲਾਇਬ੍ਰੇਰੀ ਸ਼ਾਖਾ ਵਿਚ ਸ੍ਰੀ ਅਮਿਤ ਪਾਲ ਸਿੰਘ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਤੀਸਰੇ ਸਰਵੇ ਅਧੀਨ ਜੋ ਕਿ ਅਜੇ ਚੱਲ ਰਿਹਾ ਹੈ ਇਸ ਦਫਤਰ ਪਾਸ ਕੁੱਲ 1049 ਫਾਇਲਾਂ ਪ੍ਰਾਪਤ ਹੋਈਆਂ ਹਨ ਅਤੇ ਇਹਨਾਂ ਵਿਚੋ 767 ਫਾਇਲਾਂ ਦਸਤਾਵੇਜ਼ ਚੈੱਕ ਕਰਨ ਉਪਰੰਤ ਆਨਲਾਇਨ ਪੋਰਟਲ ਤੇ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ। ਬਾਕੀ ਦੀਆਂ ਫਾਇਲਾਂ ਵਿਚ ਦਸਤਾਵੇਜ਼ਾਂ ਦੀ ਕਮੀ ਹੋਣ ਕਾਰਨ ਲਾਭਪਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਦੀ ਕਾਪੀ, ਰਜਿਸਟਰੀ ਜਾਂ ਜਮ੍ਹਾਬੰਦੀ ਦੀ ਕਾਪੀ ਲਾਇਬ੍ਰੇਰੀ ਸ਼ਾਖਾ ਵਿਚ ਜਮ੍ਹਾ ਕਰਵਾਉਣ ਤਾਂ ਜੋ ਇਹਨਾਂ ਫਾਇਲਾਂ ਨੂੰ ਵੀ ਪੋਰਟਲ ਤੇ ਅਪਲੋਡ ਕੀਤਾ ਜਾ ਸਕੇ।