ਕਰੋਨਾ ਕਾਰਨ ਮੋਗਾ ਦੇ ਡਾਕਟਰ ਦੀ ਮੌਤ, ਚਮੜੀ ਰੋਗਾਂ ਦੇ ਮਾਹਰ ਡਾ: ਵਿਜੇ ਗੋਇਲ ਗੁੜਗਾਉਂ ਵਿਖੇ ਹਸਪਤਾਲ ‘ਚ ਸਨ ਦਾਖਲ

Tags: 

ਮੋਗਾ,2 ਨਵੰਬਰ (ਜਸ਼ਨ): ਕਰੋਨਾ ਦੇ ਕਹਿਰ ਦੇ ਚੱਲਦਿਆਂ ਮੋਗਾ ਦੇ ਚਮੜੀ ਰੋਗਾਂ ਦੇ ਮਾਹਰ ਡਾਕਟਰ ਵਿਜੇ ਗੋਇਲ ਦੀ ਕਰੋਨਾ ਦੀ ਜ਼ੱਦ ਵਿਚ ਆਉਣ ਕਾਰਨ ਮੌਤ ਹੋ ਗਈ । ਉਹ ਦਿੱਲੀ ਦੇ ਹਸਪਤਾਲ ਵਿਚ ਜ਼ੇਰੇ ਇਲਾਜ਼ ਸਨ ਅਤੇ ਉਹਨਾਂ ਦੀ ਮੌਤ 31 ਅਕਤੂਬਰ ਨੂੰ ਹੋਈ ਸੀ ਪਰ ਕਰੋਨਾ ਤੋਂ ਪੀੜਤ ਹੋਣ ਦੀ ਰਿਪੋਰਟ ਅੱਜ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪ੍ਰਾਪਤ ਹੋਈ ਹੈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਡਾ: ਵਿਜੇ ਗੋਇਲ ਦਿੱਲੀ ਦੇ ਮੇਦਾਂਤਾਂ ਹਸਪਤਾਲ ਵਿਚ ਦਾਖਲ ਸਨ ਜਦੋਂ ਉਹਨਾਂ ਆਖਰੀ ਸਾਹ ਲਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਕਿਸੇ ਹਸਪਤਾਲ ਵਿਚ ਭਰਤੀ ਸਨ ਅਤੇ ਬਾਅਦ ਵਿਚ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਦਿੱਲੀ ਦੇ ਮੇਦਾਂਤਾਂ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਡਾ: ਵਿਜੇ ਗੋਇਲ ਦਾ ਸਸਕਾਰ ਐਤਵਾਰ ਨੂੰ ਦਿੱਲੀ ਵਿਖੇ ਹੀ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਡਾ: ਵਿਜੇ ਗੋਇਲ ਚਮੜੀ ਰੋਗਾਂ ਦੇ ਮਾਹਰ ਸਨ ਅਤੇ ਮੋਗਾ ਦੇ ਆਸ ਪਾਸ ਦੇ ਲੋਕ ਉਹਨਾਂ ਦੀਆਂ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਹਨਾਂ ਦੀ ਕਰੋਨਾ ਪਾਜ਼ਿਟਿਵ ਆਉਣ ਉਪਰੰਤ ਹੋਈ ਮੌਤ ਦੀ ਖਬਰ ਨਾਲ ਸਮੁੱਚੇ ਮੋਗੇ ਜ਼ਿਲ੍ਹੇ ਵਿਚ ਕਰੋਨਾ ਸੰਕਰਮਣ ਦਾ ਖੌਫ਼ ਪੈਦਾ ਹੋ ਗਿਆ ਹੈ।                           ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਡਾ: ਵਿਜੇ ਗੋਇਲ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਇਕ ਡਾਕਟਰ ਦੀ ਜ਼ਿੰਦਗੀ ਮਰੀਜ਼ਾਂ ਦੀ ਸੇਵਾ ਲਈ ਸਮਰਪਿਤ ਹੰੁਦੀ ਹੈ ਪਰ ਕਰੋਨਾ ਮਹਾਂਮਾਰੀ ਅਜਿਹੀ ਭਿਆਨਕ ਬੀਮਾਰੀ ਹੈ ਜਿਸ ਨੇ ਮਰੀਜ਼ਾਂ ਦੀ ਸੇਵਾ ਕਰਦਿਆਂ ਹੀ ਇਕ ਡਾਕਟਰ ਦੀ ਜਾਨ ਲੈ ਲਈ । ਉਹਨਾਂ ਆਖਿਆ ਕਿ ਡਾ: ਗੋਇਲ ਦੀ ਬੇਟੀ ਮੋਗਾ  ਦੇ  ਸਰਕਾਰੀ  ਹਸਪਤਾਲ  ਚ  ਗਾਇਨੀਕੋਲੋਜਿਸਟ ਡਾ: ਨਿਹਾਰਕਾ ਗੋਇਲ ਅਤੇ ਸਮੁੱਚੇ ਪਰਿਵਾਰ ਨਾਲ ਉਹਨਾਂ ਦੀ ਦਿਲੀ ਹਮਦਰਦੀ ਹੈ ਅਤੇ ਉਹ ਹਰ ਤਰਾਂ ਨਾਲ ਪਰਿਵਾਰ ਦੇ  ਨਾਲ  ਹਨ । ਡਾ: ਹਰਜੋਤ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਬੇਸ਼ੱਕ ਡਾ: ਗੋਇਲ ਦੀ ਮੌਤ ਬੇਹੱਦ ਦੁੱਖਦਾਈ ਹੈ ਪਰ ਉਹ ਮੋਗਾ ਵਾਸੀਆਂ ਨੂੰ ਮੁੜ ਤੋਂ ਚੇਤੰਨ ਕਰਨਾ ਚਾਹੁੰਦੇ ਨੇ ਕਿ ਕਰੋਨਾ ਹਾਲੇ ਖਤਮ ਨਹੀਂ ਹੋਇਆ ਇਸ ਕਰਕੇ ਹਰ ਸ਼ਖਸ ਮਾਸਕ ਪਹਿਨੇ, ਹੱਥਾਂ ਨੂੰ ਸੈਨੇਟਾਈਜ਼ ਕਰੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੇ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ