ਕੇਂਦਰ ਦੀ ਤਾਨਾਸ਼ਾਹ ਸਰਕਾਰ ਨੇ ਪਰਾਲੀ ਨੂੰ ਅੱਗ ਲਗਾਉਣ ਵਾਲਾ ਨਵਾਂ ਆਰਡੀਨੈਂਸ ਜਾਰੀ ਕਰਕੇ ਕਿਸਾਨੀ ’ਤੇ ਕੀਤਾ ਇਕ ਹੋਰ ਹਮਲਾ: ਵਿਧਾਇਕ ਡਾ: ਹਰਜੋਤ ਕਮਲ

ਮੋਗਾ,30 ਅਕਤੂਬਰ (ਜਸ਼ਨ) :ਕੇਂਦਰ ਸਰਕਾਰ ਵੱਲੋਂ ਹਵਾ ਦੀ ਗੁਣਵੱਤਾ ਦੇ ਪ੍ਰਬੰਧਨ ਬਾਰੇ ਕਮਿਸ਼ਨਰ ਲਈ ਆਰਡੀਨੈਂਸ ਜਾਰੀ ਕਰਨ ’ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਕਰੋੜ ਰੁਪਏ ਜ਼ੁਰਮਾਨੇ ਅਤੇ 5 ਸਾਲ ਦੀ ਕੈਦ ਦੀ ਵਿਵਸਥਾ ਕਾਇਮ ਕਰਕੇ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਪੈਟਰਨ ਤੇ ਕੰਮ ਕਰ ਰਹੀ ਹੈ ਕਿਉਂਕਿ ਲੱਖਾਂ ਦੀ ਜਮੀਨ ਦਾ ਮਾਲਕ ਕਿਸਾਨ ਜਦ ਕਰੋੜਾਂ ਰੁਪਏ ਤਾਰਨ ਤੋਂ ਅਸਮਰੱਥ ਹੋਇਆ ਤਾਂ ਸਰਕਾਰ ਅਜਿਹੇ ਕਿਸਾਨਾਂ ਦੀ ਕੁਰਕੀ ਕਰਨ ਲਈ ਕਾਨੂੰਨੀ ਤੌਰ ਤੇ ਸਮਰੱਥ ਹੋਵੇਗੀ। ਉਹਨਾਂ ਕਿਹਾ ਕਿ ਹੋਰ ਤਾਂ ਹੋਰ ਸਰਕਾਰ ਵੱਲੋਂ 5 ਸਾਲ ਦੀ ਕੈਦ ਕਿਸੇ ਵੀ ਤਰਾਂ ਉਚਿਤ ਨਹੀਂ ਅਤੇ ਇਸ ਤਰਾਂ ਕੇਂਦਰ ਸਰਕਾਰ ਲਗਾਤਾਰ ਕਿਸਾਨ ਵਿਰੋਧੀ ਫਰਮਾਨ ਜਾਰੀ ਕਰਕੇ ਦੇਸ਼ ਦੇ ਅੰਨਦਾਤੇ ਦਾ ਲੱਕ ਤੋੜਨ ’ਤੇ ਉਤਾਰੂ ਹੈ । ਵਿਧਾਇਕ ਨੇ ਆਖਿਆ ਕਿ ਕੇਂਦਰ ਸਰਕਾਰ ਹਿਟਲਰ, ਸਦਾਮ ਹੁਸੈਨ ਅਤੇ ਗਦਾਫ਼ੀ ਵਰਗੇ ਤਾਨਾਸ਼ਾਹਾਂ ਦੇ ਰਾਹ ’ਤੇ ਤੁਰ ਰਹੀ ਹੈ । ਉਹਨਾਂ ਕਿਹਾ ਕਿ ਕੇਂਦਰ ਦੀ ਸੂਬਿਆਂ ਦੇ ਨਾਲ ਖਾਸਕਰ ਕਿਰਤੀਆਂ ਨਾਲ ਟੱਕਰ ਦਿਨੋਂ ਦਿਨ ਵੱਧ ਰਹੀ ਹੈ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕੇਂਦਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ’ਤੇ ਕਿਸਾਨਾਂ ਦੇ ਸਿਰ ਮੜ੍ਹੇ ਜਾਣ ਵਾਲਾ ਕਰੋੜ ਰੁਪਏ ਦਾ ਜ਼ੁਰਮਾਨਾ ਅਤੇ 5 ਸਾਲ ਦੀ ਕੈਦ ਦੇ ਕਾਲੇ ਫਰਮਾਨ ਨੇ ਸਿੱਧ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਦੀ ਮਾੜੀ ਨਜ਼ਰ ਹੁਣ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਪੈ ਗਈ ਹੈ । ਉਹਨਾਂ ਕਿਹਾ ਕਿ ਜੇ ਕਿਸਾਨ ਕੋਲ ਕਰੋੜ ਰੁਪਇਆ ਹੋਵੇ ਤਾਂ ਉਹ ਖੁਦਕੁਸ਼ੀਆਂ ਕਿਉਂ ਕਰਨ, ਪਰ ਮੋਦੀ ਨੂੰ ਪਤਾ ਹੈ ਕਿ ਜ਼ੁਰਮਾਨੇ ਦੀ ਰਕਮ ਕਿਸਾਨਾਂ ਕੋਲੋਂ ਭਰੀ ਨਹੀਂ ਜਾਣੀ ਅਤੇ ਉਹਨਾਂ ਦੀ ਜ਼ਮੀਨ ’ਤੇ ਅਸਿੱਧੇ ਤੌਰ ’ਤੇ ਪੂੰਜੀਪਤੀਆਂ ਦਾ ਕਬਜ਼ਾ ਹੋ ਜਾਣੈ।  ਵਿਧਾਇਕ ਡਾ: ਹਰਜੋਤ ਕਮਲ ਨੇ ਕਿਹਾ ਕਿ ਕੇਂਦਰ ਸਰਕਾਰ ਪੈਰ ਪੈਰ ’ਤੇ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀ ਹੈ । ਉਹਨਾਂ ਕਿਹਾ ਕਿ ਗ੍ਰਾਮੀਣ ਵਿਕਾਸ ਫੰਡ ਰੋਕਣਾ,  ਸਾਰੇ ਸੂਬਿਆਂ ਨੂੰ ਕਰੋੜਾਂ ਰੁਪਏ ਦੀ ਵੈਟ ਦੀ ਰਕਮ ਦੇਣ ਮੌਕੇ ਪੰਜਾਬ ਨੂੰ ਅੱਖੋਂ ਪਰੋਖੇ ਕਰਨਾ ਅਤੇ ਮਾਲਗੱਡੀਆਂ ’ਤੇ ਰੋਕ ਲਗਾ ਕੇ ਕੇਂਦਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਰਮਾਤਮਾ ਕਿਸੇ ਬੰਦੇ ਦੇ ਹੱਥ ਕਲਮ ਦੇ ਦੇਵੇ ਤਾਂ ਉਸ ਦਾ ਸਦਉਪਯੋਗ ਲੋਕ ਭਲਾਈ ਲਈ ਕਰਨਾ ਚਾਹੀਦਾ ਹੈ ਨਾ ਕਿ ਤਾਨਾਸ਼ਾਹ ਬਨਣ ਲਈ ਪਰ ਅਫਸੋਸ ਕੇਂਦਰ ਦਾ ਰਵਈਆ ਲਗਾਤਾਰ ਤਾਨਾਸ਼ਾਹਾਂ ਵਾਲਾ ਬਣਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਸਭ ਤੋਂ ਤਾਕਤਵਰ ਹੰੁਦੀ ਹੈ ਅਤੇ ਉਸ ਨੂੰ ਸਾਰੇ ਸੂਬਿਆਂ ਨੂੰ ਨਾਲ ਲੈ ਕੇ ਕਾਰਜ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਲੋਕਾਂ ਨੂੰ ਅੱਜ ਵੀ ਕੇਂਦਰ ‘ਚ ਮਨਮੋਹਣ ਸਿੰਘ ਦੀ ਸਰਕਾਰ ਦਾ ਸਮਾਂ ਯਾਦ ਹੈ ਜਦੋਂ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਉਸ ਸਮੇਂ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਕੇਂਦਰ ਕੋਲ ਫੰਡ ਲੈਣ ਜਾਂਦੇ ਸਨ ਤਾਂ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਬਿਨਾ ਭੇਦ ਭਾਵ ਤੋਂ ਪੰਜਾਬ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਰਿਲੀਜ਼ ਕਰ ਦਿੰਦੇ ਸਨ। ਵਿਧਾਇਕ ਨੇ ਆਖਿਆ ਕਿ ਮਨਮੋਹਣ ਸਿੰਘ ਉੱਘੇ ਅਰਥਸ਼ਾਸਤਰੀ ਹੋਣ ਦੇ ਨਾਲ ਨਾਲ ਦੂਰਅੰਦੇਸ਼ ਸਖਸ਼ੀਅਤ ਦੇ ਮਾਲਕ ਸਨ ਜਿਹਨਾਂ ਕਦੇ ਵੀ ਕਿਸੇ ਰਾਜ ਨਾਲ ਪੱਖਪਾਤ ਨਹੀਂ ਕੀਤਾ। ਡਾ: ਹਰਜੋਤ ਕਮਲ ਨੇ ਆਖਿਆ ਕਿ ਪੰਜਾਬ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਕੇਂਦਰ ਨੂੰ ਸਾਰੇ ਰਾਜਾਂ ਦੇ ਵਿਕਾਸ ਲਈ ਇਕੋ ਜਿਹਾ ਵਰਤਾਰਾ ਕਰਨਾ ਚਾਹੀਦਾ ਹੈ ਨਾ ਕਿ ਇਕੱਲੇ ਇਕੱਲੇ ਰਾਜ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚਣੀਆਂ ਚਾਹੀਦੀਆਂ ਹਨ । ਉਹਨਾਂ ਕਿਹਾ ਕਿ ਮੋਦੀ ਸਰਕਾਰ ਕਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ ਕਰਦਿਆਂ ਸਰਕਾਰਾਂ ਡੇਗਣ ਦੀ ਗੰਦਲੀ ਰਾਜਨੀਤੀ ਕਰਦੀ ਹੈ ਤੇ ਕਦੇ ਕਾਲੇ ਖੇਤੀ ਕਾਨੂੰਨਾਂ ਨੂੰ ਧੱਕੇ ਨਾਲ ਲਾਗੂ ਕਰਵਾਉਣ ਲਈ ਤਰਾਂ ਤਰਾਂ ਦੀਆਂ ਪਾਬੰਧੀਆਂ ਲਗਾਉਂਦੀ ਹੈ ਪਰ ਅੱਗ ਦਾ ਅਤੇ ਅੱਤ ਦਾ ਵੈਰ ਹੰੁਦਾ ਹੈ ਇਸ ਕਰਕੇ ਜੇ ਕੇਂਦਰ ਦਾ ਰਾਜਾਂ ਪ੍ਰਤੀ ਅਜਿਹਾ ਵਰਤਾਰਾ ਰਿਹਾ ਤਾਂ ਉਹ ਦਿਨ ਦੂੂਰ ਨਹੀਂ ਜਦੋਂ ਇਹ ਆਪਣੇ ਭਾਰ ਨਾਲ ਆਪ ਹੀ ਡਿੱਗ ਜਾਵੇਗੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ