ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਹਲਕੇ ਦੀਆਂ ਸਮੂਹ ਪੰਚਾਇਤਾਂ, ਗਰਾਮ ਸਭਾਵਾਂ ਅਤੇ ਵਰਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਕੀਤੀ ਅਪੀਲ
******************ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ 10 ਹਜ਼ਾਰ ਕਿਸਾਨਾਂ ਦੇ ਹਸਤਾਖਰ ਕਰਵਾ ਕੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ: ਵਿਧਾਇਕ ਡਾ: ਹਰਜੋਤ ਕਮਲ***************
ਮੋਗਾ , 27 ਅਕਤੂਬਰ (ਜਸ਼ਨ) : ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੂੰ ਭਾਵੇਂ ਬੀਤੀ ਸ਼ਾਮ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਚੂਲੇ ਦੇ ਇਲਾਜ ਲਈ ਉਹਨਾਂ ਨੂੰ ਹਾਲੇ ਕੁਝ ਦਿਨ ਬੈੱਡ ਰੈਸਟ ਵਾਲੀ ਸਥਿਤੀ ਵਿਚ ਰਹਿਣਾ ਪਵੇਗਾ ਜਿਸ ਕਰਕੇ ਉਹਨਾਂ ਦਾ ਮੰਜੇ ਤੋਂ ਉੱਠਣਾ ਅਤੇ ਤੁਰਨਾ ਫਿਰਨਾ ਅਜੇ ਸੰਭਵ ਨਹੀਂ, ਪਰ ਕੇਂਦਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਉਪਰੰਤ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਵੱਲੋਂ ਕੇਂਦਰ ਖਿਲਾਫ਼ ਵਿੱਢੇ ਸੰਘਰਸ਼ ਦੇ ਮੱਦੇਨਜ਼ਰ ਵਿਧਾਇਕ ਡਾ: ਹਰਜੋਤ ਕਮਲ ਨੇ ਬੀਮਾਰ ਹੋਣ ਦੇ ਬਾਵਜੂਦ, ਕਿਸਾਨ ਹਿਤਾਂ ਵਿਚ ਆਪਣੀਆਂ ਸਰਗਰਮੀਆਂ ਆਰੰਭ ਦਿੱਤੀਆਂ ਹਨ । ਅੱਜ ਉਹਨਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਆਦੇਸ਼ਾਂ ’ਤੇ, ਮੋਗਾ ਹਲਕੇ ਦੇ ਸਮੂਹ ਸਰਪੰਚਾਂ ਅਤੇ ਹਲਕੇ ਦੇ ਕਾਂਗਰਸੀ ਆਗੂਆਂ ਨੂੰ, ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਕਿਸਾਨਾਂ ਅਤੇ ਆਮ ਲੋਕਾਂ ’ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ, ਅੱਜ ਤੋਂ ਜਾਗਰੂਕਤਾ ਮੁਹਿੰਮ ਆਰੰਭ ਕਰਨ ਦੀ ਅਪੀਲ ਕੀਤੀ । ਡਾ: ਹਰਜੋਤ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2004 ਵਿਚ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਿਧਾਨਸਭਾ ਵਿਚ ਇਤਿਹਾਸਕ ਬਿੱਲ ਲਿਆਂਦਾ ਸੀ ਤੇ ਹੁਣ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਟਰਾਂਸਪੋਰਟਰਾਂ ਅਤੇ ਆਮ ਲੋਕਾਂ ਦੇ ਹਿਤਾਂ ਦੀ ਰਾਖੀ ਲਈ ਤਿੰਨ ਬਿੱਲ ਪਾਸ ਕੀਤੇ ਹਨ । ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦਾ ਇਹ ਇਤਿਹਾਸਕ ਨਿਰਣਾ, ਦੇਸ਼ ਲਈ ਨਵੀਂ ਮਿਸਾਲ ਬਣਿਆ ਹੈ ਅਤੇ ਹੋਰ ਰਾਜ ਵੀ ਕਾਲੇ ਖੇਤੀ ਕਾਨੂੰਨਾਂ ਖਿਲਾਫ਼, ਆਪੋ ਆਪਣੀਆਂ ਵਿਧਾਨ ਸਭਾਵਾਂ ਵਿਚ, ਅਜਿਹੇ ਬਿੱਲ ਪਾਸ ਕਰ ਰਹੇ ਹਨ। ਉਹਨਾਂ ਆਖਿਆ ਕਿ ਹੁਣ ਕਾਂਗਰਸ ਦੇ ਹਰ ਸਿਪਾਹੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੁਆਰਾ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੰੂ ਕਰਵਾਵੇ ਅਤੇ ਇਹ ਵੀ ਦਰਸਾਇਆ ਜਾਵੇ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਬਿੱਲਾਂ ਦੇ ਵਿਰੋਧ ‘ਚ ਲਿਆਂਦੇ ਤਿੰਨ ਬਿੱਲ, ਪੰਜਾਬ ਦੇ ਲੋਕਾਂ ਦੇ ਹਿਤਾਂ ਦੀ ਕਿੰਜ ਰਾਖੀ ਕਰਨਗੇ ।
ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਅਪੀਲ ਕੀਤੀ ਕਿ ਉਹ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਹਸਤਾਖਰ ਕਰਵਾਉਣ ਤਾਂ ਕਿ ਮੋਗਾ ਹਲਕੇ ਵਿਚੋਂ 10 ਹਜ਼ਾਰ ਕਿਸਾਨਾਂ ਦੇ ਹਸਤਾਖਰ ਕਰਵਾ ਕੇ, ਰਾਸ਼ਟਰਪਤੀ ਨੂੰ ਭੇਜੇ ਜਾ ਸਕਣ।
ਉਹਨਾਂ ਇਹ ਅਪੀਲ ਵੀ ਕੀਤੀ ਕਿ ਮੋਗਾ ਹਲਕੇ ਦੀਆਂ ਸਮੂਹ ਗਰਾਮ ਸਭਾਵਾਂ, ਪੰਜਾਬ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ’ਮਤੇ ਪਾ ਕੇ ਉਹਨਾਂ ’ਤੇ ਹਸਤਾਖਰ ਕਰਵਾਉਣ ਉਪਰੰਤ, ਉਹਨਾਂ ਦੇ ਮੋਗਾ ਦਫਤਰ ਵਿਖੇ 9 ਨਵੰਬਰ ਤੱਕ ਜਮਾਂ ਕਰਵਾਉਣ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ