ਕੈਪਟਨ ਅਮਰਿੰਦਰ ਸਿੰਘ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਇਤਿਹਾਸ ਸਿਰਜਿਆ: ਚੇਅਰਮੈਨ ਵਿਨੋਦ ਬਾਂਸਲ

ਮੋਗਾ,20 ਅਕਤੂਬਰ (ਜਸ਼ਨ): ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ ਵਿਚ ਕਿਸਾਨਾਂ ਦੇ ਲਈ ਲਏ ਗਏ ਫ਼ੈਸਲਿਆਂ ਮਗਰੋਂ ਪੰਜਾਬ ਦੇ ਕਾਂਗਰਸੀ ਨੇਤਾ ਜਸ਼ਨ ਮਨਾ ਰਹੇ ਹਨ। ਖੁਸ਼ੀਆਂ ਦੇ ਆਲਮ ਵਿਚ ਮੋਗਾ ਵਿਖੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਅੱਜ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਹੁਣ ਦੁਨੀਆਂ ਜਾਣ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸੱਚਮੁੱਚ ਪੰਜਾਬ ਦੇ ਕੈਪਟਨ ਹਨ ਜੋ ਇਨਾਂ ਕੁ ਦਮਖਮ ਰੱਖਦੇ ਹਨ ਕਿ ਆਪਣੀ ਕੁਰਸੀ ਦੀ ਪਰਵਾਹ ਕੀਤੇ ਬਗੈਰ ਕਿਸਾਨਾਂ ਲਈ ਕਦੇ ਵਿਧਾਨ ਸਭਾ ਵਿਚ ਪਾਣੀਆਂ ਦੀ ਰਾਖੀ ਲਈ ਮਤੇ ਪਾਸ ਕਰਦੇ ਨੇ ਅਤੇ ਕਦੇ ਅੱਜ ਕਿਸਾਨਾਂ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਲਈ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਮਤੇ ਪਾਸ ਕਰਦੇ ਨੇ । ਉਹਨਾਂ ਆਖਿਆ ਕਿ ਚੀਚੀ ਨੂੰ ਖੂਨ ਲਾ ਕੇ ਹਰ ਵੇਲੇ ਵੱਡੀਆਂ ਕੁਰਬਾਨੀਆਂ ਦੇਣ ਦੇ ਬਿਆਨ ਦੇਣ ਵਾਲੇ ਬਾਦਲ ਕੇ ਹੁਣ ਮੂੰਹ ਵਿਚ ਘੁੰਗਣੀਆਂ ਪਾਉਣ ਲਈ ਮਜਬੂਰ ਹੋ ਗਏ ਹਨ। ਬਾਂਸਲ ਨੇ ਆਖਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇਤਿਹਾਸ ਪੜ੍ਹਿਆ ਕਰਨਗੀਆਂ ਤਾਂ ਉਹਨਾਂ ਨੂੰ ਅਹਿਸਾਸ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਇਕ ਯੋਧਾ ਨੇ ਜਿਨਾਂ ਨੇ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਲਈ ਹਿੱਕ ਕੱਢ ਕੇ ਪੰਜਾਬੀਆਂ ਦੀ ਅਗਵਾਈ ਕੀਤੀ । ਉਹਨਾਂ ਕਿਹਾ ਕਿ ਕੈਪਟਨ ਸਾਬ੍ਹ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਜੋ ਇਤਿਹਾਸਿਕ ਫ਼ੈਸਲੇ ਲਏ ਹਨ ਉਹ ਸਰਕਾਰ ਦੇ ਕਿਸਾਨ ਮਜ਼ਦੂਰ ਅਤੇ ਆਮ ਲੋਕਾਂ ਦੇ ਪੱਖ ਵਿਚ ਲਏ ਗਏ ਫ਼ੈਸਲੇ ਹਨ।  ਵਿਨੋਦ ਬਾਂਸਲ ਨੇ ਆਖਿਆ ਕਿ ਅਕਾਲ ਪੁਰਖ ਕੈਪਟਨ ਸਾਬ੍ਹ ਦੀ ਉਮਰ ਦਰਾਜ਼ ਕਰੇ ਤਾਂ ਕਿ ਉਹ ਹਮੇਸ਼ਾ ਪੰਜਾਬ ਦੇ ਹਿਤਾਂ ਲਈ ਪੰਜਾਬ ਦੀ ਅਗਵਾਈ ਕਰਦੇ ਰਹਿਣ। ਇਸ ਮੌਕੇ ਚੇਅਰਮੈਨ ਵਿਨੋਦ ਬਾਂਸਲ ਦੇ ਨਾਲ ਚੇਅਰਮੈਨ ਇੰਦਰਜੀਤ ਸਿੰਘ ਬੀੜ੍ਹ ਚੜਿੱਕ,ਕਰਨਲ ਬਾਬੂ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਅਹਿਮ ਆਗੂ ਹਾਜ਼ਰ ਸਨ।
ਕੈਪਸ਼ਨ : ਚੇਅਰਮੈਨ ਵਿਨੋਦ ਬਾਂਸਲ