ਨਵੀਂ ਵਾਰਡਬੰਦੀ ਨਾਲ ਸਾਰੇ ਵਾਰਡਾਂ ਦਾ ਹੋਵੇਗਾ ਇਕਸਾਰ ਵਿਕਾਸ, ਹਾਰ ਦੇ ਡਰੋਂ ਬੌਖਲਾਈਆਂ ਵਿਰੋਧੀ ਪਾਰਟੀਆਂ ਲੋਕਾਂ ਨੂੰ ਕਰ ਰਹੀਆਂ ਨੇ ਗੁੰਮਰਾਹ: ਸੁਖਵਿੰਦਰ ਆਜ਼ਾਦ

ਮੋਗਾ, 19 ਅਕਤੂਬਰ (ਜਸ਼ਨ): ‘ਨਵੀਂ ਵਾਰਡਬੰਦੀ ਨਾਲ ਸਾਰੇ ਵਾਰਡਾਂ ਦਾ ਇਕਸਾਰ ਵਿਕਾਸ ਹੋਵੇਗਾ ਪਰ ਵਿਰੋਧੀ ਪਾਰਟੀਆਂ ਬੌਖਲਾਹਟ ਕਾਰਨ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਜਦਕਿ ਸਾਰੇ ਵਾਰਡਾਂ ਦੇ ਇਕਸਾਰ ਵਿਕਾਸ ਲਈ ਵਾਰਡਬੰਦੀ ਬੇਹੱਦ ਜ਼ਰੂਰੀ ਸੀ ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ 2013 ਤੋਂ ਪਹਿਲਾਂ 31 ਵਾਰਡ ਸਨ ਅਤੇ 2013 ਤੋਂ ਬਾਅਦ 2015 ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ 50 ਵਾਰਡ ਬਣਾ ਦਿੱਤੇ ਗਏ । ਆਜ਼ਾਦ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੇ ਚਹੇਤਿਆਂ ਨੂੰ ਜਤਾਉਣ ਲਈ ਥੋੜੀਆਂ ਵੋਟਾਂ ’ਤੇ ਵਾਰਡ ਬਣਾ ਦਿੱਤੇ ਸਨ ਪਰ ਹੁਣ ਨਵੀਂ ਵਾਰਡਬੰਦੀ ਨਾਲ 50 ਦੇ 50 ਵਾਰਡਾਂ ਵਿਚ ਇਕਸਾਰ ਵੋਟਾਂ ਦੀ ਗਿਣਤੀ ਹੋ ਜਾਵੇਗੀ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਛਲਾਵੇ ਨਾਲ ਜਿੱਤੇ ਉਮੀਦਵਾਰਾਂ ਦੇ ਭਰਮ ਭੁਲਖੇ ਦੂਰ ਹੋ ਜਾਣਗੇ । ਉਹਨਾਂ ਸਪੱਸਟ ਕੀਤਾ ਕਿ ਅਕਾਲੀਆਂ ਨੇ ਸ਼ਹਿਰ ਦੇ ਅੰਦਰੂਨੀ ਖੇਤਰ ਵਿਚ 700,1200 ਜਾਂ ਫਿਰ 1500 ਵੋਟਾਂ  ’ਤੇ ਵਾਰਡ ਬਣਾ ਦਿੱਤੇ ਸਨ ਜਦਕਿ ਬਾਹਰਲੇ ਖੇਤਰਾਂ ਦੇ 3000 ਅਤੇ 3300 ਵੋਟਾਂ ’ਤੇ ਵਾਰਡ ਬਣਾਏ ਸਨ । ਉਹਨਾਂ ਕਿਹਾ ਕਿ ਇੰਜ ਵਖਰੇਂਵੇਂ ਵਾਲੀ ਵਾਰਡਬੰਦੀ ਕਾਰਨ ਘੱਟ ਵੋਟਾਂ ਵਾਲੇ ਵਾਰਡਾਂ ਵਿਚ ਵਧੇਰੇ ਵਿਕਾਸ ਹੰੁਦਾ ਸੀ ਜਦਕਿ ਵੱਧ ਵੋਟਾਂ ਵਾਲੇ ਵਾਰਡ ਪੱਛੜੇ ਦੇ ਪੱਛੜੇ ਹੀ ਰਹਿ ਜਾਂਦੇ ਸਨ । ਉਹਨਾਂ ਹੋਰ ਵਿਸਥਾਰ ਵਿਚ ਜਾਂਦਿਆਂ ਦੱਸਿਆ ਕਿ ਬੇਸ਼ੱਕ ਸਾਰੇ ਵਾਰਡਾਂ ਨੂੰ ਇਕੋ ਜਿਹੀ ਗਰਾਂਟ ਦੇਣ ਦਾ ਯਤਨ ਕੀਤਾ ਗਿਆ ਹੋਵੇ ਤਾਂ ਵੀ ਪੁਰਾਣੀ ਵਾਰਡਬੰਦੀ ਮੁਤਾਬਕ ਵੱਧ ਵੋਟਾਂ ਵਾਲੇ ਵਾਰਡਾਂ ਦਾ ਏਰੀਆ ਬਹੁਤ ਜਿਆਦਾ ਹੋਣ ਕਾਰਨ ਵਿਕਾਸ ਕਾਰਜ ਉਸ ਆਯਾਮ ’ਤੇ ਨਹੀਂ ਪਹੰੁਚ ਸਕਦੇ ਜਿਨੀ ਪ੍ਰਭਾਵਸ਼ਾਲੀ ਦਿੱਖ ਉਸੇ ਰਕਮ ਨਾਲ ਘੱਟ ਵੋਟਾਂ ਵਾਲੇ ਘੱਟ ਏਰੀਏ ਵਾਲੇ ਵਾਰਡਾਂ ਵਿਚ ਦਿਖਾਈ ਦਿੰਦੀ ਹੈ । ਉਹਨਾਂ ਆਖਿਆ ਕਿ ਮੋਗੇ ਦੀ ਖੁਸ਼ਕਿਸਮਤੀ ਹੈ ਕਿ ਮੋਗਾ ਵਾਸੀਆਂ ਨੇ ਇਕ ਪੜ੍ਹੇ ਲਿਖੇ ਅਤੇ ਇਮਾਨਦਾਰ ਨੌਜਵਾਨ ਨੂੰ ਵਿਧਾਇਕ ਚੁਣਿਆ ਹੈ ਜੋ ਮੋਗੇ ਦੇ ਹਰ ਵਾਰਡ ਦਾ ਬਰਾਬਰ ਵਿਕਾਸ ਕਰਵਾ ਕੇ  ਮੋਗੇ ਨੂੰ ਆਪਣੇ ਸੁਪਨਿਆਂ ਦੇ ਸ਼ਹਿਰ ਵਜੋਂ ਵਿਕਸਤ ਕਰਨਾ ਚਾਹੰੁਦਾ ਹੈ ,ਇਸ ਕਰਕੇ ਸਾਰੇ ਸਿਆਸੀ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਧਾਇਕ ਡਾ: ਹਰਜੋਤ ਕਮਲ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਰਾਜਧਰਮ ਦੀ ਪਾਲਣਾ ਕੀਤੀ ਜਾ ਸਕੇ। ਸੁਖਵਿੰਦਰ ਆਜ਼ਾਦ ਨੇ ਵਿਰੋਧੀਆਂ ਦੇ ਇਸ ਦੋਸ਼ ਨੂੰ ਵੀ ਖਾਰਜ ਕੀਤਾ ਕਿ ਮੋਗਾ ਵਾਸੀਆਂ ਨੂੰ ਆਪਣੇ ਦਸਤਾਵੇਜ਼ਾਂ ’ਤੇ ਪਤੇ ਬਦਲਾਉਣ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ । ਉਹਨਾਂ ਆਖਿਆ ਕਿ ਮਹਿਜ਼ 10 ਪ੍ਰਤੀਸ਼ਤ ਲੋਕਾਂ ਦੇ ਹੀ ਵਾਰਡ ਬਦਲੇ ਹਨ ਅਤੇ ਮਕਾਨ ਨੰਬਰ ਉਹੀ ਰਹਿਣ ਕਰਕੇ ਅਜਿਹੀ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ।