ਵਿਧਾਇਕ ਬੈਂਸ ਨੇ ਕੀਤਾ ਨਿਊ ਜਨਤਾ ਨਗਰ ਦੀਆਂ ਗਲੀਆਂ ਬਣਾਉਣ ਦਾ ਉਦਘਾਟਨ,ਲੋਕਾਂ ਵਲੋਂ ਨਕਾਰੇ ਲੋਕ ਮੋਢੇ ਤੇ ਕਹੀ ਰੱਖਕੇ ਕਰਦੇ ਨੇ ਡਰਾਮੇ :ਬਿੱਟਾ

ਲੁਧਿਆਣਾ, 16 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼) : ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰ: 38 ਵਿਚ ਪੈਂਦੇ ਇਲਾਕਾ ਨਿਊ ਜਨਤਾ ਨਗਰ ਦੀਆਂ 9, 5, 4 ਨੰਬਰ ਗਲੀਆਂ ਅਤੇ ਲਿੰਕ ਗਲੀਆਂ ਬਣਾਉਣ ਦਾ ਉਦਘਾਟਨ ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ ਇਲਾਕਾ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਅਤੇ ਕੋਂਸਲਰ ਕੁਲਦੀਪ ਸਿੰਘ ਬਿੱਟਾ ਨੇ ਕੀਤਾ। ਇਸ ਮੋਕੇ ਤੇ ਬੈਂਸ ਨੇ ਕਿਹਾ ਕਿ ਉਨਾ ਵਲੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠਕੇ ਹਲਕਾ ਆਤਮ ਨਗਰ ਵਿਚ ਪੈਂਦੇ ਸਾਰੇ ਵਾਰਡਾ ਨੂੰ ਗਰਾਂਟਾ ਦਿੱਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਥੋੜੇ ਸਮੇ ਵਿਚ ਹੀ ਹਲਕੇ ਦੇ ਵਿਕਾਸ ਕਾਰਜ ਮੁਕੰਮਲ ਕਰ ਲਏ ਜਾਣਗੇ। ਉਨਾ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ਲਈ ਗਰਾਂਟਾ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਸ ਮੋਕੇ ਤੇ ਕੁਲਦੀਪ ਸਿੰਘ ਬਿੱਟਾ ਨੇ ਕਿਹਾ ਕਿ ਹਲਕਾ ਵਿਧਾਇਕ ਦੀ ਯੋਗ ਅਗਵਾਈ ਹੇਠ ਵਾਰਡ ਦੇ ਵਿਕਾਸ ਕਾਰਜ ਤੇਜੀ ਨਾਲ ਕਰਵਾਏ ਜਾ ਰਹੇ ਹਨ। ਬਿੱਟਾ ਨੇ ਕਿਹਾ ਕਿ ਇਕ ਸਾਬਕਾ ਕੋਂਸਲਰ ਅਤੇ ਇਕ ਹਾਰੇ ਹੋਏ ਉਮੀਦਵਾਰ ਜੋਕਿ ਲੋਕਾਂ ਵਲੋਂ ਨਕਾਰੇ ਹੋਏ ਹਨ, ਵਾਰਡ ਵਿਚ ਮੋਢੇ ਤੇ ਕਹੀ ਰੱਖ ਕੇ ਉਦਘਾਟਨ ਕਰਨ ਦੇ ਡਰਾਮੇ ਕਰਦੇ ਨਜਰ ਆਂਉਦੇ ਹਨ। ਉਨਾ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਮਿਲਦਾ ਹੈ ਨਾਂ ਕਿ ਸਾਬਕਾ ਕੋਂਸਲਰ ਜਾਂ ਹਾਰੇ ਹੋਏ ਉਮੀਦਵਾਰਾਂ ਨੂੰ। ਇਸ ਮੋਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਗੁਰਬਖਸ਼ ਸਿੰਘ, ਹਰਦੇਵ ਸਿੰਘ, ਸੁਰਿੰਦਰ ਸਿੰਘ ਬਜਾਜ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਸੁਦਰਸ਼ਨ ਚੌਹਾਨ, ਤਰਲੋਚਨ ਸਿੰਘ, ਹਰਨੇਕ ਸਿੰਘ, ਇੰਦਰਪਾਲ ਸਿੰਘ, ਨਵਦੀਪ ਸਿੰਘ, ਤਰਜਿੰਦਰ ਸਿੰਘ, ਅਰਵਿੰਦਰ ਸਿੰਘ, ਡਾ. ੰੱਲ ਸਿੰਘ ਰਮਾਣਾ, ਮਾਸਟਰ ਰੂਪ ਲਾਲ ਸਮੇਤ ਹੋਰ ਇਲਾਕਾ ਨਿਵਾਸੀ ਹਾਜਰ ਸਨ।