ਸਾਂਝੀ ਐਕਸ਼ਨ ਕਮੇਟੀ ਵੱਲੋਂ 20 ਅਕਤੂਬਰ ਨੂੰ ਕੀਤੀਆਂ ਜਾਣਗੀਆਂ ਗੇਟ ਰੈਲੀਆਂ

ਲੁਧਿਆਣਾ,16 ਅਕਤੂਬਰ (ਜਸ਼ਨ) : ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਾਂਝੀ ਮੀਟਿੰਗ ਕੱਲ ਨੂਮ ਈਸੜੂ ਭਵਨ ਲੁਧਿਆਣਾ ਵਿਖੇ ਕਾਮਰੇਡ ਜਗਦੀਸ਼ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਰੋਡਵੇਜ਼ ਅਤੇ ਪਨਬੱਸ ਨੂੰ ਪੀਆਰਟੀਸੀ ਵਿੱਚ ਮਰਜ ਕਰਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਸਖ਼ਤ ਨੋਟਿਸ ਲਿਆ ਗਿਆ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਰੋਡਵੇਜ਼ ਵਿੱਚ ਸਰਕਾਰੀ ਬੱਜਟ ਵਿੱਚੋਂ ਕੋਈ ਵੀ ਫੰਡਜ਼ ਨਵੀਆਂ ਬੱਸਾਂ ਲਈ ਨਹੀਂ ਦਿੱਤਾ ਗਿਆ। ਸਿਰਫ਼ ਪੁਰਾਣੀ ਬੱਸ ਜੋ ਕਰਜ਼ਾ ਮੁਕਤ ਹੋ ਗਈ ਹੋਵੇ ਉਸਨੂੰ ਹੀ ਪੰਜਾਬ ਰੋਡਵੇਜ਼ ਵਿੱਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਜੋ ਸਟਾਫ਼ ਦੀ ਘਾਟ ਕਾਰਨ ਚੱਲ ਹੀ ਨਹੀਂ ਸਕਦੀ ਇਸ ਲਈ ਮੰਗ ਕੀਤੀ ਗਈ ਕਿ ਕਰਜ਼ਾ ਮੁਕਤ ਬੱਸ ਸਮੇਤ ਸਟਾਫ਼ ਰੋਡਵੇਜ਼ ਵਿੱਚ ਸ਼ਾਮਲ ਕੀਤੀ ਜਾਵੇ। ਪਿਛਲੇ ਲੰਬੇ ਸਮੇਂ ਤੋਂ ਟਾਈਮ ਟੇਬਲ ਨਹੀਂ ਬਣ ਰਹੇ। ਪਿਛਲੇ ਟਾਈਮ ਟੇਬਲਾਂ ਵਿੱਚ ਪਿਛਲੀ ਸਰਕਾਰ ਸਮੇਂ ਪ੍ਰਾਈਵੇਟਾਂ ਨੂੰ ਲਾਭ ਦੇਣ ਲਈ ਉਹਨਾਂ ਨੂੰ ਵੱਧ ਸਮਾਂ ਦਿੱਤਾ ਗਿਆ ਸੀ। ਉਹਨਾਂ ਟਾਈਮ ਟੇਬਲਾਂ ਨੂੰ ਇਕਸਾਰਤਾ ਦੇ ਲਿਹਾਜ਼ ਨਾਲ ਅਤੇ ਸ਼ਿਫ਼ਟਾਂ ਵਾਈਜ਼ ਸੋਧ ਕੇ ਦੁਬਾਰਾ ਟਾਈਮ ਟੇਬਲ ਬਣਾਏ ਜਾਣ। ਨਜਾਇਜ਼ ਓਪਰੇਸ਼ਨ ਜੋ ਪਿਛਲੀ ਸਰਕਾਰ ਸਮੇਂ ਉਹਨਾਂ ਦੇ ਮੰਤਰੀਆਂ ਦੀ ਧੜੱਲੇ ਨਾਲ ਚੱਲ ਰਹੀ ਸੀ, ਹੁਣ ਨਾਲ ਕਾਂਗਰਸ ਦੇ ਮੰਤਰੀਆਂ ਦੀ ਵੀ ਚੱਲਣ ਕਰਕੇ ਜੋ ਮਹਿਕਮੇ ਅਤੇ ਸਰਕਾਰ ਨੂੰ ਵੱਡਾ ਖੋਰਾ ਲਾ ਰਹੀ ਹੈ ਉਹ ਨਜਾਇਜ਼ ਉਪਰੇਸ਼ਨ ਤੁਰੰਤ ਬੰਦ ਕੀਤੀ ਜਾਵੇ। ਉਪਰੋਕਤ ਮੰਗਾਂ ਦੀ ਪ੍ਰਾਪਤੀ ਦੇ ਲਈ ਮਿਤੀ 20 ਅਕਤੂਬਰ ਨੂੰ ਪੰਜਾਬ ਦੇ 18 ਡਿਪੂਆ ਵਿੱਚ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਇਸਤੋਂ ਉਪਰੰਤ ਤਿੰਨ ਜ਼ੋਨਲ ਰੈਲੀਆਂ ਵਿੱਚ 6-6 ਡਿਪੂਆਂ ਦੇ ਵਰਕਰ ਸਾਥੀ ਸ਼ਾਮਲ ਹੋਣਗੇ। ਜਿਸ ਵਿੱਚੋਂ 27 ਅਕਤੂਬਰ ਨੂੰ ਲੁਧਿਆਣੇ, 4 ਨਵੰਬਰ ਨੂੰ ਜਲੰਧਰ ਅਤੇ 12 ਨਵੰਬਰ ਨੂੰ ਅਮਮਿ੍ਰਤਸਰ ਵਿੱਚ ਜ਼ੋਨਲ ਰੈਲੀ ਕੀਤੀ ਜਾਵੇਗੀ। ਇਸ ਦਰਮਿਆਨ ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ/ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ, ਪੀਆਰ.ਟੀ.ਸੀ. ਨਾਲ ਸਾਂਝੀ ਮੀਟਿੰਗ ਅਗਲੇ ਐਕਸ਼ਨ ਬਾਰੇ ਫੈਸਲਾ ਕਰੇਗੀ। ਜੇਕਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਸਾਡੀ ਸਾਂਝੀ ਮੀਟਿੰਗ ਬੁਲਾ ਕੇ ਉਪਰੋਕਤ ਮੰਗਾਂ ਦਾ ਕੋਈ ਨਿਪਟਾਰਾ ਨਾ ਕੀਤਾ ਗਿਆ ਤਾਂ ਟ੍ਰਾਂਸਪੋਰਟ ਦਾ ਸਮੁੱਚਾ ਕਾਮਾ 27 ਨਵੰਬਰ ਨੂੰ ਇੱਕ ਦਿਨ ਦੀ ਹੜਤਾਲ ਕਰਨ ਦੇ ਲਈ ਮਜ਼ਬੂਰ ਹੋਵੇਗਾ। ਅੱਜ ਦੀ ਮੀਟਿੰਗ ਵਿੱਚ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਬਲਜੀਤ ਸਿੰਘ ਜ.ਸਕੱਤਰ, ਕਮਲ ਕੁਮਾਰ, ਸਤਨਾਮ ਸਿੰਘ, ਏਟਕ ਵੱਲੋਂ ਅਵਤਾਰ ਸਿੰਘ ਗਗੜਾ, ਗੁਰਜੰਟ ਸਿੰਘ ਕੋਕਰੀ, ਕਰਮਚਾਰੀ ਦਲ ਵੱਲੋਂ ਰਛਪਾਲ ਸਿੰਘ ਮੌਜਗੜ੍ਹ, ਸੁੱਚਾ ਸਿੰਘ, ਇੰਟਕ ਵੱਲੋਂ ਹਰਕੇਵਲ ਰਾਮ, ਸੁਰਿੰਦਰ ਸਿੰਘ ਛਿੰਦਾ, ਕੰਡਕਟਰ ਯੂਨੀਅਨ ਵੱਲੋਂ ਸੁਰਿੰਦਰ ਸਿੰਘ, ਗੁਰਦਿਆਲ ਸਿੰਘ, ਇਪਲਾਈਜ਼ ਯੂਨੀਅਨ ਵੱਲੋਂ ਬਲਬੀਰ ਸਿੰਘ ਅਤੇ ਸ਼ਡਿਊਲਡ ਕਾਸਟ ਯੂਨੀਅਨ ਵੱਲੋਂ ਸਲਵਿੰਦਰ ਕੁਮਾਰ ਆਦਿ ਆਗੂ ਅਤੇ ਵਰਕਰ ਹਾਜ਼ਰ ਹੋਏ।