ਮਨਪ੍ਰੀਤ ਬਾਦਲ ਦੇ ਲਾਰਿਆਂ ਦੀ ਪੁਰਜ਼ੋਰ ਨਿਖੇਧੀ,ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਹੋਈ ਮੀਟਿੰਗ

Tags: 

ਮੋਗਾ, 10 ਅਕਤੂਬਰ (ਜਸ਼ਨ) :  ਪੰਜਾਬ ਪੈਨਸ਼ਨਰਜ਼ ਯੁਨੀਅਨ ਪੰਜਾਬ, ਜ਼ਿਲ੍ਹਾ ਮੋਗਾ ਦੀ ਮਹੀਨਾਵਾਰ ਮੀਟਿੰਗ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਿੱਛੜੇ ਸਾਥੀਆਂ ਮੋਹਨ ਸਿੰਘ ਮਰਵਾਹਾ ਸਾਬਕਾ ਸੂਬਾਈ ਕੈਸ਼ੀਅਰ ਅਤੇ ਦਰਸ਼ਨ ਸਿੰਘ ਫਤਹਿਗੜ੍ਹ ਦੇ ਭਰਾ ਦੀ ਮੌਤ ਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜੀ ਨੇ ਕਿਹਾ ਕਿ ਬੇਸ਼ੱਕ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਆਗੂਆਂ ਦੀ ਮੀਟਿੰਗ ਸੁਖਾਵੇਂ ਮਹੌਲ ਵਿੱਚ ਹੋਈ ਪਰ ਖਜ਼ਾਨਾ ਮੰਤਰੀ ਨੇ ਪਹਿਲਾਂ ਦੀ ਤਰ੍ਹਾਂ ਲਾਰੇ ਲੱਪੇ ਲਾ ਕੇ ਹੀ ਸਾਰਿਆ। ਮੁਲਾਜ਼ਮਾਂ ਨੂੰ ਸਿਰਫ਼ ਮੋਬਾਈਲ ਭੱਤਾ ਨਵੰਬਰ ਤੋਂ ਦੇਣ ਦੀ ਗੱਲ ਕੀਤੀ ਹੈ ਬਾਕੀ ਤਾਂ ਸਿਰਫ਼ ਲਾਰੇ ਹੀ ਹਨ ਜਦਕਿ ਖਜ਼ਾਨੇ ਵਿੱਚ ਪੈਸਾ ਤਾਂ ਹੋਰ ਸਾਧਨਾਂ ਤੋਂ ਵੀ ਆ ਸਕਦਾ ਹੈ ਜਿਸ ਨੂੰ ਲਿਆਉਣ ਲਈ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਦੇ ਨਾਲ ਨਾਲ ਸਰਕਾਰ ਦੀ ਵੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਇਹ ਸਰਕਾਰ ਸਿਰਫ਼ ਮੰਤਰੀਆਂ, ਵਿਧਾਇਕਾਂ ਅਤੇ ਉੱਚ ਅਫ਼ਸਰਾਂ ਤੇ ਹੀ ਮਿਹਰਬਾਨ ਹੈ ਛੋਟੇ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਦੁੱਖ ਤਕਲੀਫ਼ਾਂ ਨਾਲ ਇਸਦਾ ਕੋਈ ਸਰੋਕਾਰ ਨਹੀਂ ਹੈ। ਇਸ ਮੌਕੇ ਭੂਪਿੰਦਰ ਸਿੰਘ ਸੇਖੋਂ ਨੇ ਕਿਹਾ ਇਸ ਸਮੇਂ ਰਾਜਨੀਤੀਵਾਨਾਂ, ਉੱਚ ਅਫ਼ਸਰਾਂ ਅਤੇ ਪੁਲਿਸ ਦਾ ਨਾਪਾਕ ਗੱਠਜੋੜ ਬਣ ਚੁੱਕਾ ਹੈ। ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਆਪਣੇ ਆਕਾਵਾਂ ਦੀ ਸ਼ਹਿ ਤੇ ਪੁਲਿਸ ਕੁੱਝ ਵੀ ਕਰ ਅਤੇ ਕਹਿ ਸਕਦੀ ਹੈ। ਯੁਪੀ ਦੀ ਘਟਨਾ ਇਸਦਾ ਮੂੰਹ ਬੋੋਲਦਾ ਸਬੂਤ ਹੈ। ਉਨ੍ਹਾਂ ਕੇਂਦਰ ਅਤੇ ਯੂਪੀ ਸਰਕਾਰ ਦੀ ਆਲੋਚਨਾ ਕਰਦਿਆਂ ਅਜਿਹੇ ਨਾਪਾਕ ਗੱਠਜੋੜ ਦੀ ਜ਼ੋਰਦਾਰ ਨਿਖੇਧੀ ਕੀਤੀ। ਇਸ ਮੌਕੇ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਪੈਨਸ਼ਨਰਜ਼ ਯੁਨੀਅਨ ਦੇ ਆਗੂਆਂ ਅਤੇ ਮੈਂਬਰਾਂ ਨੂੰ 21 ਅਕਤੂਬਰ ਨੂੰ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 32ਵੀਂ ਬਰਸੀ ਸਮਾਗਮਾਂ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਬਰਸੀ ਲਈ ਫੰਡ ਵੀ ਇਕੱਠਾ ਕੀਤਾ ਅਤੇ ਬਰਸੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਪੈਨਸ਼ਨਰਜ਼ ਸਾਥੀਆਂ ਨੂੰ ਜਾਣਕਾਰੀ ਦਿੰਦਿਆਂ ਪੋਹਲਾ ਸਿੰਘ ਬਰਾੜ ਨੇ ਕਿਹਾ ਕਿ ਸਾਰੇ ਪੈਨਸ਼ਨਰਾਂ ਕੋਲ ਪੈਨਸ਼ਨ ਬੁੱਕ ਹੋਣੀ ਜ਼ਰੂਰੀ ਹੈ। ਜੇ ਕਿਸੇ ਕੋਲ ਨਹੀਂ ਤਾਂ ਆਪੋ ਆਪਣੀ ਬੈਂਕ ਨਾਲ ਸੰਪਰਕ ਕਰਕੇ ਪੈਨਸ਼ਨ ਬੁੱਕ ਪ੍ਰਾਪਤ ਕਰੇ ਜਾਂ ਖਜ਼ਾਨੇ ਵਿੱਚੋਂ ਆਪਣੀ ਪੈਨਸ਼ਨ ਬੁੱਕ ਪ੍ਰਾਪਤ ਕਰੇ। ਨਾਲ ਹੀ ਪੈਨਸ਼ਨ ਖਾਤੇ ਦੀ ਨਾਮੀਨੇਸ਼ਨ ਹੋਣੀ ਜ਼ਰੂਰੀ ਹੈ ਤਾਂ ਜੋ ਬਾਅਦ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਬੇਸਿਕ ਪੈਨਸ਼ਨ ਅਤੇ ਅੰਤ੍ਰਿਮ ਰਲੀਫ਼ ਜੋੜ ਕੇ ਸਫ਼ਰੀ ਭੱਤਾ ਮਿਲਣਾ ਹੈ। ਜੇ ਕਿਸੇ ਸਾਥੀ ਨੂੰ ਕੋਈ ਪ੍ਰੇਸ਼ਾਨੀ ਹੋਵੇ ਤਾਂ ਯੂਨੀਅਨ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਭੂਪਿੰਦਰ ਸਿੰਘ ਭਿੰਦਾ, ਨਿਰੰਜਣ ਸਿੰਘ ਮਾਛੀਕੇ, ਬਲਵਿੰਦਰ ਸਿੰਘ ਕੋਰੇਵਾਲਾ, ਬਲਵਿੰਦਰ ਸਿੰਘ ਘੋਲੀਆ, ਰਣਜੀਤ ਸਿੰਘ, ਮੱਘਰ ਸਿੰਘ, ਹਰਭਜਨ ਸਿੰਘ, ਪ੍ਰੇਮ ਕੁਮਾਰ, ਸੁਰਿੰਦਰ ਕੁਮਾਰ ਆਦਿ ਪੈਨਸ਼ਨਰਜ਼ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ