ਕੱਚੇ ਘਰਾਂ ਵਾਲੇ ਜਾਂ ਬੇਘਰੇ ਪਰਿਵਾਰਾਂ ਲਈ ‘ਪੰਜਾਬ ਸ਼ਹਿਰੀ ਆਵਾਸ ਯੋਜਨਾ’ ਵਰਦਾਨ ਸਿੱਧ ਹੋਵੇਗੀ : ਵਿਧਾਇਕ ਡਾ: ਹਰਜੋਤ ਕਮਲ

ਮੋਗਾ, 10 ਅਕਤੂਬਰ (ਜਸ਼ਨ)- ਵਿਧਾਇਕ ਡਾ: ਹਰਜੋਤ ਕਮਲ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਦੇ ਤੀਸਰੇ ਡਿਮਾਂਡ ਸਰਵੇ ਅਧੀਨ ਗਰੀਬਾਂ ਅਤੇ ਮੱਧਵਰਗ ਦੇ ਲੋਕਾਂ ਦੇ ਆਪਣੇ ਘਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜਿਹਨਾਂ ਯੋਗ ਲਾਭਪਾਤਰੀਆਂ ਨੇ ਹਾਲੇ ਤੱਕ ਕੱਚੇ ਘਰਾਂ ਸਬੰਧੀ ਆਪਣਾ ਫਾਰਮ ਨਹੀਂ ਭਰਿਆ ਉਹ ਜਲਦੀ ਤੋਂ ਜਲਦੀ ਨਗਰ ਨਿਗਮ ਦੇ ਦਫਤਰ ਦੀ ਲਾਇਬਰੇਰੀ ਸ਼ਾਖਾ ਤੋਂ ਫਾਰਮ ਪ੍ਰਪਤ ਕਰਕੇ ਉਸੇ ਦਫਤਰ ਵਿਚ ਜਮ੍ਹਾ ਕਰਵਾ ਸਕਦੇ ਹਨ । ਵਿਧਾਇਕ ਡਾ: ਹਰਜੋਤ ਕਮਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਲਈ ਪੰਜਾਬ ਸਰਕਾਰ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ ਜਿਹਨਾਂ ਵਿਚ ਯੋਗ ਲਾਭਪਾਤਰੀ ਪਿਛਲੇ 10 ਸਾਲਾਂ ਤੋਂ ਪੰਜਾਬ ਰਾਜ ਵਿਚ ਰਹਿੰਦਾ ਹੋਵੇ ਅਤੇ ਉਸ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਿਆ ਹੋਵੇ। ਉਹਨਾਂ ਦੱਸਿਆ ਕਿ ਪ੍ਰਾਰਥੀ ਦੀ ਸਾਰੇ ਵਸੀਲਿਆਂ ’ਤੇ ਕੁੱਲ ਆਮਦਨ 3 ਲੱਖ ਤੋਂ ਘੱਟ ਹੋਵੇ ਅਤੇ ਪ੍ਰਾਰਥੀ ਦੇ ਮਾਤਾ ਪਿਤਾ ,ਪਤੀ ਪਤਨੀ ਜਾਂ ਆਸ਼ਰਿਤ ਬੱਚਿਆਂ ਦੇ ਨਾਮ ’ਤੇ ਲਾਭ ਲੈਣ ਵਾਲੇ ਮਕਾਨ ਪਲਾਟ ਤੋਂ ਬਿਨਾ ਕੋਈ ਹੋਰ ਦੂਸਰਾ ਮਕਾਨ ਜਾਂ ਪਲਾਟ ਪੰਜਾਬ ਰਾਜ ਜਾਂ ਭਾਰਤ ਦੇ ਕਿਸੇ ਵੀ ਸੂਬੇ ਵਿਚ ਨਾ ਹੋਵੇ। ਉਹਨਾਂ ਦੱਸਿਆ ਕਿ ਫਾਰਮ ਭਰਨ ਵਾਲੇ ਬਿਨੇਕਾਰ ਦੇ ਆਪਣੇ ਨਾਮ ’ਤੇ ਪਲਾਟ ਜਾਂ ਘਰ ਜ਼ਰੂਰ ਹੋਣਾ ਚਾਹੀਦਾ ਹੈ । ਉਹਨਾਂ ਦੱਸਿਆ ਕਿ ਜੇ ਕਿਸੇ ਵਿਅਕਤੀ ਕੋਲ ਪਲਾਟ ਹੈ ਪਰ ਘਰ ਨਹੀਂ ਹੈ , ਘਰ ਹੈ ਪਰ ਘਰ ਦੀਆਂ ਛੱਤਾਂ ਬਦਲਣ ਵਾਲੀਆਂ ਹਨ,ਰਸੋਈ ਨਹੀਂ ਹੈ ਜਾਂ ਬਾਥਰੂਮ ਨਹੀਂ ਹੈ ਤਾਂ ਵੀ ਉਹ ਲੋੜ ਮੁਤਾਬਕ ਬਿਨੇ ਪੱਤਰ ਭਰ ਸਕਦਾ ਹੈ । ਉਹਨਾਂ ਦੱਸਿਆ ਕਿ ਇਹ ਆਵਾਸ ਯੋਜਨਾ ਗਰੀਬਾਂ, ਮੱਧ ਵਰਗ ਅਤੇ ਬੇਘਰਿਆਂ ਨੂੰ ਸਸਤੇ ਘਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਤੀਸਰੇ ਡੀਮਾਂਡ ਸਰਵੇ ਅਧੀਨ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਲਈ ਫਾਰਮ ਭਰੇ ਜਾ ਰਹੇ ਹਨ ਜਿਹਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਆਪਣੇ ਮਕਾਨ ਬਣਾਉਣ ਲਈ ਰਾਸ਼ੀ ਜਾਰੀ ਕੀਤੀ ਜਾਵੇਗੀ । ਉਹਨਾਂ ਆਖਿਆ ਕਿ ਮੋਗਾ ਦਾ ਕੋਈ ਵੀ ਵਾਸੀ ਹੋਰ ਜਾਣਕਾਰੀ ਜਾਂ ਫਾਰਮ ਭਰਨ ਵਿਚ ਸਹਾਇਤਾ ਲਈ ਉਹਨਾਂ ਦੇ ਦਫਤਰ ਆ ਕੇ ਸੰਪਰਕ ਕਰ ਸਕਦਾ ਹੈ।


