ਕੋਵਿਡ ਖਿਲਾਫ਼ ਫਤਿਹ ਹਾਸਲ ਕਰਨ ਦੇ ਮਕਸਦ ਨਾਲ ਮੋਗਾ ਜ਼ਿਲ੍ਹੇ ਲਈ ਦਸ ਮੈਂਬਰੀ ‘ਲੋਕ ਸਾਂਝੇਦਾਰੀ ਮਿਸ਼ਨ ਫਤਿਹ ਕਮੇਟੀ’ ਦਾ ਐਲਾਨ

Tags: 

*ਲੋਕ ਨੁਮਾਇੰਦਿਆਂ ਦੇ ਤਜ਼ਰਬੇ ਸਦਕਾ ਕਰੋਨਾ ਮਹਾਂਮਾਰੀ ਖਿਲਾਫ਼ ਵਿੱਢੀ ਜੰਗ ਵਿਚ ਫਤਿਹ ਹਾਸਲ ਕੀਤੀ ਜਾ ਸਕੇਗੀ: ਵਿਧਾਇਕ ਡਾ: ਹਰਜੋਤ ਕਮਲ
ਮੋਗਾ,7 ਅਕਤੂਬਰ (): ਪੰਜਾਬ ਸਰਕਾਰ ਵੱਲੋਂ ਕੋਵਿਡ 19 ਖਿਲਾਫ਼ ਫਤਿਹ ਹਾਸਲ ਕਰਨ ਦੇ ਮਕਸਦ ਨਾਲ ਸਮੁੱਚੇ ਪੰਜਾਬ ਵਿਚ ਲੋਕ ਸਾਂਝੇਦਾਰੀ ਪ੍ਰੌਜੈਕਟ ਆਰੰਭਿਆ ਗਿਆ ਹੈ, ਜਿਸ ਤਹਿਤ ਸਮਾਜਿਕ ਭਾਗੀਦਾਰੀ ਯਕੀਨੀ ਬਣਾਉਣ ਲਈ, ਲੋਕ ਸਾਂਝੇਦਾਰੀ ਮਿਸ਼ਨ ਫਤਿਹ ਕਮੇਟੀਆਂ ਮਨੋਨੀਤ ਕੀਤੀਆਂ ਗਈਆਂ ਹਨ। ਮੋਗਾ ਜ਼ਿਲ੍ਹੇ ਲਈ ਐਲਾਨੀ ਲੋਕ ਸਾਂਝੇਦਾਰੀ ਮਿਸ਼ਨ ਫਤਿਹ ਕਮੇਟੀ ਵਿਚ ਸਰਕਾਰੀ ਨੁਮਾਇੰਦਿਆਂ ਤੋਂ ਇਲਾਵਾ, ਲੋਕ ਨੁਮਾਇੰਦਿਆਂ ਵਜੋਂ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣੇਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਬਾਬੇ ਸ਼ਹੀਦਾਂ, ਸ਼੍ਰੀ ਕ੍ਰਿਸ਼ਨ ਸੂਦ ਸਾਬਕਾ ਕੌਂਸਲਰ, ਸ਼੍ਰੀਮਤੀ ਰਾਜ ਸ਼੍ਰੀ ਸ਼ਰਮਾ,  ਸ਼੍ਰੀ ਧੀਰਜ ਸ਼ਰਮਾ ਸਮਾਜ ਸੇਵੀ, ਸ਼੍ਰੀਮਤੀ ਗਗਨਦੀਪ ਕੌਰ ਗਿੱਲ ਸਮਾਜ ਸੇਵੀ ਅਤੇ ਏ ਐਨ ਐੱਮ ਰਾਣੀ ਸਿੱਧੂ ਨੂੰ ਨਾਮਜ਼ਦ ਕੀਤਾ ਗਿਆ ਹੈ । ਇਸ ਕਮੇਟੀ ਵਿਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਰੁਪਿੰਦਰ ਕੌਰ ਗਿੱਲ ਨੋਡਲ ਅਫਸਰ ਹੋਣਗੇ ਜਦਕਿ ਸੀਨੀਅਰ ਮੈਡੀਕਲ ਅਫਸਰ ਡਾ: ਰਾਜੇਸ਼ ਅੱਤਰੀ, ਮਾਸ ਮੀਡੀਆ ਅਫਸਰ ਕ੍ਰਿਸ਼ਨਾ ਸ਼ਰਮਾ ਅਤੇ ਬੀ ਸੀ ਸੀ ਕੋਆਡੀਨੇਟਰ ਅੰਮ੍ਰਿਤ ਸ਼ਰਮਾ ਸਰਕਾਰੀ ਨੁਮਾਇੰਦਿਆਂ ਵਜੋਂ ਕਮੇਟੀ ਦੇ ਮੈਂਬਰ ਹੋਣਗੇ। ਇਹ ਦਸ ਮੈਂਬਰੀ ਕਮੇਟੀ ‘ਮਿਸ਼ਨ ਫਤਿਹ’ ਦੀ ਪ੍ਰਾਪਤੀ ਲਈ ਸਰਕਾਰੀ ਹਸਪਤਾਲ ਮੋਗਾ ਵੱਲੋਂ ਆਰੰਭੇ ਵੱਖ ਵੱਖ ਪ੍ਰੌਜੈਕਟਾਂ ਦੀ ਸਫਲਤਾ ਲਈ ਕਾਰਜਸ਼ੀਲ ਰਹੇਗੀ। ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਸਮੂਹ ਕਮੇਟੀ ਮੈਂਬਰਾਂ ਨੂੰ ਮੁਬਾਰਕਬਾਦ ਆਖਦਿਆਂ ਅਪੀਲ ਕੀਤੀ ਕਿ ਉਹਨਾਂ ਦੇ ਲੋਕ ਸੇਵਾਵਾਂ ਵਾਲੇ ਤਜ਼ਰਬਿਆਂ ਅਤੇ ਜਨਤਕ ਆਧਾਰ ਦਾ ਲਾਹਾ ਲੈਂਦਿਆਂ, ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਖਿਲਾਫ਼ ਵਿੱਢੀ ਜੰਗ ਵਿਚ ਫਤਿਹ ਹਾਸਲ ਕੀਤੀ ਜਾ ਸਕੇਗੀ।