ਪੰਜਾਬ ਦੀ ਹੋਂਦ ਲਈ ਰਾਹੁਲ ਗਾਂਧੀ ਦੀ ਅਗਵਾਈ ‘ਚ ਹੋਣ ਵਾਲੀ ਰੈਲੀ ਨਵਾਂ ਇਤਿਹਾਸ ਸਿਰਜੇਗੀ : ਵਿਧਾਇਕ ਡਾ: ਹਰਜੋਤ ਕਮਲ

ਮੋਗਾ,3 ਅਕਤੂਬਰ (ਜਸ਼ਨ): ਅੱਜ ਕਿਸਾਨ ਬਚਾਓ ਰੈਲੀ ਦੇ ਬੈਨਰ ਹੇਠ ਹੋਣ ਵਾਲੀ ਟਰੈਕਟਰ ਰੈਲੀ ਸਬੰਧੀ ਵਿਧਾਇਕ ਡਾ: ਹਰਜੋਤ ਕਮਲ ਦਾ ਆਖਣਾ ਹੈ ਕਿ ‘ਪੰਜਾਬ ਦੀ ਹੋਂਦ ਲਈ ਰਾਹੁਲ ਗਾਂਧੀ ਦੀ ਅਗਵਾਈ ‘ਚ ਹੋਣ ਵਾਲੀ ਰੈਲੀ ਨਵਾਂ ਇਤਿਹਾਸ ਸਿਰਜੇਗੀ’ । ਬੱਧਣੀ ਕਲਾਂ ਵਿਖੇ ਰੈਲੀ ਦੇ ਪ੍ਰਬੰਧਾਂ ਦੌਰਾਨ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ: ਹਰਜੋਤ ਨੇ ਆਖਿਆ ਕਿ ਬੇਸ਼ੱਕ ਕਿਸਾਨ, ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਸੜਕਾਂ ’ਤੇ ਉੱਤਰੇ ਨੇ, ਪਰ ਜਦ ਤੋਂ ਮੋਦੀ ਸਰਕਾਰ ਨੇ ਆਰਡੀਨੈਂਸ ਲਿਆਂਦੇ ਤੇ ਫਿਰ ਲੋਕਤੰਤਰ ਦਾ ਕਤਲ ਕਰਦਿਆਂ ਲੋਕਸਭਾ ਅਤੇ ਵਿਧਾਨਸਭਾ ਵਿਚ ਧੱਕੇ ਨਾਲ ਪਾਸ ਕਰਵਾਏ, ਉਸ ਸਮੇਂ ਤੋਂ ਪਾਣੀਆਂ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਰਾਖੇ ਵਜੋਂ, ਕਿਸਾਨਾਂ ਦੇ ਹਿਤਾਂ ਲਈ ਅਗਵਾਈ ਕਰਨ ਦਾ ਫੈਸਲਾ ਲਿਆ ਤੇ ਹੁਣ ਜਦ ਰਾਸ਼ਟਰਪਤੀ ਨੇ ਬਿੱਲਾਂ ’ਤੇ ਮੋਹਰ ਲਗਾ ਦਿੱਤੀ ਹੈ ਅਤੇ ਕਿਸਾਨਮਾਰੂ ਤਿੰਨ ਕਾਨੂੰਨ ਹੋਂਦ ਵਿਚ ਆ ਚੁੱਕੇ ਨੇ, ਤਾਂ ਕਿਸਾਨਾਂ , ਮਜ਼ਦੂਰਾਂ ਅਤੇ ਆਮ ਲੋਕਾਂ ਲਈ ਘਾਤਕ ਸਿੱਧ ਹੋਣ ਵਾਲੇ ਇਨਾਂ ਕਾਨੂੰਨਾਂ ਖਿਲਾਫ਼ ਕਾਂਗਰਸ ਪ੍ਰਧਾਨ ਮੈਡਮ ਸੋਨੀਆ ਗਾਂਧੀ ਨੇ ਸਖਤ ਰਵਈਆ ਅਖਤਿਆਰ ਕੀਤਾ ਹੈ ਤੇ ਇਸੇ ਕੜੀ ਤਹਿਤ, ਕਾਂਗਰਸ ਦੇ ਰੂਹੇ ਰਵਾਂਅ ਸ਼੍ਰੀ ਰਾਹੁਲ ਗਾਂਧੀ, ਅੱਜ ਕਿਸਾਨ ਬਚਾਓ ਟਰੈਕਟਰ ਰੈਲੀ ਦੀ ਅਗਵਾਈ ਕਰਨ ਲਈ, ਮੋਗਾ ਪਹੰੁਚ ਰਹੇ ਹਨ । ਉਹਨਾਂ ਆਖਿਆ ਕਿ ਰੈਲੀ ਅਤੇ ਮਾਰਚ ਲਈ ਸਮੁੱਚੇ ਪ੍ਰਬੰਧ ਮੁਕੰਮਲ ਹੋ ਚੁੱਕੇ ਨੇ ਅਤੇ ਲੋਕ ਆਪ ਮੁਹਾਰੇ ਇਸ ਮਾਰਚ ਅਤੇ ਰੈਲੀ ਵਿਚ ਸ਼ਾਮਲ ਹੋਣ ਲਈ ਕਮਰਕੱਸੇ ਕਰੀ ਬੈਠੇ ਨੇ । ਉਹਨਾਂ ਆਖਿਆ ਕਿ ਇਸ ਰੈਲੀ ਦੀ ਗੰੂਜ, ਪ੍ਰਧਾਨ ਮੰਤਰੀ ਤੱਕ ਪਹੰੁਚੇਗੀ ਅਤੇ ਉਹਨਾਂ ਨੂੰ ਇਹ ਤਿੰਨੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਹੀ ਪਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਧਨੀ ਦਾਣਾ ਮੰਡੀ ਚ ਸਵੇਰੇ 10 ਵਜੇ ਹੋਣ ਵਾਲੀ ਰੈਲੀ ਅਤੇ ਉਸ ਉਪਰੰਤ ਟਰੈਕਟਰਾਂ ਦੇ ਕਾਫਲੇ ਰੂਪ ਰੋਸ ਮਾਰਚ ਵਿੱਚ ਰਾਹੁਲ ਗਾਂਧੀ ਜੀ ਨਾਲ ਵਧ ਤੋਂ ਵਧ ਗਿਣਤੀ ਵਿਚ ਸਾਮਿਲ ਹੋ ਕੇ ਇਸ ਬੋਲੀ ਭਾਜਪਾ ਦੀ ਕੇਂਦਰ ਸਰਕਾਰ ਤੱਕ ਕਿਸਾਨ ਵਿਦ੍ਰੋਹ ਦੀ ਗੂੰਜ ਪਹੁੰਚਾ ਕੇ ਕਾਲੇ ਕਨੂੰਨ ਰੱਦ ਕਰਨ ਲਈ ਮਜਬੂਰ ਕਰੀਏ ਜਾ ਫਿਰ ਇਸ ਸਰਕਾਰ ਦਾ ਹੀ ਭੋਗ ਪਾ ਦਈਏ ਤੇ ਨਵੀਂ ਸਰਕਾਰ ਬਣਾ ਕੇ ਇਹ ਕਨੂੰਨਾਂ ਨੂੰ ਬਦਲ ਦਈਏ।


