ਮੱਖਣ ਬਰਾੜ ਅਤੇ ਅਕਸ਼ਿਤ ਜੈਨ ਦੀ ਜੋੜੀ ਨੇ ਕਿਸਾਨ ਮਾਰਚ ਲਈ ਮੋਗਾ ਤੋਂ ਰਵਾਨਾ ਹੋਏ ਕਾਫ਼ਲੇ ਦੀ ਕੀਤੀ ਅਗਵਾਈ ,ਦੂਰੀਆਂ ਬਣ ਰਹੀਆਂ ਨੇ ਨਜ਼ਦੀਕੀਆਂ

ਮੋਗਾ,1 ਅਕਤੂਬਰ (ਜਸ਼ਨ): ਨਵੇਂ ਨਵੇਂ ਇਕ ਹੋਏ ਮੱਖਣ ਬਰਾੜ ਅਤੇ ਅਕਸ਼ਿਤ ਜੈਨ ਦੀ ਪ੍ਰਭਾਵਸ਼ਾਲੀ ਕੈਮਿਸਟਰੀ ਉਸ ਸਮੇਂ ਨਜ਼ਰ ਆਈ ਜਦੋਂ ਕਿਸਾਨ ਮਾਰਚ ਲਈ ਰਵਾਨਾ ਹੋਣ ਮੌਕੇ ਦੋਨੋਂ ਕਾਫਲੇ ਵਿਚ ਦਿਖਾਈ ਦਿੱਤੇ। ਕਿਸਾਨ ਮਾਰਚ ‘ਚ ਸ਼ਾਮਲ ਹੋਣ ਲਈ ਮੋਗਾ ਤੋਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ,ਸਾਬਕਾ ਮੇਅਰ ਅਕਸ਼ਿਤ ਜੈਨ,ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ,ਰਵਦੀਪ ਸਿੰਘ ਸੰਘਾ ਸਰਕਲ ਪ੍ਰਧਾਨ ਤੋਂ ਇਲਾਵਾ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਕਾਫ਼ਲਾ ਮੋਗਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ। ਰਵਾਨਾ ਹੋਣ ਤੋਂ ਪਹਿਲਾਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੱਢੇ ਗਏ ਕਿਸਾਨ ਮਾਰਚ ਲਈ ਮੋਗਾ,ਧਰਮਕੋਟ ,ਕੋਟਈਸੇਖਾਂ ,ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਆਦਿ ਵਿਚ ਅਕਾਲੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਉਹਨਾਂ ‘ਚ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਵੀ ਸਾਫ਼ ਨਜ਼ਰ ਆ ਰਿਹਾ ਹੈ। ਉਹਨਾਂ ਆਖਿਆ ਕਿ ਕਿਸਾਨ ਅਰਡੀਨੈਂਸ ਖਤਮ ਕਰਵਾਉਣ ਤੱਕ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ।