ਮੋਗਾ ਦੇ ਡੀ.ਸੀ. ਦਫ਼ਤਰ ਦੇ ਬਾਹਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤੀ ਵਿਸ਼ਾਲ ਰੈਲੀ

ਮੋਗਾ, 30 ਸਤੰਬਰ (ਜਸ਼ਨ) : ਮੋਗਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਪੰਜਾਬ ਐਂਡ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਸੱਦੇ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਜ਼ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਅੋਰਤ ਮੁਲਾਜ਼ਮਾਂ ਨੇ ਵੀ ਇਸ ਰੈਲੀ ਵਿੱਚ ਹਿੱਸਾ ਲਿਆ। ਰੈਲੀ ਵਿੱਚ ਆਗੂਆਂ ਨੇ ਜਿੱਥੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਨੀਤੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਉਥੇ ਆਮ ਲੋਕਾਂ, ਉੱਚ ਅਫ਼ਸਰਾਂ, ਮੰਤਰੀਆਂ ਵਿਧਾਇਕਾਂ ਲਈ ਵੱਖਰੇ-ਵੱਖਰੇ ਮਾਪਦੰਡ ਅਪਣਾਉਣ ਦਾ ਨੋਟਿਸ ਲੈਂਦੇ ਹੋਏ ਕਿਹਾ ਕਿ ਇਹਨਾਂ ਲੋਕਾਂ ਨੇ ਲੋਕਤੰਤਰ ਦਾ ਘਾਣ ਕਰ ਦਿੱਤਾ ਹੈ। ਆਮ ਲੋਕਾਂ ਨੂੰ ਤਾਂ ਦੂਜੇ ਦਰਜ਼ੇ ਦੇ ਨਾਗਰਿਕ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿਹਾ ਡੀ.ਏ. ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਹੱਕ ਹੈ ਕਿਉਂਕਿ ਸਰਕਾਰ ਹੀ ਮਹਿੰਗਾਈ ਵਧਾਉਣ ਦੀ ਜ਼ਿੰਮੇਵਾਰ ਹੈ। ਉਨ੍ਹਾ ਇਹ ਵੀ ਮੰਗ ਕੀਤੀ ਕਿ ਵਧਦੀ ਮਹਿੰਗਾਈ ਅਨੁਸਾਰ ਹਰ ਇੱਕ ਦੀ ਤਨਖਾਹ/ਉਜ਼ਰਤ ਵਿੱਚ ਵਾਧਾ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਸਾਰੇ ਵਿਭਾਗਾਂ ਵਿੱਚ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਮਾਣ-ਭੱਤੇ ਦੀ ਥਾਂ ਤੇ ਮਿਨੀਮਮ ਵੇਜ ਦਾ ਕਾਨੂੰਨ ਲਾਗੂ ਕੀਤਾ ਜਾਵੇ, ਹਰ ਨਾਗਇਕ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਨਵੀਂ ਪੈਨਸ਼ਨ ਸਕੀਮ ਦਾ ਤਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਆਊਟ ਸੋਰਸਿੰਗ ਸਿਸਟਮ ਬੰਦ ਕੀਤਾ ਜਾਵੇ, ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉੱਚ ਅਫ਼ਸਰਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੈ ਪਰ ਛੋਟੇ ਮੁਲਾਜ਼ਮਾਂ ਤੇ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ। ਮੰਤਰੀਆਂ, ਵਿਧਾਇਕਾਂ ਨੂੰ ਕਈ-ਕਈ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ, ਪੰਜਾਬ ਵਿੱਚ ਰੇਤ, ਬਜਰੀ, ਭੂ ਮਾਫ਼ੀਏ ਲਗਾਤਾਰ ਸਰਗਰਮ ਹਨ ਅਤੇ ਖਜ਼ਨੇ ਨੂੰ ਚੂਨਾ ਲਾ ਰਹੇ ਹਨ, ਸਰਕਾਰ ਦੀ ਸਰਪ੍ਰਸਤੀ ਹੇਠ ਟ੍ਰਾਂਸਪੋਰਟ ਮਾਫ਼ੀਆ ਵੀ ਪੂਰੀ ਤਰ੍ਹਾਂ ਸਰਗਰਮੀ ਨਾਲ ਲੁੱਟ ਮਚਾ ਰਿਹਾ ਹੈ। ਸਰਕਾਰ ਇਹਨਾਂ ਮਾਫ਼ੀਆਂ ਨੂੰ ਨੱਥ ਪਾ ਕੇ ਖਜ਼ਾਨਾ ਭਰਨ ਦੀ ਥਾਂ ਤੇ ਮੁਲਾਜ਼ਮਾਂ, ਪੈਨਸ਼ਨਰਾਂ, ਠੇਕੇ ਵਾਲੇ ਮੁਲਾਜ਼ਮਾਂ, ਆਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਤਨਖਾਹਾਂ, ਸਹੂਲਤਾਂ ਤੇ ਕਟੌਤੀ ਲਾ ਕੇ ਖਜ਼ਾਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ। ਪੇ-ਕਮਿਸ਼ਨ ਜੋ ਦੂਜੇ ਰਾਜਾਂ ਵਿੱਚ 2016 ਤੋਂ ਲਾਗੂ ਕੀਤਾ ਹੋਇਆ ਹੈ ਪਰ ਪੰਜਾਬ ਵਿੱਚ ਇਸ ਬਾਰੇ ਸਰਕਾਰ ਬਿਲਕੁਲ ਹੀ ਚੁੱਪ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦਾ ਪੇ-ਕਮਿਸ਼ਨ ਕੇਂਦਰ ਨਾਲੋਂ ਵੱਖਰਾ ਹੋਣਾ ਚਾਹੀਦਾ ਹੈ ਕਿਉਂਕਿ ਇਥੋਂ ਦਾ ਰਹਿਣ-ਸਹਿਣ, ਖਾਣ-ਪੀਣ, ਮੌਸਮ ਦੂਜੇ ਰਾਜਾਂ ਨਾਲੋਂ ਵੱਖਰਾ ਹੈ ਇਸ ਲਈ ਪੰਜਾਬ ਦੇ ਮੁਲਾਜ਼ਮਾਂ ਨੂੰ ਇਥੋਂ ਦੇ ਹਾਲਤਾਂ ਅਨੁਸਾਰ ਵੱਖਰਾ ਪੇ-ਕਮਿਸ਼ਨ ਮਿਲਣਾ ਚਾਹੀਦਾ ਹੈ ਜੋ ਕਿ ਪਹਿਲਾਂ ਤੋਂ ਮਿਲ ਰਿਹਾ ਸੀ ਪਰ ਹੁਣ ਸਰਕਾਰ ਨੇ ਕੇਂਦਰ ਨਾਲ ਬੰਨਣ ਦਾ ਫੈਸਲਾ ਕੀਤਾ ਹੈ। ਉਹ ਵੀ ਪੰਜ ਸਾਲ ਬਾਅਦ। ਹਰ ਮੁਲਾਜ਼ਮ ਦਾ ਲੱਖਾਂ ਰੁਪਇਆ ਸਰਕਾਰ ਵੱਲ ਬਕਾਇਆ ਪਿਆ ਹੈ। ਬੁਲਾਰਿਆਂ ਨੇ ਦੇਸ਼ ਵਿੱਚ ਕਿਸਾਨੀ ਸੰਘਰਸ਼ ਦੀ ਪੂਰੀ ਤਰ੍ਹਾਂ ਹਮਾਇਤ ਕਰਦਿਆਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹਾਂ। ਅਸੀਂ ਮੰਗ ਕਰਦੇ ਹਾਂ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਕਿਉਂਕਿ ਇਹਨਾਂ ਕਾਨੂੰਨਾਂ ਦੀ ਮਾਰ ਸਿਰਫ਼ ਕਿਸਾਨਾਂ ਤੇ ਹੀ ਨਹੀਂ ਪਵੇਗੀ ਸਗੋਂ ਇਹ ਕਾਨੂੰਨ ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਹਰ ਇੱਕ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਨਗੇ। ਬੁਲਾਰਿਆਂ ਨੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਅਤੇ ਮੁਲਾਜ਼ਮਾਂ ਨੂੰ ਤਿਆਰੀ ਕਰ ਲੈਣ ਲਈ ਕਿਹਾ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵੱਲੋਂ ਆਹਲੂਵਾਲਅਿਾ ਕਮੇਟੀ ਵੱਲੋਂ ਮੁਲਾਜ਼ਮਾਂ/ ਪੈਨਸ਼ਨਰਾਂ ਵਿਰੋਧੀ ਕੀਤੀਆਂ ਸਿਫਾਰਸ਼ਾਂ ਨੂੰ ਤੁਰੰਤ ਰੱਦ ਕਰਨ ਸਬੰਧੀ ਪੁਰਜ਼ੋਰ ਮੰਗ ਕੀਤੀ ਗਈ। ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਬਿਜਲੀ ਬਿੱਲ 2020 ਨੂੰ ਵਾਪਸ ਲਿਆ ਜਾਵੇ ਅਤੇ ਬਿਜਲੀ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਛਾਟੀ ਤੁਰੰਤ ਬੰਦ ਕੀਤੀ ਜਾਵੇ। ਇਸ ਰੈਲੀ ਵਿੱਚ ਭਜਨ ਸਿੰਘ ਗਿੱਲ, ਜਗਦੀਸ਼ ਸਿੰਘ ਚਾਹਲ, ਭੂਪਿੰਦਰ ਸਿੰਘ ਸੇਖੋਂ, ਸੁਰਿੰਦਰ ਰਾਮ ਕੁੱਸਾ, ਪ੍ਰੇਮ ਕੁਮਾਰ, ਗੁਰਦੇਵ ਸਿੰਘ, ਗੁਰਜੰਟ ਸਿੰਘ ਕੋਕਰੀ, ਦਲਜੀਤ ਸਿੰਘ ਭੁੱਲਰ, ਨਾਇਬ ਸਿੰਘ ਰੌਂਤਾ, ਜਾਗੀਰ ਸਿੰਘ ਖੋਖਰ, ਬਲਦੇਵ ਸਿੰਘ ਗੋਧੇਵਾਲਾ, ਦਰਸ਼ਨ ਸਿੰਘ ਬਰਾੜ, ਦਰਸ਼ਨ ਸਿੰਘ ਮੱਲ੍ਹੀ, ਬਿੱਕਰ ਸਿੰਘ ਮਾਛੀਕੇ, ਬਿੱਕਰ ਸਿੰਘ ਕੋਕਰੀ ਬੁੱਟਰਾਂ, ਸਰਬਜੀਤ ਸਿੰਘ ਦੌਧਰ, ਸੱਤਿਅਮ ਪ੍ਰਕਾਸ਼, ਜਸਪ੍ਰੀਤ ਗਗਨ, ਰੇਸਮ ਸਿੰਘ, ਦਾਤਾਰ ਸਿੰਘ, ਕੇਵਲ ਸਿੰਘ ਲੈਕ, ਗੁਰਮੀਤ ਸਿੰਘ ਘੋਲੀਆ, ਅਵਤਾਰ ਸਿੰਘ ਗਗੜਾ, ਪਰਮਜੀਤ ਸਿੰਘ ਜਗਰਾਉਂ ਆਦਿ ਨੇ ਸੰਬੋਧਨ ਕੀਤਾ ਅਤੇ ਪਿਆਰਾ ਸਿੰਘ ਚੀਮਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।


