ਵਿਧਾਨ ਸਭਾ ਵਲੋਂ 28 ਅਗਸਤ ਨੂੰ ਤਿੰਨ ਕੇਂਦਰੀ ਆਰਡੀਨੈਂਸ ਰੱਦ ਕਰਨ ਦਾ ਮਤਾ ਪਾਸ ਕਰਨ ਉਪਰੰਤ ਹੁਣ ਤੱਕ ਕੇਂਦਰ ਨੂੰ ਨਾ ਭੇਜ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ--ਸੁਖਬੀਰ ਸਿੰਘ ਬਾਦਲ
ਮੋਗਾ, 29 ਸਤੰਬਰ : ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਭਾਵੇਂ ਵਿਧਾਨ ਸਭਾ ਨੇ 28 ਅਗਸਤ ਨੂੰ ਤਿੰਨ ਕੇਂਦਰੀ ਆਰਡੀਨੈਂਸ ਰੱਦ ਕਰਨ ਦਾ ਮਤਾ ਪਾਸ ਕਰ ਦਿੱਤਾ ਸੀ ਪਰ ਇਹ ਹੁਣ ਤੱਕ ਕੇਂਦਰ ਨੂੰ ਨਹੀਂ ਭੇਜਿਆ ਗਿਆ। ਉਹਨਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਤਿੰਨਾਂ ਆਰਡੀਨੈਂਸਾਂ ਦੀ ਥਾਂ 'ਤੇ ਸੰਸਦ ਵਿਚ ਬਿੱਲ ਪੇਸ਼ ਹੋਏ ਤੇ ਪਾਸ ਕਰ ਦਿੱਤੇ ਗਏ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਮਗਰੋਂ ਹੁਣ ਇਹ ਐਕਟ ਬਣ ਗਏ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਮੇਸ਼ਾ ਧੋਖੇਬਾਜ਼ੀ ਕਰਨ ਦੀ ਆਦਤ ਦਾ ਹਿੱਸਾ ਹੈ ਕਿਉਂਕਿ ਉਹ ਹਮੇਸ਼ਾ ਦੋਗਲੀ ਖੇਡ ਖੇਡਦੇ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਦੱਸਣ ਕਿ ਜੇਕਰ ਉਹਨਾਂ ਨੇ ਮਤਾ ਸੰਸਦ ਅਤੇ ਕੇਂਦਰ ਸਰਕਾਰ ਨੂੰ ਭੇਜਣਾ ਹੀ ਨਹੀਂ ਸੀ ਤਾਂ ਫਿਰ ਇਹ ਵਿਸ਼ੇਸ਼ ਇਜਲਾਸ ਵਿਚ ਪਾਸ ਕਿਸ ਮਕਸਦ ਵਾਸਤੇ ਕਰਵਾਇਆ ਸੀ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਮਤਾ 12 ਦਿਨਾਂ ਬਾਅਦ ਵਿਧਾਨ ਸਭਾ ਤੋਂ ਮੁੱਖ ਸਕੱਤਰ ਦੇ ਦਫਤਰ ਭੇਜਿਆ ਗਿਆ ਜਦਕਿ ਇਹ ਦਫਤਰ ਵਿਧਾਨ ਸਭਾ ਦੇ ਬਿਲਕੁਲ ਨਾਲ ਹੈ। ਉਹਨਾਂ ਕਿਹਾ ਕਿ ਹੁਣ 20 ਦਿਨਾਂ ਤੋਂ ਇਹ ਮੁੱਖ ਸਕੱਤਰ ਦੇ ਟੇਬਲ 'ਤੇ ਪਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਨਾ ਸਿਰਫ ਕਾਂਗਰਸ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਪਰਵਾਹੀ ਤੇ ਰੁੱਖੇਪਨ ਦਾ ਪਤਾ ਚਲਦਾ ਹੈ ਬਲਕਿ ਇਸ ਨਾਲ ਇਸ ਕੇਸ ਵਿਚ ਨਿਆਂ ਹਾਸਲ ਕਰਨ ਦੇ ਟੀਚੇ ਨੂੰ ਰੋਕਣ ਲਈ ਡੂੰਘੀ ਸਾਜ਼ਿਸ਼ ਵੀ ਬੇਨਕਾਬ ਹੋ ਗਈ ਹੈ।
ਮੁੱਖ ਮੰਤਰੀ ਨੂੰ ਥੋਥੇ ਬਿਆਨ ਜਾਰੀ ਨਾ ਕਰਨ ਵਾਸਤੇ ਆਖਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਤੁਸੀਂ ਕਿਸਾਨਾਂ ਵਾਸਤੇ ਲੜਨ ਦੀ ਗੱਲ ਕਰ ਰਹੇ ਹੋ ਪਰ ਤੁਸੀਂ ਕਿਤੇ ਵੀ ਕੁਝ ਕਰਦੇ ਵਿਖਾਈ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਮੈਂ ਕਿਸਾਨ ਸੰਗਠਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੁੱਖ ਮੰਤਰੀ ਨੂੰ ਆਖਣ ਕਿ ਪਹਿਲਾਂ ਉਹ ਆਪਣੀ ਛੁਪਣਗਾਹ ਵਿਚੋਂ ਬਾਹਰ ਨਿਕਲਣ। ਉਹਨਾਂ ਕਿਹਾ ਕਿ ਉਹਨਾਂ ਨੂੰ ਕਿਸਾਨਾਂ ਲਈ ਟੀਚਾ ਹਾਸਲ ਕਰਨ ਵਾਸਤੇ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਮੁੱਖ ਮੰਤਰੀ ਨੇ ਸਾਰੇ ਪੰਜਾਬ ਨੂੰ ਸਰਕਾਰੀ ਮੰਡੀ ਐਲਾਨਣ ਤਾਂ ਜੋ ਕਿ ਪੰਜਾਬ ਵਿਚ ਨਵੇਂ ਖੇਤੀਬਾੜੀ ਐਕਟ ਲਾਗੂ ਹੀ ਨਾ ਹੋ ਸਕਣ, ਦੇ ਸੁਝਾਅ ਨੂੰ ਠੁਕਰਾਇਆ ਹੈ, ਤੋਂ ਪਤਾ ਚਲਦਾ ਹੈ ਕਿ ਉਹਨਾਂ ਦਾ ਮਕਸਦ ਕਿਸਾਨਾਂ ਦੇ ਸੰਘਰਸ਼ ਨੂੰ ਸਾਬੋਤਾਜ ਕਰਨਾ ਹੈ।
ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਨਾਲ ਡੱਟ ਕੇ ਖੜਾ ਹੋਵੇਗਾ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਭਰੋਸਾ ਦੁਆਉਂਦਾ ਹਾਂ ਕਿ ਜੋ ਵੀ ਸੰਘਰਸ਼ ਤੁਸੀਂ ਤੈਅ ਕਰੋਗੇ ਸ਼੍ਰੋਮਣੀ ਅਕਾਲੀ ਦਲ ਪੂਰੇ ਦਿਲੋਂ ਉਸਦੀ ਹਮਾਇਤ ਕਰੇਗਾ। ਜਦੋਂ ਪੁੱਛਿਆ ਗਿਆ ਕਿ ਅੱਜ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋ ਰਹੀ ਹੈ ਤਾਂ ਸ੍ਰੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਕੇਂਦਰੀ ਆਰਡੀਨੈਂਸਾਂ ਖਿਲਾਫ ਪਾਸ ਹੋਇਆ ਵਿਧਾਨ ਸਭਾ ਦਾ ਮਤਾ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਭੇਜਿਆ।
ਅੱਜ ਦੀ ਪ੍ਰੈਸ ਕਾਨਫਰੰਸ ਮੌਕੇ ਜਥੇਦਾਰ ਤੋਤਾ ਸਿੰਘ ,ਤੀਰਥ ਮਾਹਲਾ ,ਬਰਜਿੰਦਰ ਬਰਾੜ ,ਅਕਸ਼ਿਤ ਜੈਨ ,ਅਮਰਜੀਤ ਲੰਡੇਕੇ ,ਖਾਨਮੁਖ ਭਾਰਤੀ ਪੱਤੋ ,ਅਸ਼ਵਨੀ ਪਿੰਟੂ ,ਰਾਜਿੰਦਰ ਡੱਲਾ ,ਪ੍ਰੇਮ ਚਕੀਵਾਲਾ,ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ,ਰਾਜਵੰਤ ਮਾਹਲਾ ,ਬੂਟਾ ਸਿੰਘ ਦੌਲਤਪੁਰਾ ,ਰਵਦੀਪ ਸਿੰਘ ਸੰਘਾ ਆਦਿ ਹਾਜ਼ਰ ਸਨ ।