ਬੱਚੇਦਾਨੀ ਦੀਆਂ ਰਸੌਲੀਆਂ ਕਿਉਂ ਬਣਦੀਆਂ ਹਨ ? ----ਡਾ ਅਮਨਦੀਪ ਸਿੰਘ ਟੱਲੇਵਾਲੀਆ

ਮੋਗਾ, 25 ਸਤੰਬਰ (INTERNATIONAL PUNJABI NEWS BUREAU) :: ਬੱਚੇਦਾਨੀ, ਔਰਤ ਦੀ ਜਣਨ ਕਿਰਿਆ ਦਾ ਇਕ ਜ਼ਰੂਰੀ ਅੰਗ ਹੈ, ਜਿਸ ਬਿਨਾਂ ਔਰਤ ਅਧੂਰੀ ਹੈ। ਦੁਨੀਆਂ 'ਤੇ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਪਾਈਆਂ ਗਈਆਂ ਹਨ, ਜਿਨ੍ਹਾਂ ਨੂੰ ਕੁਦਰਤ ਨੇ ਇਸ ਵਰਦਾਨ ਤੋਂ ਵਾਂਝਿਆਂ ਰੱਖਿਆ। ਬੱਚੇਦਾਨੀ ਨੂੰ ਆਮ ਭਾਸ਼ਾ ਵਿਚ 'ਕੁੱਖ' ਵੀ ਕਹਿ ਦਿੱਤਾ ਜਾਂਦਾ ਹੈ, ਜਿਸ ਵਿਚ ਬੱਚਾ ਬਣਦਾ ਹੈ ਅਤੇ ਨੌਂ ਮਹੀਨੇ ਆਪਣੀ ਮਾਂ ਦੀ ਨਿੱਘੀ ਗੋਦ ਦਾ ਆਨੰਦ ਮਾਣਦਾ ਹੈ ਪਰ ਇਸ ਜ਼ਰੂਰੀ ਅੰਗ ਦੀਆਂ ਬਿਮਾਰੀਆਂ ਔਰਤਾਂ ਵਿਚ ਸਭ ਤੋਂ ਵਧੇਰੇ ਪਾਈਆਂ ਜਾਂਦੀਆਂ ਹਨ। ਬੱਚੇਦਾਨੀ ਦੀਆਂ ਰਸੌਲੀਆਂ ਬਣਨੀਆਂ ਤਾਂ ਆਮ ਗੱਲ ਹੋ ਗਈ ਹੈ। ਬੱਚੇਦਾਨੀ ਦਾ ਕੈਂਸਰ ਵੀ ਅੱਜਕੱਲ੍ਹ ਆਮ ਗੱਲ ਹੈ। ਆਓ ਵਿਚਾਰ ਕਰੀਏ ਕਿ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਦਿਨ-ਬ-ਦਿਨ ਬੱਚੇਦਾਨੀ ਦੀਆਂ ਰਸੌਲੀਆਂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

1 ਜੱਦੀ ਪੁਸ਼ਤੀ ਕਾਰਨ 

2 ਹਾਰਮੋਨਜ਼ ਦੀ ਅਸੰਤੁਲਤਾ 

ਜਿਸ ਵਿਚ ਮੁੱਖ ਰੂਪ ਵਿਚ ਉਹ ਔਰਤਾਂ ਜੋ ਜ਼ਿਆਦਾ ਹਾਰਮੋਨਜ਼ ਦੀ ਵਰਤੋਂ ਕਰਦੀਆਂ ਹਨ, ਜਿਵੇਂ ਕਿ ਗਰਭ ਰੋਕੂ ਗੋਲੀਆਂ (ਮਾਲਾ ਡੀ, ਓਵਰਿਲ, ਸਹੇਲੀ) ਜਾਂ ਮਾਹਵਾਰੀ ਦੀ ਅਨਿਯਮਤਾ ਹੋਣ 'ਤੇ ਜ਼ਿਆਦਾ ਹਾਰਮੋਨਜ਼ ਦਵਾਈਆਂ ਦੀ ਵਰਤੋਂ ਕਾਰਨ ਰਸੌਲੀਆਂ ਹੋਣ ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ। ਪਸ਼ੂਆਂ ਨੂੰ ਦੁੱਧ ਚੋਣ ਵੇਲੇ ਲਾਇਆ ਜਾਣ ਵਾਲਾ ਔਕਸੀਟੋਸਨ ਦਾ ਟੀਕਾ ਵੀ ਰਸੌਲੀਆਂ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ।

3 ਮਾਨਸਿਕ ਤਣਾਅ।
(ਉ)ਉਹ ਔਰਤਾਂ, ਜਿਨ੍ਹਾਂ ਦੇ ਵਿਆਹ ਤੋਂ ਦੋ-ਚਾਰ ਸਾਲ ਬੀਤਣ 'ਤੇ ਵੀ ਬੱਚਾ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਬੱਚੇਦਾਨੀ ਵਿਚ ਰਸੌਲੀਆਂ ਬਣਨਾ ਆਮ ਗੱਲ ਹੈ ਕਿਉਂਕਿ ਹਰੇਕ ਔਰਤ ਵਿਆਹ ਤੋਂ ਪਿੱਛੋਂ ਮਾਂ ਬਣਨਾ ਲੋਚਦੀ ਹੈ। ਅਗਰ ਕਿਸੇ ਕਾਰਨ ਕਰਕੇ ਔਰਤ ਮਾਂ ਨਹੀਂ ਬਣ ਸਕਦੀ ਤਾਂ ਉਸਦੀ ਬੱਚੇਦਾਨੀ ਵਿਚ ਰਸੌਲੀ ਦਾ 'ਜਨਮ' ਹੋਣਾ ਸ਼ੁਰੂ ਹੋ ਜਾਂਦਾ ਹੈ।
(ਅ)ਉਹ ਔਰਤਾਂ ਜਿਨ੍ਹਾਂ ਦੇ ਕੰਤ ਚੜ੍ਹਦੀ ਉਮਰ ਵਿਚ ਸਾਥ ਛੱਡ ਜਾਂਦੇ ਹਨ ਜਾਂ ਜੇਕਰ ਕਿਸੇ ਔਰਤ ਦੇ ਬੱਚੇ (ਪੁੱਤ ਜਾਂ ਧੀ) ਦੀ ਮੌਤ ਹੋ ਜਾਵੇ ਤਾਂ ਬੱਚੇਦਾਨੀ ਵਿਚ ਰਸੌਲੀਆਂ ਬਣਨ ਦਾ ਖ਼ਤਰਾ ਵਧ ਜਾਂਦਾ ਹੈ। ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬੱਚੇਦਾਨੀ ਉੱਤੇ ਸਿਰਫ਼ ਪਤੀ ਜਾਂ ਬੱਚਿਆਂ ਦਾ ਹੀਨ ਹੱਕ ਹੁੰਦਾ ਹੈ
(ਏ)ਜਿਹੜੇ ਘਰਾਂ ਵਿਚ ਲੜਾਈ-ਕਲੇਸ਼ ਜ਼ਿਆਦਾ ਰਹਿੰਦਾ ਹੋਵੇ ਅਤੇ ਉਹ ਔਰਤਾਂ ਜੋ ਕਿਸੇ ਦੇ ਪ੍ਰਭਾਵ ਅਧੀਨ ਜ਼ਿੰਦਗੀ ਦੇ ਦਿਨ ਕੱਟਦੀਆਂ ਹਨ, ਉਨ੍ਹਾਂ ਵਿਚ ਹਾਰਮੋਨਜ਼ ਦੀ ਅਸੰਤੁਲਤਾ ਵਧ ਜਾਂਦੀ ਹੈ।
(ਸ)ਉਹ ਔਰਤਾਂ, ਜਿਨ੍ਹਾਂ ਵਿਚ ਕਾਮ ਇੱਛਾ ਬਹੁਤ ਜ਼ਿਆਦਾ ਹੋਵੇ ਪਰ ਉਨ੍ਹਾਂ ਦੀ ਇਹ ਇੱਛਾ ਪੂਰੀ ਨਾ ਹੋਵੇ ਤਾਂ ਉਹ ਬੱਚੇਦਾਨੀ ਦੀਆਂ ਰਸੌਲੀਆਂ ਦਾ ਸ਼ਿਕਾਰ ਹੋ ਸਕਦੀਆਂ ਹਨ। ਕੁਆਰੀਆਂ ਕੁੜੀਆਂ ਵਿਚ ਤਾਂ ਬੱਚੇਦਾਨੀ ਦੀਆਂ ਰਸੌਲੀਆਂ ਦੇ ਕੇਸ ਬਹੁਤ ਹੀ ਘੱਟ ਮਿਲਦੇ ਹਨ ਪਰ ਉਹ ਕੁੜੀਆਂ ਜੋ ਸਾਰੀ ਉਮਰ ਵਿਆਹ ਨਹੀਂ ਕਰਵਾਉਂਦੀਆਂ ਜਾਂ ਇਹ ਕਹਿ ਲਵੋ ਕਿ ਕੁਦਰਤ ਦੇ ਨਿਯਮਾਂ ਦੇ ਉਲਟ ਚਲਦੀਆਂ ਹਨ, ਜੋ ਸਾਰੀ ਉਮਰ ਆਪਣੀ ਕਾਮ ਇੱਛਾ ਨੂੰ ਦਬਾ ਕੇ ਰੱਖਦੀਆਂ ਹਨ, ਉਨ੍ਹਾਂ ਵਿਚ ਰਸੌਲੀਆਂ ਬਣਨਾ ਸੁਭਾਵਿਕ ਹੈ।
ਲੱਛਣ : ਬੱਚੇਦਾਨੀ ਦੀਆਂ ਰਸੌਲੀਆਂ ਕਿਸੇ ਵੀ ਉਮਰ ਵਿਚ ਬਣ ਸਕਦੀਆਂ ਹਨ। ਬੱਚੇਦਾਨੀ ਦੀਆਂ ਰਸੌਲੀਆਂ ਦਾ ਸਭ ਤੋਂ ਵੱਡਾ ਲੱਛਣ ਹੈ ਮਾਹਵਾਰੀ ਦੌਰਾਨ ਖ਼ੂਨ ਦਾ ਜ਼ਿਆਦਾ ਪੈਣਾ। ਕਈ ਔਰਤਾਂ ਦੇ ਸਿਰਫ਼ ਪੈਡੂ ਵਾਲੀ ਜਗ੍ਹਾ ਜਾਂ ਢੂਹੀ ਵਿਚ ਦਰਦ ਹੁੰਦਾ ਰਹਿੰਦਾ ਹੈ, ਜੋ ਮਾਹਵਾਰੀ ਦੇ ਦਿਨਾਂ ਦੌਰਾਨ ਜ਼ਿਆਦਾ ਵਧ ਜਾਂਦਾ ਹੈ। ਪੇਟ ਦੇ ਹੇਠਲੇ ਹਿੱਸੇ ਵਿਚ ਜ਼ਿਆਦਾ ਭਾਰ ਲੱਗਣਾ ਜਾਂ ਜਿਸ ਤਰ੍ਹਾਂ ਭਾਰ ਪੈਂਦਾ ਹੈ, ਉਸ ਤਰ੍ਹਾਂ ਮਹਿਸੂਸ ਹੋਣਾ ਇਹ ਸਾਰੇ ਰਸੌਲੀਆਂ ਦੇ ਲੱਛਣ ਹਨ।

ਕੀ ਬੱਚੇਦਾਨੀ ਕੱਢਣਾ ਹੀ ਇਸਦਾ ਹੱਲ ਹੈ : ਨਹੀਂ! 
ਅਜਿਹੀਆਂ ਔਰਤਾਂ, ਜਿਨ੍ਹਾਂ ਦੇ ਬੱਚੇਦਾਨੀ ਵਿਚ ਰਸੌਲੀਆਂ ਬਣ ਜਾਂਦੀਆਂ ਹਨ ਤਾਂ ਸਾਡੇ ਦੇਸ਼ ਦੇ ਮਾਣਯੋਗ ਸਰਜਨ ਸਾਹਿਬ ਰਸੌਲੀਆਂ ਸਮੇਤ ਬੱਚੇਦਾਨੀ ਕੱਢ ਕੇ ਪਰ੍ਹਾਂ ਮਾਰਦੇ ਹਨ। ਉਹ ਦੇਖਦੇ ਹਨ ਕਿ ਜੇਕਰ ਕਿਸੇ ਔਰਤ ਦੇ ਦੋ ਬੱਚੇ ਹਨ ਤਾਂ ਉਸਦੀ ਬੱਚੇਦਾਨੀ ਕੱਢ ਕੇ ਪਰ੍ਹਾਂ ਸੁੱਟ ਦਿਓ। ਜੇਕਰ ਸਾਡੇ ਦੇਸ਼ ਦੇ ਸਰਜਨਾਂ ਨੇ ਇਹੀ ਵਰਤਾਰਾ ਜਾਰੀ ਰੱਖਿਆ ਤਾਂ ਆਉਣ ਵਾਲੇ ਸਾਲਾਂ ਵਿਚ ਤੀਹ ਜਾਂ ਪੈਂਤੀ ਸਾਲ ਦੀ ਉਮਰ ਤੋਂ ਪਿੱਛੋਂ ਕੋਈ ਔਰਤ ਅਜਿਹੀ ਨਹੀਂ ਮਿਲੇਗੀ, ਜਿਸਦੇ ਬੱਚੇਦਾਨੀ ਹੋਵੇ। ਬੱਚੇਦਾਨੀ ਨੂੰ ਉਦੋਂ ਤੱਕ ਨਹੀਂ ਕਢਵਾਉਣਾ ਚਾਹੀਦਾ, ਜਦੋਂ ਤੱਕ ਤਕਲੀਫ਼ ਬਹੁਤੀ ਜ਼ਿਆਦਾ ਨਾ ਹੋਵੇ। ਮਾੜਾ-ਮੋਟਾ ਪਾਣੀ ਪੈਣ 'ਤੇ ਜਾਂ ਦਰਦ ਰਹਿਣ 'ਤੇ ਜਿਹੜੀਆਂ ਔਰਤਾਂ ਬੱਚੇਦਾਨੀ ਕਢਵਾਉਣ ਦਾ ਫੈਸਲਾ ਲੈ ਲੈਂਦੀਆਂ ਹਨ, ਉਨ੍ਹਾਂ ਨੂੰ ਇਸਦੇ ਭਿਆਨਕ ਨਤੀਜੇ ਭੁਗਤਣੇ ਪੈਂਦੇ ਹਨ। ਉਪਰੇਸ਼ਨ ਤੋਂ ਪਿੱਛੋਂ ਮੋਟਾਪਾ ਆਉਣਾ ਤਾਂ ਆਮ ਗੱਲ ਹੈ ਪਰ ਕਈ ਔਰਤਾਂ ਵਿਚ ਲਗਭਗ ਪੰਜਾਹ ਸਾਲ ਦੀ ਉਮਰ ਤੱਕ ਬਿਲਕੁਲ ਉਸੇ ਤਰ੍ਹਾਂ ਦੇ ਲੱਛਣ ਆਉਂਦੇ ਰਹਿੰਦੇ ਹਨ, ਜੋ ਉਪਰੇਸ਼ਨ ਕਰਵਾਉਣ ਤੋਂ ਪਹਿਲਾਂ ਹੁੰਦੇ ਸਨ, ਜਿਵੇਂ ਛਾਤੀ ਦਾ ਭਾਰਾ ਹੋਣਾ, ਪੇਟ ਵਿਚ ਦਰਦ ਰਹਿਣਾ ਜਾਂ ਸਹੀ ਇਕ ਮਹੀਨੇ ਪਿੱਛੋਂ ਥੋੜ੍ਹਾ-ਥੋੜ੍ਹਾ ਪਾਣੀ ਪੈਣਾ ਵਗੈਰਾ। ਹੋਮਿਓਪੈਥਿਕ ਫ਼ਲਸਫਾ ਇਸ ਸਿਧਾਂਤ 'ਤੇ ਪਹਿਰਾ ਦਿੰਦਾ ਹੈ ਕਿ ਉਹ ਸਰੀਰਕ ਜਾਂ ਮਾਨਸਿਕ ਪ੍ਰਕਿਰਿਆ ਜੋ ਸਾਡੇ ਸਰੀਰ ਜਾਂ ਮਨ ਅੰਦਰ ਇਕ ਅਸੰਤੁਲਿਤ ਰੂਪ ਵਿਚ ਚੱਲ ਰਹੀ ਹੈ, ਉਸਦਾ ਸੰਤੁਲਨ ਠੀਕ ਕੀਤਾ ਜਾਵੇ ਤਾਂ ਜੋ ਰਸੌਲੀਆਂ ਬਣ ਗਈਆਂ, ਉਹ ਖੁਰ ਸਕਣ ਅਤੇ ਅੱਗੇ ਤੋਂ ਵੀ ਰਸੌਲੀਆਂ ਦਾ ਬਣਨਾ ਰੋਕਿਆ ਜਾਵੇ।

ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446