ਧੋਖਾਧੜੀ ਦੇ ਦੋਸ਼ ਹੇਠ ਦੋ ਕੰਡਕਟਰਾਂ ਸਮੇਤ ਸਟੈਨੋ ਗਿ੍ਰਫਤਾਰ,ਪੀ.ਆਰ.ਟੀ.ਸੀ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਵਿਜੀਲੈਂਸ ਨੇਂ ਕੀਤਾ ਗਿ੍ਰਫਤਾਰ
ਚੰਡੀਗੜ 24 ਸਤੰਬਰ: ਪੰਜਾਬ ਵਿਜੀਲੈਂਸ ਬਿਰੋ ਵਲੋਂ ਪੀ.ਆਰ.ਟੀ.ਸੀ ਬਠਿੰਡਾ ਡਿੱਪੂ ਵਿਖੇ ਤਾਇਨਾਤ ਦੋ ਕੰਡਕਟਰਾਂ ਸਮੇਤ ਇੱਕ ਸਟੈਨੋ ਨੂੰ ਕਾਰਪੋਰੇਸ਼ਨ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਗਿ੍ਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਜਮੇਰ ਸਿੰਘ ਵਾਸੀ ਮਲੋਟ ਦੀ ਸ਼ਿਕਾਇਤ ਉਤੇ 2017 ਵਿਚ ਦਰਜ ਕੀਤੀ ਸ਼ਿਜਾਇਤ ਦੀ ਪੜਤਾਲ ਉਪਰੰਤ ਪੀ.ਆਰ.ਟੀ.ਸੀ ਬਠਿੰਡਾ ਡਿੱਪੂ ਵਿਖੇ ਤਾਇਨਾਤ ਯਸ਼ਪਾਲ ਗੋਇਲ ਸਟੈਨੋ, ਪਰਦੀਪ ਕੁਮਾਰ ਅਤੇ ਬਲਜੀਤ ਸਿੰਘ ਦੋਵੇਂ ਕੰਡਕਟਰਾਂ ਨੂੰ ਰਿਸ਼ਵਤ ਲੈਣ ਅਤੇ ਧੋਖਾਧੜੀ ਕਰਨ ਕਰਨ ਸਬੰਧੀ ਚਲ ਰਹੀ ਜਾਂਚ ਉਪਰੰਤ ਗਿ੍ਰਫਤਾਰ ਕੀਤਾ ਹੈ।ਬੁਲਾਰੇ ਨੇ ਦੱਸਿਆ ਕਿ ਪੀ.ਆਰ.ਟੀ.ਸੀ ਬਠਿੰਡਾ ਡਿੱਪੂ ਵਲੋਂ ਸਾਲ 2015 ਵਿਚ ਬਠਿੰਡਾ ਬੱਸ ਅੱਡੇ ਵਿਖੇ 17 ਦੁਕਾਨਾਂ ਦੀ ਨਿਲਾਮੀ ਰੱਖੀ ਗਈ ਸੀ। ਵਿਭਾਗ ਤੇ ਸਰਕਾਰ ਦੇ ਨਿਯਮਾਂ ਮੁਤਾਬਿਕ ਬੋਲੀ ਦੇਣ ਦੇ ਚਾਹਵਾਨ ਵਿਅਕਤੀ ਬੋਲੀ ਦੇਣ ਤੋਂ ਪਹਿਲਾਂ ਮੋੜਨਯੋਗ ਆਰਜੀ ਸਕਿਉਰਿਟੀ ਦੇ ਤੌਰ ਤੇ ਹਰ ਦੁਕਾਨ ਪਿਛੇ 10,000 ਰੁਪਏ ਪੀ.ਆਰ.ਟੀ.ਸੀ ਦੇ ਕੈਸ਼ੀਅਰ ਪਾਸ ਜਮਾ ਕਰਵਾਕੇ ਰਸੀਦ ਲੋੜੀਂਦੀ ਸੀ। ਬੋਲੀ ਤੋਂ ਬਾਅਦ ਅਸਫਲ ਰਹੇ ਬੋਲੀਕਾਰ ਦੀ ਸਿਕਿਉਰਿਟੀ ਵਾਪਸ ਕੀਤੀ ਜਾਣੀ ਸੀ। ਬੋਲੀਕਾਰ ਹਰਪਾਲ ਸਿੰਘ, ਮਹੇਸ਼ ਸਿੰਘ, ਜਗਦੀਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਵਲੋਂ 10,000-10,000 ਰੁਪਏ ਦੇ ਹਿਸਾਬ ਨਾਲ ਕੁਲ 40,000 ਰੁਪਏ ਪ੍ਰਦੀਪ ਕੁਮਾਰ ਕੰਡਕਟਰ ਪਾਸ ਜਮਾਂ ਕਰਵਾਏ ਗਏ ਪਰ ਉਸਨੇ ਉਨਾਂ ਨੂੰ ਕੱਚੀਆਂ ਰਸੀਦਾਂ ਪ੍ਰਾਪਤ ਦੇ ਦਿੱਤੀਆਂ ਅਤੇ ਬੋਲੀ ਤੋਂ ਬਾਅਦ ਇਨਾਂ ਬੋਲੀਕਾਰਾਂ ਦੀ ਸਕਿਉਰਿਟੀ ਵਾਪਸ ਨਹੀਂ ਕੀਤੀ।ਵਿਜੀਲੈਂਸ ਰੇਂਜ ਬਠਿੰਡਾ ਵੱਲੋਂ ਕੀਤੀ ਜਾਂਚ ਦੌਰਾਨ ਪਾਇਆ ਗਿਆ ਕਿ ਇਨਾਂ ਦੋਸ਼ੀਆਂ ਨੇ ਪ੍ਰਾਪਤ ਕੀਤੀ ਸਿਕਿਓਰਿਟੀ ਦੀ ਰਕਮ ਪੀ.ਆਰ.ਟੀ.ਸੀ ਦੇ ਕਿਸੇ ਵੀ ਰਜਿਸਟਰ ਵਿਚ ਦਰਜ ਨਹੀਂ ਕੀਤੀ ਅਤੇ ਨਾ ਹੀ ਦੁਕਾਨ ਨੰਬਰ 20 ਕਿਸੇ ਸੁਲਭ ਕਥੂਰੀਆ ਨਾਮੀ ਵਿਅਕਤੀ ਨੂੰ ਅਲਾਟ ਹੋਈ ਸੀ। ਜਦਕਿ ਉਸਨੇ ਨੇ ਅੱਗੇ ਇਹ ਦੁਕਾਨ ਆਪਣੇ ਚਚੇਰੇ ਭਾਈ ਅਭੀ ਕਥੂਰੀਆ ਨੂੰ ਅੱਗੇ ਸੌਂਪ ਦਿੱਤੀ ਸੀ ਅਤੇ ਸਟੈਨੋ ਯੋਸ਼ਪਾਲ ਗੋਇਲ ਵਲੋਂ ਇਸ ਦੁਕਾਨ ਦੀ ਸਿਕਿਉਰੀਟੀ ਬਦਲੇ 1,05,000 ਰੁਪਏ ਹਾਸਲ ਕਰਨ ਉਪਰੰਤ ਕੱਚੀ ਰਸੀਦ ਤਿਆਰ ਕਰਕੇ ਉਸ ਰਸੀਦ ਉਪਰ ਕੈਸ਼ ਬਰਾਂਚ ਵਿਚ ਤਾਇਨਾਤ ਬਲਜੀਤ ਸਿੰਘ ਕੰਡਕਟਰ ਪਾਸੋਂ ਦਸਤਖਤ ਕਰਵਾਕੇ ਅਭੀ ਕਥੂਰੀਆ ਨੂੰ ਦੇ ਦਿੱਤੀ ਸੀ ਪਰ ਇਹ ਰਕਮ ਵੀ ਪੀ.ਆਰ.ਟੀ.ਸੀ ਦੇ ਸਰਕਾਰੀ ਖਾਤੇ ਵਿਚ ਜਮਾਂ ਨਹੀ ਕਰਵਾਈ ਗਈ ਅਤੇ ਨਾ ਹੀ ਕਿਸੇ ਸਰਕਾਰੀ ਰਿਕਾਰਡ ਵਿਚ ਦਰਜ ਕੀਤੀ ਗਈ। ਇਸ ਪੜਤਾਲ ਉਪਰੰਤ ਵਿਜੀਲੈਂਸ ਵਲੋਂ ਪੀ.ਆਰ.ਟੀ.ਸੀ ਬਠਿੰਡਾ ਡਿਪੂ ਵਿਖੇ ਤਾਇਨਾਤ ਯਸ਼ਪਾਲ ਗੋਇਲ ਸਟੈਨੋ, ਪਰਦੀਪ ਕੁਮਾਰ ਅਤੇ ਬਲਜੀਤ ਸਿੰਘ ਦੋਵੇਂ ਕੰਡਕਟਰਾਂ ਨੂੰ ਰਿਸ਼ਵਤ ਲੈਣ ਅਤੇ ਘਪਲਾ ਕਰਨ ਦੇ ਦੋਸ਼ ਹੇਠ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਦਰਜ ਮੁਕੱਦਮੇ ਵਿੱਚ ਗਿ੍ਰਫਤਾਰ ਕਰ ਲਿਆ ਹੈ।