ਵਿਧਾਇਕ ਡਾ: ਹਰਜੋਤ ਕਮਲ ਦੀ ਪਹਿਲ ’ਤੇ ਨਗਰ ਨਿਗਮ ਵਿਖੇ ‘ਸਾਂਝੀ ਰਸੋਈ’ ਮੁੜ ਤੋਂ ਹੋਈ ਸ਼ੁਰੂ,10 ਰੁਪਏ ਵਿਚ ਮਿਲੇਗੀ ਪੌਸ਼ਟਿਕ ਆਹਾਰ ਵਾਲੀ ਥਾਲੀ
ਮੋਗਾ,24 ਸਤੰਬਰ (ਜਸ਼ਨ) : ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਪਹਿਲ ’ਤੇ ਅੱਜ ਨਗਰ ਨਿਗਮ ਵਿਖੇ ‘ਸਾਂਝੀ ਰਸੋਈ’ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਪ੍ਰੇਰਨਾ ਨਾਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਸਾਂਝੀਆਂ ਰਸੋਈਆਂ ਸ਼ੁਰੂ ਕੀਤੀਆਂ ਗਈਆਂ ਸਨ ਜਿੱਥੇ ਕੋਈ ਵੀ ਵਿਅਕਤੀ ਸਿਰਫ਼ 10 ਰੁਪਏ ਵਿਚ ਭੋਜਨ ਦੀ ਥਾਲੀ ਲੈ ਕੇ ਪੇਟ ਭਰ ਖਾਣਾ ਖਾ ਸਕਦਾ ਸੀ ਪਰ ਕਰੋਨਾ ਮਹਾਂਮਾਰੀ ਦੌਰਾਨ ਲੌਕਡਾਊਨ ਹੋਣ ਕਰਕੇ ਮੋਗਾ ਵਿਚ ਸਾਂਝੀ ਰਸੋਈ ਦਾ ਕੰਮ ਠੱਪ ਹੋ ਗਿਆ ਸੀ ਪਰ ਲੋੜਵੰਦ ਲੋਕਾਂ ਦੀ ਸਹੂਲਤ ਲਈ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਅੱਜ ‘ਸਾਂਝੀ ਰਸੋਈ’ ਮੁੜ ਸ਼ੁਰੂ ਹੋ ਗਈ। ਇਹ ਸਾਂਝੀ ਰਸੋਈ ਸਵੈ ਸੇਵੀ ਸੰਸਥਾ ‘ਮਾਈ ਮੋਗਾ ਵੈਲਫੇਅਰ ਸੋਸਾਇਟੀ’ ਦੀ ਦੇਖ ਰੇਖ ਵਿਚ ਮਹਿਜ਼ 10 ਰੁਪਏ ਵਿਚ ਪੌਸ਼ਟਿਕ ਆਹਾਰ ਮੁਹੱਈਆ ਕਰਵਾਏਗੀ। ਨਗਰ ਨਿਗਮ ਦੀ ਹਦੂਦ ਵਿਚ ਅੱਜ ਸਾਂਝੀ ਰਸੋਈ ਦੀ ਸ਼ੁਰੂਆਤ ਦਾ ਰਸਮੀ ਉਦਘਾਟਨ ਕਰਨ ਲਈ ਵਿਧਾਇਕ ਡਾ: ਹਰਜੋਤ ਕਮਲ ਬਤੌਰ ਮੁੱਖ ਮਹਿਮਾਨ ਪਹੰੁਚੇ। ਉਹਨਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਅਤੇ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ। ਵਿਧਾਇਕ ਅਤੇ ਚੇਅਰਮੈਨ ਨੇ ਬਕਾਇਦਾ ਸਾਂਝੀ ਰਸੋਈ ਤੋਂ ਥਾਲੀ ਲੈ ਕੇ ਭੋਜਨ ਦੀ ਗੁਣਵੱਤਾ ਨੂੰ ਜਾਂਚਦਿਆਂ ਪੌਸ਼ਟਿਕ ਆਹਾਰ ਦਾ ਸਵਾਦ ਲਿਆ। ਸਾਂਝੀ ਰਸੋਈ ਦੇ ਪ੍ਰੌਜੈਕਟ ਦੀ ਸ਼ਲਾਘਾ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਲੋੜਵੰਦਾਂ ਨੂੰ ਘੱਟ ਕੀਮਤ ’ਤੇ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ ‘ਸਾਂਝੀ ਰਸੋਈ‘ ਨਗਰ ਨਿਗਮ ਮੋਗਾ ਵਿਖੇ ਐਤਵਾਰ ਨੂੰ ਛੱਡ ਕੇ ਰੋਜ਼ਾਨਾ ਲਗਭੱਗ ਦੁਪਹਿਰ 12 ਤੋਂ 3 ਵਜੇ ਤੱਕ ਵਧੀਆ ਖਾਣਾ ਮੁਹਈਆ ਕਰਵਾਏਗੀ। ਉਨ੍ਹਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 31 ਮਈ, 2017 ਨੂੰ ਸ਼ੁਰੂ ਕੀਤੀ ਗਈ ਇਸ ਸਾਂਝੀ ਰਸੋਈ ‘ਚ ਹੁਣ ਤੱਕ ਹਜ਼ਾਰਾਂ ਵਿਅਕਤੀ ਖਾਣਾ ਖਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਵਿਅਕਤੀਆਂ ਨੂੰ ਸਾਂਝੀ ਰਸੋਈ ਸਿਰਫ 10 ਰੁਪਏ ਵਿਚ ਹੀ ਖਾਣੇ ਦੀ ਥਾਲ਼ੀ ਉਪਲੱਭਦ ਕਰਵਾਏਗੀ। ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੇਰਨਾ ਨਾਲ ਬਾਬਾ ਨਾਨਕ ਜੀ ਤੋਂ ਸੇਧ ਲੈ ਕੇ ਸ਼ੁਰੂ ਕੀਤਾ ਗਿਆ ਇਹ ਨਿਵੇਕਲਾ ਪ੍ਰੋਜੈਕਟ ਗ਼ਰੀਬ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ।