ਕਿਸਾਨਾਂ ਦੀ ਬੱਸ ਟਰਾਲੇ ਨਾਲ ਟਕਰਾਈ, 1 ਕਿਸਾਨ ਦੀ ਮੌਤ, 11 ਜ਼ਖ਼ਮੀ,ਦੋ ਗੰਭੀਰ ,ਬਾਦਲ ਮੋਰਚੇ ਚੋਂ ਮੁੜਦਿਆਂ ਨਾਲ ਵਾਪਰਿਆ ਹਾਦਸਾ

ਮਾਨਸਾ 23 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) ::ਖੇਤੀ ਆਰਡੀਨੈਂਸਾਂ ਵਿਰੁੱਧ ਪਿੰਡ ਬਾਦਲ ਵਿਖੇ ਲੱਗੇ ਮੋਰਚੇ ਦੀ ਸਮਾਪਤੀ ਤੋਂ ਬਾਅਦ ਘਰਾਂ ਨੂੰ ਵਾਪਸ ਮੁੜ ਰਹੇ ਕਿਸਾਨਾਂ ਦੀ ਮਿੰਨੀ ਬੱਸ ਇੱਕ ਟਰਾਲੇ ਨਾਲ ਟਕਰਾਉਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦੇ ਇੱਕ ਕਿਸਾਨ ਮੁਖਤਿਆਰ ਸਿੰਘ (57) ਪੁੱਤਰ ਮੋਹਲਾ ਸਿੰਘ ਦੀ ਮੌਤ ਹੋ ਗਈ ਹੈ ਅਤੇ 11 ਕਿਸਾਨ ਜ਼ਖ਼ਮੀ ਹੋ ਗਏ ਹਨ, ਜਿੰਨ੍ਹਾਂ ਨੂੰ ਬਠਿੰਡਾ ਵਿਖੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਪਾਸੋਂ ਮਿਲੀ ਸੂਚਨਾ ਤੋਂ ਪਤਾ ਲੱਗਿਆ ਹੈ ਕਿ ਇਹ ਕਿਸਾਨ ਬਾਦਲ ਪਿੰਡ ਵਿੱਚ ਲੱਗੇ ਮੋਰਚੇ ਦੀ ਸਮਾਪਤੀ ਤੋਂ ਬਾਅਦ ਆਪਣੇ ਪਿੰਡ ਕਿਸ਼ਨਗੜ੍ਹ ਨੂੰ ਵਾਪਸ ਆ ਰਹੇ ਸਨ ਕਿ ਬਠਿੰਡਾ-ਮਾਨਸਾ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਕੋਟ ਫੱਤਾ ਨੇੜੇ ਬੱਸ ਇੱਕ ਖੜ੍ਹੇ ਟਰਾਲੇ ਨਾਲ ਟਕਰਾ ਗਈ । ਉਨ੍ਹਾਂ ਦੱਸਿਆ ਕਿ ਇਸ ਦੁਰਘਟਨਾ ਵਿਚ ਇਕ ਕਿਸਾਨ ਮੁਖਤਿਆਰ ਸਿੰਘ ਚੱਲ ਵਸਿਆ ਹੈ ਅਤੇ 11 ਜਣੇ ਜ਼ਖ਼ਮੀ ਹੋ ਗਏ ਹਨ।ਕਿਸਾਨ ਆਗੂ ਨੇ ਦੱਸਿਆ ਕਿ ਹਸਪਤਾਲ ਵਿਚ ਜ਼ਖਮੀਆਂ ਦੇ ਇਲਾਜ ਲਈ ਸੁਸਤੀ ਦੇ ਵਿਰੋਧ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਸਮੇਤ ਬਠਿੰਡਾ ਵਿਖੇ ਪੁਲ ਉੱਪਰ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ ਹੈ।ਇਸੇ ਦੌਰਾਨ ਪਿੰਡ ਕਿਸ਼ਨਗੜ੍ਹ ਦੇ ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ( ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ) ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਖਤਿਆਰ ਸਿੰਘ ਖੇਤੀ ਆਰਡੀਨੈਂਸਾਂ ਵਿਰੁੱਧ ਸੰਘਰਸ਼ ਦਾ ਪਹਿਲਾ ਸ਼ਹੀਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਖਮੀ ਕਿਸਾਨਾਂ ਵਿਚ ਦੋ ਦੀ ਹਾਲਤ ਗੰਭੀਰ ਹੈ,ਜੋ ਅਮਰਜੀਤ ਸਿੰਘ ਅਤੇ ਮੇਵਾ ਸਿੰਘ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ ਦਾਖਲ ਹਨ। ਉਨ੍ਹਾਂ ਦੱਸਿਆ ਕਿ ਬਾਕੀ ਜ਼ਖਮੀਆਂ ਵਿਚ ਬਲਕਾਰ ਸਿੰਘ, ਬੂਟਾ ਸਿੰਘ, ਕਾਕਾ ਸਿੰਘ, ਨਿਰਮਲ ਸਿੰਘ,ਜੇਠੂ ਰਾਮ, ਅਮਰਜੀਤ ਸਿੰਘ, ਮੇਵਾ ਸਿੰਘ, ਬਲਵਿੰਦਰ ਸਿੰਘ, ਵਜ਼ੀਰ ਸਿੰਘ ਦਾ ਇਲਾਜ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਮੁਖਤਿਆਰ ਸਿੰਘ ਦੇ ਦੋ ਬੇਟੇ ਅਤੇ ਇੱਕ ਧੀ ਹੈ ਅਤੇ ਉਹ ਦਰਮਿਆਨੇ ਦਰਜ਼ੇ ਦਾ ਕਿਸਾਨ ਹੈ।ਉਹ ਕਿਸਾਨ ਹਿਤਾਂ ਨੂੰ ਸਮਰਪਿਤ ਸੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


