ਅਕਾਲੀ ਦਲ ਨੂੰ ਝਟਕਾ, ਸੁਖਬੀਰ ਬਾਦਲ ਦੇ ਸਿਆਸੀ ਸਕੱਤਰ ਅਤੇ ਦਲ ਦੇ ਮੀਤ ਪ੍ਰਧਾਨ ਨੇ ਦਿੱਤਾ ਅਸਤੀਫ਼ਾ , ਲਿਖਿਆ ਖ਼ਤ

ਚੰਡੀਗੜ੍ਹ , 22 ਸਤੰਬਰ ,(ਜਸ਼ਨ) :   ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੁਖਬੀਰ ਬਾਦਲ  ਦੇ ਸਿਆਸੀ ਸਕੱਤਰ ਪਰਮਜੀਤ ਸਿਧਵਾਂ ਵੱਲੋਂ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ।  ਸੁਖਬੀਰ ਬਾਦਲ ਨੂੰ  ਲਿਖੇ  ਅਸਤੀਫ਼ੇ' ਚ ਪ੍ਰਧਾਨ ਸੁਖਬੀਰ ਬਾਦਲ ਤੇ ਇਹ ਦੋਸ਼ ਲਾਏ ਗਏ ਹਨ ਕਿ ਸਿੱਖ ਜਗਤ , ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨਾਲੋਂ ਉਹ ਆਪਣੇ ਜ਼ਾਤੀ ਹਿਤਾਂ ਨੂੰ ਪਹਿਲ ਦਿੰਦੇ ਨੇ ।  ਜ਼ਿਕਰਯੋਗ ਹੈ ਕਿ  ਸਿਧਵਾਂ ਨੂੰ 2014 ਵਿਚ ਸੁਖਬੀਰ ਬਾਦਲ ਦਾ ਸਿਆਸੀ ਸਕੱਤਰ ਲਾਇਆ ਗਿਆ ਸੀ ।ਸਿਧਵਾਂ ਵੱਲੋਂ ਲਿਖੇ ਖ਼ਤ ਨੂੰ ਮੂਲ ਰੂਪ ਵਿਚ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ -----------

ਸਤਿਕਾਰਯੋਗ ਪ੍ਰਧਾਨ ਸਾਹਿਬ ਜੀਓ,(ਸ ਸੁਖਬੀਰ ਸਿੰਘਬਾਦਲ) ।

ਸਤਿ ਸ਼੍ਰੀ ਅਕਾਲ 
ਪ੍ਰਧਾਨ ਸਾਹਿਬ ਜੀ ਇਹ ਚਿੱਠੀ ਮੈਂ ਬਹੁਤ ਪਹਿਲਾਂ ਲਿਖਣੀ ਚਹੁੰਦਾ ਸੀ ਜਾਂ ਮੈਨੂੰ ਲਿਖਣੀ ਚਾਹੀਦੀ ਸੀ ਪਰ ਹੁਣ ਪਾਣੀ ਸਿਰ ਉਪਰ ਦੀ ਵੱਗ ਗਿਆ ਅਤੇ ਜ਼ਮੀਰ ਤੁਹਾਡਾ ਸਾਥ ਦੇਣ ਤੋਂ ਜਵਾਬ ਦੇ ਗਈ ਤਾਂ ਲਿਖਣੀ ਜਰੂਰੀ ਹੋ ਗਈ ।
ਮੇਰੀ ਪਾਰਟੀ ਪ੍ਰਤੀ ਲਗਨ ਤੋਂ ਇਲਾਵਾ ਤੁਹਾਡੇ ਨਾਲ ਨਿੱਜੀ ਸਾਂਝ ਤੇ ਮੋਹ ਵੀ ਰਿਹਾ। ਤੁਹਾਡਾ ਸਿਆਸੀ ਸਕੱਤਰ ਹੋਣ ਕਰਕੇ ਤੁਹਾਡੀ ਹਰ ਹਾਂ ਵਿੱਚ ਹਾਂ ਮਿਲਾਉਣਾ ਮੇਰਾ ਫਰਜ਼ ਸੀ ਜੋ ਮੈਂ ਜ਼ਿਮੇਵਾਰੀ ਨਾਲ ਨਿਭਾਇਆ। ਮੈਂ ਤੁਹਾਡੇ ਬਹੁਤ ਸਾਰੇ ਫੈਸਲਿਆ ਖਿਲਾਫ ਆਪਣੀ ਸਲਾਹ ਵੀ ਦਿੱਤੀ, ਜੇ ਤੁਸੀਂ ਨਹੀਂ ਵੀ ਮੰਨੀ ਤਾਂ ਮੈਂ ਸਿਆਸੀ ਸਕੱਤਰ ਹੋਣ ਕਰਕੇ ਤੁਹਾਡੇ ਫੈਸਲੇ ਨੂੰ ਹੀ ਸਹੀ ਪ੍ਰਚਾਰਿਆ ਅਤੇ ਕਿਸੇ ਕੋਲ ਇਹ ਜ਼ਿਕਰ ਕਦੇ ਨਹੀਂ ਕੀਤਾ ਕੇ ਮੈਂ ਇਸ ਫੈਸਲੇ ਦੇ ਵਿਰੁੱਧ ਸੀ।ਮੈਂ ਤੁਹਾਨੂੰ ਬਹੁਤ ਨੇੜੇ ਤੋਂ ਜਾਣਿਆ ਅਤੇ ਦੇਖਿਆ ਹੈ ਕਿ ਤੁਹਾਡੇ  ਅੰਦਰ ਪੰਜਾਬ ਜਾਂ ਪੰਥ ਨਾਲੋਂ ਆਪਣੇ ਨਿੱਜੀ ਹਿੱਤ ਜ਼ਿਆਦਾ ਭਾਰੂ ਹਨ। ਤੁਹਾਡੇ ਵੱਲੋਂ ਪਾਰਟੀ ਨੂੰ ਹਮੇਸ਼ਾ ਹੁਕਮਰਾਨਾਂ ਵਾਂਗੂ ਚਲਾਉਣ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ 100 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰੀ ਨਾਮੋਸ਼ੀ ਝੱਲਣੀ ਪਈ ਅਤੇ ਤੀਜੇ ਸਥਾਨ ਤੇ ਸਬਰ ਕਰਨਾ ਪਿਆ।
ਤੁਹਾਡੇ ਵੱਲੋਂ ਲਏ ਕਈ ਫੈਸਲੇ ਪਾਰਟੀ ਵਰਕਰਾਂ ਲਈ ਨਮੋਸ਼ੀ ਦਾ ਕਾਰਨ ਬਣਦੇ ਰਹੇ।
ਜਿਵੇਂ 2014 ਵਿੱਚ ਭਾਜਪਾ ਸਾਨੂੰ ਵਾਹਗਾ ਬਾਰਡਰ ਤੋਂ ਰਾਜਪੁਰਾ ਤੱਕ ਚੰਗੀ, ਅੰਬਾਲਾ ਤੋਂ ਦਿੱਲੀ ਬਾਰਡਰ ਤੱਕ ਮਾੜੀ, ਅੱਗੇ ਫਿਰ ਹਿੰਦੁਸਤਾਨ ਵਿੱਚ ਚੰਗੀ ਲੱਗਦੀ ਸੀ। ਤੁਸੀਂ ਜ਼ਬਰੀ ਹਰਿਆਣਾ ਚੋਣ ਭਾਜਪਾ ਖਿਲਾਫ ਲੜੀ। ਲੋਕ ਪੁੱਛਦੇ ਸੀ ਭਾਜਪਾ ਇਕੱਲੇ ਹਰਿਆਣੇ ਵਿੱਚ ਹੀ ਮਾੜੀ ਹੈ। ਫਿਰ ਦਿੱਲੀ ਵਿੱਚ ਬਾਈਕਾਟ, ਹਰਿਆਣੇ ਵਿੱਚ ਮੁਕਾਬਲਾ, ਪੰਜਾਬ ਵਿੱਚ ਸਾਂਝ ਸਭ ਬਚਕਾਨਾ ਕਾਰਵਾਈਆਂ ਸਨ।
ਤੁਹਾਡੇ ਪ੍ਰਧਾਨ ਹੁੰਦਿਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਗ੍ਰਹਿ ਮੰਤਰੀ ਹੁੰਦਿਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਵੱਲੋਂ ਹਮੇਸ਼ਾ ਪਾਸਾ ਵੱਟ ਕੇ ਇੱਕ ਖਾਸ ਡੇਰੇਦਾਰ ਵੱਲ ਨਰਮ ਰੁੱਖ ਅਪਣਾਇਆ ਤਾਂ ਹਰ ਸਿੱਖ ਦਾ ਮਨ ਦੁੱਖੀ ਹੋਇਆ।ਤੁਸੀਂ ਪੰਥ ਦੀ ਪਰਵਾਹ ਨਾ ਕਰਦਿਆਂ ਡੇਰਾ ਮੁੱਖੀ ਨੂੰ ਸ਼੍ਰੀ ਅਕਾਲ ਤਖਤ ਤੋਂ ਮੁਆਫ਼ੀ ਦਿਵਾਉਣ ਅਤੇ ਆਪਣੀ ਜ਼ਿੱਦ ਕਰਕੇ ਡੇਰਾ ਮੁੱਖੀ ਦੀਆਂ ਫਿਲਮਾਂ ਪੰਜਾਬ ਵਿੱਚ ਚਲਵਾਉਣ ਲਈ ਸਰਕਾਰ ਦੀ ਦੁਰਵਰਤੋਂ ਕੀਤੀ।
ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਕਰਨ ਅਤੇ ਕਰਾਉਣ ਦੀ ਜਾਂਚ ਦੀ ਮੰਗ ਕਰ ਰਹੀਆਂ ਸੰਗਤਾਂ ਤੇ ਲਾਠੀਚਾਰਜ ਅਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ, ਉਦੋਂ ਲੋਕਾਂ ਵਿੱਚ ਪੰਥਕ ਸਰਕਾਰ ਦਾ ਕਰੂਪ ਚਿਹਰਾ ਨੰਗਾ ਹੋ ਗਿਆ ਸੀ।
ਦੁੱਖੀ ਮਨ ਨਾਲ ਉਸ ਸਮੇਂ ਤੋਂ ਮੈਂ ਆਪਣੀਆਂ ਸਰਗਰਮੀਆਂ ਸੀਮਿਤ ਕਰ ਦਿੱਤੀਆਂ ਸਨ, ਪਰ ਪਾਰਟੀ ਪ੍ਰਤੀ ਲਗਾਓ ਸਦਕਾ ਹਮੇਸ਼ਾ ਪਾਰਟੀ ਵੱਲੋਂ ਲਗਾਈ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਦਾ ਰਿਹਾ। ਤੁਹਾਡੇ ਅਤੇ ਵੱਡੇ ਬਾਦਲ ਸਾਹਿਬ ਦੇ ਕਹਿਣ ਤੇ 2019 ਦੇ ਲੋਕ ਸਭਾ ਚੋਣ ਵਿੱਚ ਬਠਿੰਡੇ ਪੂਰੀ ਡਿਊਟੀ ਦਿੱਤੀ। ਤੁਹਾਡੇ ਵੱਲੋਂ ਲਏ ਗਏ ਕਈ ਫੈਸਲਿਆਂ ਕਰਕੇ ਪਾਰਟੀ ਦੇ ਹਰ ਵਰਕਰ ਨੂੰ ਲੋਕਾਂ ਵਿੱਚ ਜਾ ਕੇ ਲੋਕ ਰੋਹ ਅੱਗੇ ਪਾਰਟੀ ਦਾ ਪੱਖ ਪੇਸ਼ ਕਰਨਾ ਹੀ ਮੁਸ਼ਕਲ ਹੋ ਗਿਆ।
ਪਰ ਹੁਣ ਤਾਂ ਹੱਦ ਹੀ ਹੋ ਗਈ ਜਦ ਖੇਤੀ ਸਬੰਧੀ ਆਰਡੀਨੈਂਸਾਂ ਦੇ ਆਉਣ ਤੇ ਤੁਸੀਂ ਪਾਰਟੀ ਦੀ ਹਾਲਤ ਪਾਣੀਓ ਪਤਲੀ ਕਰਕੇ ਰੱਖ ਦਿੱਤੀ। ਬਿਨਾਂ ਕਿਸੇ ਨਾਲ ਸਲਾਹ ਕੀਤੇ ਤੁਸੀਂ ਪਾਰਟੀ ਪ੍ਰਧਾਨ ਹੋਣ ਨਾਤੇ ਅਤੇ ਪਾਰਟੀ ਵੱਲੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੂਨ ਮਹੀਨੇ ਤੋਂ 14 ਸਤੰਬਰ ਤੱਕ ਖੇਤੀ ਸਬੰਧੀ ਆਰਡੀਨੈਂਸਾਂ ਦੇ ਹੱਕ ਵਿੱਚ ਪੂਰਾ ਖੁੱਲਮ-ਖੁੱਲਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਅਨੇਕਾਂ ਪ੍ਰੈਸ ਕਾਨਫਰੰਸਾਂ, ਕੇਂਦਰੀ ਖੇਤੀ ਮੰਤਰੀ ਤੋਂ ਲਿਖਤੀ ਭਰੋਸਾ ਅਤੇ ਸੋਸ਼ਲ ਮੀਡੀਏ ਤੋਂ ਲਗਾਤਾਰ ਹਾਂ ਪੱਖੀ ਪ੍ਰਚਾਰ ਕੀਤਾ। ਤੁਸੀਂ ਮਜਬੂਰ ਬਾਦਲ ਸਾਹਿਬ ਤੋਂ ਵੀ ਬਿਆਨ ਦਿਵਾ ਦਿੱਤਾ ਕਿ “ਮੇਰੇ ਨੂੰਹ ਪੁੱਤ ਸੱਚ ਬੋਲਦੇ ਹਨ ਕਿ ਇਹ ਆਰਡੀਨੈਂਸ ਕਿਸਾਨ ਪੱਖੀ ਹਨ”।
ਹੈਰਾਨੀ ਅਤੇ ਸ਼ਰਮਿੰਦਗੀ ਤਾਂ ਉਸ ਸਮੇਂ ਹੋਈ ਜਦੋਂ ਇੱਕ ਦਮ ਯੂ-ਟਰਨ ਲੈ ਲਿਆ ਅਤੇ ਆਰਡੀਨੈਂਸ ਤੁਹਾਨੂੰ ਕਿਸਾਨ ਅਤੇ ਪੰਜਾਬ ਵਿਰੋਧੀ ਦਿੱਸਣ ਲੱਗੇ। ਜਿਹੜੀਆਂ ਕਿਸਾਨ ਜਥੇਬੰਦੀਆਂ, ਆਮ ਆਦਮੀ ਪਾਰਟੀ ਅਤੇ ਡੈਮੋਕ੍ਰੇਟਿਕ ਅਕਾਲੀ ਦਲ ਅਤੇ ਹੋਰ ਪਾਰਟੀਆਂ ਨੂੰ ਕਾਂਗਰਸ ਦੀ “ਬੀ ਟੀਮ” ਦੱਸਦੇ ਸੀ, ਉਹ ਹੁਣ ਤੁਹਾਨੂੰ ਪੰਜਾਬ ਹਿਤੈਸ਼ੀ ਦਿਸਣ ਲੱਗੇ। ਜਿਸ ਕਰਕੇ ਤੁਸੀਂ ਅੱਜ ਉਹਨਾਂ ਨਾਲ ਮਗਰੋਂ ਭੱਜਕੇ ਰਲਣ ਲਈ ਕਾਹਲ੍ਹੇ ਜਾਪਦੇ ਹੋ।
  "ਨਾਲੇ ਸੌ ਡੰਡੇ ਖਾਧੇ, ਨਾਲੇ ਨੌ ਗੰਢੇ ਖਾਧੇ" ਵਾਲੀ ਕਹਾਵਤ ਵਾਂਗ ਨਾ ਇਧਰ ਦੇ ਰਹੇ, ਨਾ ਉਧਰ ਦੇ ਰਹੇ।

ਪ੍ਰਧਾਨ ਜੀ ਜਿਨ੍ਹਾਂ ਕੁ ਮੈਂ ਤੁਹਾਨੂੰ ਨਿੱਜੀ ਤੌਰ ਤੇ ਜਾਣਦਾ ਹਾਂ, ਉਸ ਤੋਂ ਨਹੀਂ ਲੱਗਦਾ ਕਿ ਤੁਸੀਂ ਲੋਕਾਂ ਦੇ ਦਬਾਅ ਥੱਲੇ ਫੈਸਲਾ ਬਦਲਿਆਂ ਏ, ਕਿਉਂਕਿ  ਲੋਕਾਂ ਦਾ ਦਬਾਅ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਵੀ ਬਹੁਤ ਸੀ ਪਰ ਤੁਸੀ ਤਾਂ ਧਰਨਿਆਂ ਤੇ ਬੈਠੇ ਗੁਰਸਿੱਖਾਂ ਨੂੰ ਵਿਹਲੇ ਦੱਸ ਕੇ ਮਾਖੌਲ ਉਡਾਇਆ ਕਰਦੇ ਸੀ। ਲੱਗਦਾ ਤੁਹਾਡਾ ਇਹ ਫੈਸਲਾ ਬਦਲਣ ਅਤੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਪਿੱਛੇ ਅਣ-ਕਿਆਸੇ ਕਾਰਨ ਹਨ। ਚਰਚਾ ਤਾਂ ਇਹ ਵੀ ਹੈ ਕਿ ਕੇਂਦਰ ਤੋਂ ਆਪਣਾ ਨਿੱਜੀ ਲਾਭ ਲੈਣ ਲਈ ਅਸਤੀਫਾ ਦੇ ਕੇ ਦਬਾਅ ਬਣਾ ਰਹੇ ਹੋ ਅਤੇ ਇੱਥੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਣ ਦਾ ਭਰਮ ਪੈਦਾ ਕਰ ਰਹੇ ਹੋ। ਜਦਕਿ ਬੀਬਾ ਜੀ ਅਜੇ ਵੀ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸ ਰਹੇ ਹਨ।ਅਜਿਹੇ ਬਿਆਨਾਂ ਨਾਲ ਹਾਸੋਹੀਣੀ ਸਥਿਤੀ ਬਣੀ ਹੋਈ ਹੈ। ਜਦਕਿ ਪਹਿਲਾ ਵੀ ਪਾਰਟੀ ਦੀ ਕੇਂਦਰ ਸਰਕਾਰ ਵਿੱਚ ਭਾਜਪਾ ਨਾਲ ਭਾਈਵਾਲੀ ਪਰ ਹਰਿਆਣਾ ਚੋਣਾਂ ਵਿੱਚ ਵਿਰੋਧ, ਦਿੱਲੀ ਚੋਣਾਂ ਵਿੱਚ ਵੱਖਰਾ ਸਟੈਂਡ ਲੈਣ ਨਾਲ ਅਕਾਲੀ ਦਲ ਲੀਡਰਸ਼ਿਪ ਕੋਲ ਕੋਈ ਜਵਾਬ ਨਹੀਂ ਸੀ। ਮੈਂ ਦੋ ਦਿਨ ਚੱਜ ਨਾਲ ਸੌਂ ਨਹੀਂ ਸਕਿਆ। ਮੇਰੀ ਦੋ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 70 ਸਿਆਣੇ ਲੀਡਰਾਂ ਅਤੇ ਜ਼ਿੰਮੇਵਾਰ ਵਰਕਰਾਂ ਨਾਲ ਗੱਲ ਹੋਈ ਹੈ, ਸਭ ਮਾਯੂਸ ਅਤੇ ਪ੍ਰੇਸ਼ਾਨ ਹਨ ਕਿ “ਪ੍ਰਧਾਨ ਸਾਹਿਬ ਪਹਿਲਾਂ ਠੀਕ ਸੀ ਕਿ ਹੁਣ ?”।
ਪ੍ਰਧਾਨ ਜੀ ਕੁੱਝ ਚਾਪਲੂਸ, ਖੁਦਗਰਜ਼ ਅਤੇ ਬੱਲੇ-ਬੱਲੇ ਕਰਨ ਵਾਲੇ ਲੋਕ ਜ਼ਰੂਰ ਤੁਹਾਡੇ ਪਹਿਲੇ ਫੈਸਲੇ ਤੇ ਵੀ ਵਾਹ-ਵਾਹ ਕਰ ਰਹੇ ਸਨ, ਹੁਣ ਬਦਲੇ ਹੋਏ ਫੈਸਲੇ ਤੇ ਵੀ ਸ਼ਾਬਾਸ਼-ਸ਼ਾਬਾਸ਼ ਕਹਿ ਰਹੇ ਹਨ। ਪਰ ਮੇਰੇ ਵਰਗੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਅੱਗੇ ਜੁਆਬ-ਦੇਵ ਹੋਣਾ ਅਤਿ ਔਖਾ ਹੋ ਗਿਆ। ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਮੈਂ ਇਹੋ ਜਿਹੇ ਬੇ-ਅਸੂਲੇ, ਬੇ-ਤਰਤੀਬੇ, ਮਤਲਬ ਸਿਆਣਪ ਤੋਂ ਕੋਹਾਂ ਦੂਰ ਫੈਸਲੇ ਕਰਕੇ ਲੋਕਾਂ ਵਿੱਚ ਜਾਣ ਚ' ਸ਼ਰਮ ਮਹਿਸੂਸ ਕਰਦਾ ਹਾਂ।ਸੋ ਇਸ ਕਰਕੇ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।

ਮੇਰੇ ਮਨ ਤੇ ਪਾਰਟੀ ਛੱਡਣ ਸਮੇਂ ਕਿਸੇ ਤਰ੍ਹਾ ਦਾ ਕੋਈ ਬੋਝ ਨਹੀਂ ਕਿਉਕਿ ਮੈ ਕੋਈ ਰੇਤੇ ਦੀਆਂ ਖੱਡਾਂ, ਬੱਸ ਪਰਮਿਟ ਜਾਂ ਕੋਈ ਸ਼ਰਾਬ ਦੇ ਠੇਕੇ ਬਗੈਰਾ ਨਹੀਂ ਲਏ।
ਸਿਆਸੀ ਸਕੱਤਰ ਰਹਿੰਦਿਆਂ ਤੁਸੀਂ ਬਹੁਤ ਭਰੋਸੇ ਅਤੇ ਵਿਸ਼ਵਾਸ ਨਾਲ ਸਿਆਸੀ ਭੇਦ ਮੇਰੇ ਨਾਲ ਸਾਂਝੇ ਕੀਤੇ ਹਨ, “ਵਾਅਦਾ ਕਰਦਾਂ ਹਾਂ ਕਿ ਉਹ ਹਮੇਸ਼ਾ ਭੇਦ ਹੀ ਬਣੇ ਰਹਿਣਗੇ”।

ਤੁਹਾਡੀਆਂ ਗਲਤ ਨੀਤੀਆਂ ਤੋ ਦੁੱਖੀ,

ਪਰਮਜੀਤ ਸਿੰਘ ਸਿੱਧਵਾਂ 
(ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸ. ਸੁਖਬੀਰ ਸਿੰਘ ਬਾਦਲ)

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ