ਸਿੱਖਿਆ ਸ਼ਾਸਤਰੀ ਅਤੇ ਸਫ਼ਲ ਕਾਰੋਬਾਰੀ ਸ਼੍ਰੀ ਚਾਨਣ ਰਾਮ ਗਰੋਵਰ ਨਮਿੱਤ ਸ਼ਰਧਾਂਜਲੀ ਸਮਾਗਮ 11 ਸਤੰਬਰ ਨੂੰ

ਮੋਗਾ,10 ਸਤੰਬਰ (ਜਸ਼ਨ) : ਮੋਗਾ ਇਲਾਕੇ ‘ਚ ਬੁੱਧੀਜੀਵੀ ਵਜੋਂ ਸਤਿਕਾਰੇ ਜਾਂਦੇ ਸ਼੍ਰੀ ਚਾਨਣ ਰਾਮ ਗਰੋਵਰ ਲੈਕਚਰਾਰ ਦੇ ਇਸ ਦੁਨੀਆਂ ‘ਚੋਂ ਰੂਖਸਤ ਹੋਣ ਨਾਲ ਜਿੱਥੇ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ ਹੈ ਉੱਥੇ ਇਕ ਸਮਾਜ ਸੇਵੀ ਦੇ ਰੂਪ ਵਿਚ ਵਿਚਰਨ ਵਾਲੀ ਸ਼ਖਸੀਅਤ ਦੇ ਤੁਰ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸ਼੍ਰੀ ਚਾਨਣ ਰਾਮ ਗਰੋਵਰ ਜੀ ਨੇ ਅੱਜ ਤੋਂ 80 ਸਾਲ ਪਹਿਲਾਂ ਪਿਤਾ ਸਵਰਗੀ ਦੇਸ ਰਾਜ ਗਰੋਵਰ ਦੇ ਗ੍ਰਹਿ ਮਾਤਾ ਗੁਰਾ ਦੇਵੀ ਦੀ ਕੁੱਖੋਂ ਜਨਮ ਲਿਆ।  ਉਹਨਾਂ ਨੇ ਉੱਚ ਸਿੱਖਿਆ ਹਾਸਿਲ ਕਰਦਿਆਂ ਐੱਮ ਐੱਸ ਸੀ ਮੈਥ ਕੀਤੀ ਅਤੇ ਦੇਵ ਸਮਾਜ ਸਕੂਲ ‘ਚ ਸੇਵਾਵਾਂ ਨਿਭਾਉਂਦਿਆਂ ਹਜ਼ਾਰਾਂ ਵਿਦਿਆਰਥੀਆਂ ਨੂੰ ਉੱਚ ਮੰਜ਼ਿਲਾਂ ’ਤੇ ਪਹੰੁਚਾਉਣ ਲਈ ਰਾਹ ਦਸੇਰਾ ਬਣੇ। ਸ਼੍ਰੀ ਚਾਨਣ ਰਾਮ ਗਰੋਵਰ ਦਾ ਵਿਆਹ ਜਨਕ ਗਰੋਵਰ ਨਾਲ ਹੋਇਆ ਅਤੇ ਗ੍ਰਹਿਸਥੀ ਜੀਵਨ ਜਿਉਂਦਿਆਂ ਇਹਨਾਂ ਦੀ ਫੁਲਵਾੜੀ ‘ਚ ਚਾਰ ਲੜਕੀਆਂ ਅਤੇ ਇਕ ਲੜਕੇ ਨੇ ਜਨਮ ਲਿਆ ਅਤੇ ਉਹਨਾਂ ਆਪਣੇ ਸਾਰੇ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਦਾਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਸੁਚੱਜੀ ਜੀਵਨ ਜਾਚ ਸਿਖਾਈ । ਅੱਜ ਇਹਨਾਂ ਦੇ ਸਾਰੇ ਬੱਚੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟ ਰਹੇ ਹਨ । ਸ਼੍ਰੀ ਚਾਨਣ ਰਾਮ ਗਰੋਵਰ ਦੇ ਸਪੁੱਤਰ ਆਸ਼ੀਸ਼ ਗਰੋਵਰ ਨੇ ਵਕਾਲਤ ਦੇ ਕਿੱਤੇ ਨੂੰ ਅਪਣਾ ਕੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਨਿਵੇਕਲਾ ਰਾਹ ਚੁਣਿਆ ਅਤੇ ਆਪਣੀ ਪਹਿਚਾਣ ਸੰਜੀਦਾ ਐਡਵੋਕੇਟ ਵਜੋਂ ਬਣਾਉਂਦਿਆਂ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ । ਆਪਣੇ  ਵਿਦਿਆਰਥੀਆਂ ਦੀ ਇੱਛਾ ਮੁਤਾਬਕ ਸ਼੍ਰੀ ਚਾਨਣ ਰਾਮ ਗਰੋਵਰ ਨੇ 1980 ਵਿਚ ਐੱਮ ਸੀ ਦੀਆਂ ਚੋਣਾਂ ਲੜਦਿਆਂ ਗੰਦਲੀ ਸਿਆਸਤ ਨੂੰ ਨਵੀਂ ਸੇਧ ਦੇਣ ਦੀ ਨਵੀਂ ਪਿਰਤ ਵੀ ਪਾਈ। ਸ਼੍ਰੀ ਚਾਨਣ ਰਾਮ ਗਰੋਵਰ ਨੇ ਸਿੱਖਿਆ ਦੇ ਖੇਤਰ ਵਿਚੋਂ ਸੇਵਾ ਮੁਕਤ ਹੋਣ ਉਪਰੰਤ ਕਾਰੋਬਾਰੀ ਦੇ ਤੌਰ ’ਤੇ ਵੀ ਸਫ਼ਲਤਾ ਹਾਸਿਲ ਕੀਤੀ  ਅਤੇ ਵਪਾਰੀ ਵਰਗ ਵੱਲੋਂ ਉਹਨਾਂ ਨੂੰ ਸਤਿਕਾਰ ਦਿੰਦਿਆਂ ਕਰਿਆਨਾ ਐਸੋਸੀਏਸ਼ਨ ਦੇ ਸੈਕਟਰੀ ਨਾਮਜ਼ਦ ਕੀਤਾ । ਸ਼੍ਰੀ ਚਾਨਣ ਰਾਮ ਗਰੋਵਰ ਜੀ ਸੰਖੇਪ ਬੀਮਾਰੀ ਉਪਰੰਤ ਹੱਸਦੇ ਖੇਡਦੇ ਪਰਿਵਾਰ ਨੂੰ ਪਿਛਲੇ ਦਿਨੀਂ ਅਲਵਿਦਾ ਆਖ ਗਏ । ਉਹਨਾਂ ਨਮਿੱਤ ਗਰੁੜ ਪੁਰਾਣ ਦੇ ਪਾਠ ਦਾ ਭੋਗ 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਮੋਗਾ ਸਥਿਤ ਖਾਟੂ ਧਾਮ ਮੰਦਿਰ, ਅਕਾਲਸਰ ਰੋਡ, ਰਾਮਾ ਕਾਲੋਨੀ ,ਆਨੰਦ ਨਗਰ ਵਿਖੇ ਪਾਇਆ ਜਾਵੇਗਾ।