ਮੋਗਾ ਜ਼ਿਲ੍ਹੇ ਦੇ ਦੋ ਅਧਿਆਪਕਾਂ ਤੇਜਿੰਦਰ ਸਿੰਘ ਜਸ਼ਨ ਅਤੇ ਕੁਲਵਿੰਦਰ ਕੌਰ ਦਾ ਸਟੇਟ ਐਵਾਰਡ ਨਾਲ ਹੋਇਆ ਸਨਮਾਨ

ਮੋਗਾ,5 ਸਤੰਬਰ (ਨਵਦੀਪ ਮਹੇਸ਼ਰੀ): ਅੱਜ ਅਧਿਆਪਕ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਦੋ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸਰਕਾਰੀ ਹਾਈ ਸਕੂਲ ਜਲਾਲਾਬਾਦ ਦੇ ਸਾਇੰਸ ਅਧਿਆਪਕ ਤੇਜਿੰਦਰ ਸਿੰਘ ਜਸ਼ਨ  ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਦ ਕਿ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌਂ ਬਹਾਰ ਦੀ ਅਧਿਆਪਕਾ ਕੁਲਵਿੰਦਰ ਕੌਰ ਨੂੰ ਯੰਗ ਟੀਚਰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਦੋਨਾਂ ਅਧਿਆਪਕਾਂ ਨੂੰ ਵੀਡੀਓ ਕਾਨਫੰਰਸਿੰਗ ਰਾਹੀਂ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ, ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਅਤੇ ਡੀ. ਜੀ. ਐੱਸ. ਈ. ਪੰਜਾਬ ਮੁਹੰਮਦ ਤੱਈਅਬ ਦੀ ਅਗਵਾਈ ਵਿਚ ਮੋਗਾ ਦੇ ਐਮ ਆਈ ਐੱਸ ਸੈਂਟਰ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ. ਜਸਪਾਲ ਸਿੰਘ ਔਲਖ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਕੇਸ਼ ਮੱਕੜ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜਸਵਿੰਦਰ ਕੌਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ. ਜਸਪਾਲ ਸਿੰਘ ਔਲਖ ਨੇ ਤੇਜਿੰਦਰ ਸਿੰਘ ਜਸ਼ਨ  ਨੂੰ ਸਰਟੀਫਿਕੇਟ ਅਤੇ ਬੁੱਕੇ ਨਾਲ ਸਨਮਾਨਿਤ ਕਰਦਿਆਂ ਆਖਿਆ ਕਿ ਅੱਜ ਦਾ ਦਿਨ ਅਧਿਆਪਕਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਉਹਨਾਂ ਦੀ ਸਾਲਾਂਬੱਧੀ ਮਿਹਨਤ ਨੂੰ ਤਸਲੀਮ ਕਰਦਿਆਂ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ । ਉਹਨਾਂ ਆਖਿਆ ਕਿ ਤੇਜਿੰਦਰ ਸਿੰਘ ਨੇ ਨਾ ਸਿਰਫ਼ ਸ਼ੱਤ ਪ੍ਰਤੀਸ਼ਤ ਮਿਸ਼ਨ ਦੀ ਪ੍ਰਾਪਤੀ ਲਈ ਤਨਦੇਹੀ ਨਾਲ ਕੰਮ ਕੀਤਾ ਬਲਕਿ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਵਾਤਾਵਰਨ ਲਈ ਪੌਦੇ ਲਗਾਉਣ ਅਤੇ ਉਹਨਾਂ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਪ੍ਰੇਰਤ ਕਰਨ ਦੇ ਨਾਲ ਨਾਲ ਖੁਦ ਵੀ ਮਿੱਟੀ , ਪਾਣੀ ਅਤੇ ਹਵਾ ਦੀ ਸ਼ੁੱਧਤਾ ਲਈ ਸਮਰਪਿਤ ਹੋ ਕੇ ਕੰਮ ਕੀਤਾ। ਉਹਨਾਂ ਆਖਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਐਪ ਦੇ ਪ੍ਰਚਾਰ ਲਈ ਉਹਨਾਂ ਵੱਲੋਂ ਬਣਾਈਆਂ ਵੀਡੀਓਜ਼ ਨੇ ਆਨ ਲਾਈਨ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉਹਨਾਂ ਆਖਿਆ ਕਿ ਇਸ ਤਰਾਂ ਮੈਡਮ ਕੁਲਵਿੰਦਰ ਕੌਰ ਨੇ ਪ੍ਰਾਇਮਰੀ ਸਿੱਖਿਆ ਲਈ ਸਮਰਪਿਤ ਹੋ ਕੇ ਆਪਣੇ ਫਰਜ਼ ਨਿਭਾਏ ਹਨ । ਸੇਵਾ ਮੁਕਤ ਜ਼ਿਲਾ ਸਿਖਿਆ ਅਫਸਰ ਅਤੇ ਡਿਪਟੀ ਡਾਇਰੈਕਟਰ ਡਾਕਟਰ ਬਲਦੇਵ ਸਿੰਘ ਨੇ ਤੇਜਿੰਦਰ ਸਿੰਘ ਜਸ਼ਨ  ਨੂੰ ਸਟੇਟ ਐਵਾਰਡ ਮਿਲਣ ਤੇ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਅਜਿਹੇ ਅਧਿਆਪਕਾਂ ਦੇ ਸਨਮਾਨ ਨਾਲ ਸਿਖਿਆ ਸੁਧਾਰ ਲਹਿਰ ਨੂੰ ਹੋਰ ਬਾਲ ਮਿਲੇਗਾ ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਟੇਟ ਐਵਾਰਡ ਨਾਲ ਸਨਮਾਨਿਤ ਹੋਣ ਵਾਲੇ ਅਧਿਆਪਕ ਤੇਜਿੰਦਰ ਸਿੰਘ ਨੇ ਆਖਿਆ ਕਿ ਉਹ ਬੱਚਿਆਂ ਅਤੇ ਪੌਦਿਆਂ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਉਹਨਾਂ ਦੇ ਵਿਦਿਆਰਥੀ ਵੀ ਉਹਨਾਂ ਨੂੰ ਭਰਵਾਂ ਸਤਿਕਾਰ ਦਿੰਦੇ ਨੇ । ਉਹਨਾਂ ਆਖਿਆ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਕੁਦਰਤ ਵੱਲ ਪ੍ਰੇਰਿਤ ਕਰਦੇ ਹਨ ,ਇਸੇ ਕਰਕੇ ਇਹ ਸਟੇਟ ਐਵਾਰਡ ਵੀ ਉਹਨਾਂ ਨੂੰ ਕੁਦਰਤ ਦੀ ਮਿਹਰ ਦੇ ਰੂਪ ਵਿਚ ਪ੍ਰਾਪਤ ਹੋਇਆ ਹੈ। ਉਹਨਾਂ ਆਖਿਆ ਕਿ ਉਹ ਆਪਣਾ ਸਟੇਟ ਐਵਾਰਡ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀ ਮੈਡਮ ਅਮਨਦੀਪ ਕੌਰ, ਵਿਦਿਆਰਥੀਆਂ ਅਤੇ ਅਧਿਆਪਕ ਸਾਥੀਆਂ ਦੇ ਨਾਮ ਕਰਦੇ ਨੇ ਜਿਹਨਾਂ ਦੇ ਸਹਿਯੋਗ ਸਦਕਾ ਉਹ ਸਮਰਪਣ ਦੀ ਭਾਵਨਾ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੇ ਹਨ। ਇਸ ਮੌਕੇ ਐੱਮ ਆਈ ਐੱਸ ਕੋਆਰਡੀਨੇਟਰ ਜੈਵਲ ਜੈਨ, ਹਰਸ਼ ਗੋਇਲ ਸੋਸ਼ਲ ਮੀਡੀਆ ਕੋਆਡੀਨੇਟਰ, ਸ. ਕੁਲਦੀਪ ਸਿੰਘ ਗਿੱਲ ਡੀ ਐੱਮ ਸਾਇੰਸ, ਨਵਦੀਪ ਸਿੰਘ ਬਾਜਵਾ ਬੀ ਐੱਮ ਇੰਗਲਿਸ਼,ਜ਼ਿਲਾ ਗਾਇਡੈਂਸ ਕੌਂਸਲਰ ਦਿਲਬਾਗ ਸਿੰਘ ਬਰਾੜ,ਕੋਆਰਡੀਨੇਟਰ ਵਿਕਾਸ ਚੋਪੜਾ,ਮਨਜੀਤ ਸਿੰਘ ਕੋਆਰਡੀਨੇਟਰ,ਪਰਮਜੀਤ ਸਿੰਘ ਸੀਨੀਅਰ ਸਹਾਇਕ,ਕੋਆਰਡੀਨੇਟਰ ਰਵਿੰਦਰਪਾਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।