ਲੁਟੇਰਿਆਂ ਨੇ ਵਪਾਰੀ ਨੂੰ ਮਾਰੀਆਂ ਗੋਲੀਆਂ ,ਹਾਲਾਤ ਨਾਜ਼ੁਕ ,ਲੁਧਿਆਣਾ ਰੈਫਰ ,ਮੋਗਾ ਮੰਡੀ ‘ਚ ਖੌਫ਼ ਦਾ ਮਾਹੌਲ

Tags: 

ਮੋਗਾ,4 ਸਤੰਬਰ (ਲਛਮਣਜੀਤ ਪੁਰਬਾ/ਜਸ਼ਨ): ਅੱਜ ਮੋਗਾ ਦੀ ਅੰਦਰਲੀ ਦਾਣਾ ਮੰਡੀ ‘ਚ ਤਿੰਨ ਲੁਟੇਰਿਆਂ ਨੇ ਚੌਲ ਵਪਾਰੀ ਨੂੰ  ਗੋਲੀਆਂ ਮਾਰ ਦਿੱਤੀਆਂ। ਥਾਣਾ ਸਿਟੀ ਅਧੀਨ ਪੈਂਦੇ ਚੈਂਬਰ ਰੋਡ ਨਜ਼ਦੀਕ ਚੌਲਾਂ ਦੇ ਕਮਿਸ਼ਨਰ ਏਜੰਟ ਨੂੰ ਅੱਜ ਸ਼ਾਮ ਤਿੰਨ ਅਣਪਛਾਤਿਆਂ ਨੇ ਦੁਕਾਨ ’ਤੇ ਆ ਕੇ ਗੋਲੀਆਂ ਮਾਰ ਦਿੱਤੀਆਂ ਅਤੇ ਫਰਾਰ ਹੋ ਗਏ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਹਮਲਾਵਰ ਜਾਣ ਸਮੇਂ ਪੀੜਤ ਵਪਾਰੀ ਦਾ ਮੋਬਾਈਲ ਫੋਨ ਅਤੇ ਐਕਟਿਵਾ ਵੀ ਆਪਣੇ ਨਾਲ ਲੈ ਗਏ। ਘਟਨਾ ਤੋਂ ਤੁਰੰਤ ਬਾਅਦ ਜਿਥੇ ਇਲਾਕੇ ‘ਚ ਭਗਦੜ ਮੱਚ ਗਈ , ਉਥੇ ਵਾਰਦਾਤ ਦੇ ਕਰੀਬ ਅੱਧੇ ਘੰਟੇ ਤੱਕ ਮੌਕੇ ’ਤੇ ਪੁਲਿਸ ਨਹੀਂ ਪਹੰੁਚ ਸਕੀ । ਸਿਵਲ ਹਸਪਤਾਲ ਮੋਗਾ ‘ਚ ਜਾਣਕਾਰੀ ਦਿੰਦਿਆਂ ਦੁਕਾਨ ਦੇ ਕਰਿੰਦੇ ਹਿੰਮਤ ਕੁਮਾਰ ਨੇ ਦੱਸਿਆ ਕਿ ਉਹ ਚੈਂਬਰ ਰੋਡ ’ਤੇ ਸਥਿਤ ਰਾਮਪਾਲ ਕੁਲਦੀਪ ਚੰਦ ਦੀ ਫਰਮ ‘ਚ ਨੌਕਰੀ ਕਰਦਾ ਹੈ । ਉਸ ਦਾ ਮਾਲਕ ਰਾਜੇਸ਼ ਕੁਮਾਰ ਉਰਫ਼ ਕਾਕੂ ਚੌਲਾਂ ਦਾ ਵਪਾਰੀ ਹੈ । ਹਿੰਮਤ ਕੁਮਾਰ ਮੁਤਾਬਕ  ਅੱਜ ਸ਼ਾਮ ਕਰੀਬ ਚਾਰ ਵਜੇ ਉਹ ਅਤੇ ਉਸ ਦਾ ਮਾਲਕ ਦੋਨੋਂ ਦੁਕਾਨ ’ਤੇ ਮੌਜੂਦ ਸੀ ਤਾਂ ਇਸ ਦੌਰਾਨ ਉਹਨਾਂ ਦੀ ਦੁਕਾਨ ’ਚ ਤਿੰਨ ਵਿਅਕਤੀ ਆਏ , ਤਿੰਨਾਂ ਵਿਚੋਂ ਇਕ ਵਿਅਕਤੀ ਹਿੰਮਤ ਕੁਮਾਰ ਨੂੰ ਪਿਸਤੌਲ ਦਿਖਾ ਕੇ ਦੁਕਾਨ ਦੇ ਅੰਦਰ ਲੈ ਗਿਆ ਜਦਕਿ ਬਾਕੀ ਦੇ ਦੋ ਲੋਕ ਉਸਦੇ ਮਾਲਕ ਰਾਜੇਸ਼ ਕੁਮਾਰ ਨਾਲ ਗੱਲਬਾਤ ਕਰਨ ਲੱਗੇ । ਇਸ ਦੌਰਾਨ ਅਣਪਛਾਤਿਆਂ ਨੇ ਉਸ ਦੇ ਮਾਲਕ ਤੋਂ ਪੈਸੇ ਦੀ ਮੰਗ ਕੀਤੀ ਪਰ ਮਨ੍ਹਾਂ ਕਰਨ ’ਤੇ ਅਣਪਛਾਤਿਆਂ ਨੇ ਪਿਸਤੌਲ ਕੱਢ ਕੇ ਉਸ ਦੇ ਮਾਲਿਕ ’ਤੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ । ਇਹ ਵੀ ਪਤਾ ਲੱਗਾ ਹੈ ਕਿ ਵਪਾਰੀ ਲੁਟੇਰਿਆਂ ਨਾਲ ਗੁਥਮ ਗੁਥਾ ਹੋਇਆ ਜਿਸ ਉਪਰੰਤ ਲੁਟੇਰਿਆਂ ਨੇ ਗੋਲੀ ਚਲਾਈ ਹਿੰਮਤ ਕੁਮਾਰ ਮੁਤਾਬਕ ਤਿੰਨ ਗੋਲੀਆਂ ਰਾਜੇਸ਼ ਕੁਮਾਰ ਦੇ ਢਿੱਡ ਵਿਚ ਲੱਗੀਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਉਪਰੰਤ ਤਿੰਨੇ ਲੁਟੇਰੇ  ਦੁਕਾਨ ਤੋਂ ਬਾਹਰ ਭੱਜੇ ਜਾਂਦੇ ਹੋਏ ਦੁਕਾਨ ਦੇ ਸਾਹਮਣੇ ਖੜ੍ਹੀ ਰਾਜੇਸ਼ ਕੁਮਾਰ ਦੀ ਐਕਟਿਵਾ ਵੀ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਰਾਜੇਸ਼ ਕੁਮਾਰ ਨੂੰ ਮੰਡੀ ਦੇ ਲੋਕਾਂ ਨੇ ਮੋਗਾ ਦੇ ਸਿਵਲ ਹਸਪਤਾਲ ਪਹੰੁਚਾਇਆ ਪਰ ਰਾਜੇਸ਼ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ।  ਪ੍ਰਤੱਖ ਦਰਸ਼ੀਆਂ ਨੇ ਦੋਸ਼ ਲਗਾਇਆ ਪੁਲਿਸ ਘਟਨਾ ਤੋਂ ਅੱਧੇ ਘੰਟੇ ਬਾਅਦ ਘਟਨਾ ਸਥਾਨ ’ਤੇ ਪਹੰੁਚੀ ਅਤੇ ਜਾਣਕਾਰੀ ਇਕੱਤਰ ਕਰਕੇ ਕਾਰਵਾਈ ਕਰਨ ਵਿਚ ਜੁੱਟ ਗਈ। ਇਸ ਮੌਕੇ ਡੀ ਐੱਸ ਪੀ ਬਲਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਹਨਾਂ ਆਖਿਆ ਕਿ ਵਪਾਰੀ ਦੇ ਇਕ ਗੋਲੀ ਲੱਗੀ ਹੈ ।ਡੀ ਐੱਸ ਪੀ ਨੇ ਕਿਹਾ ਕਿ ਸਾਰੀ ਘਟਨਾ ਸੀ ਸੀ ਟੀ ਵੀ ਕੈਮਰਿਆਂ ’ਚ ਕੈਦ ਹੋ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।  ਮੌਕੇ ਤੇ ਪਹੁੰਚੇ ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਬੇਹੱਦ ਚਿੰਤਾ ਵਾਲੀ  ਗੱਲ ਹੈ ਕਿ ਅਮਨ ਕਾਨੂੰਨ ਦੇ ਹਾਲਤ ਦਿਨ ਬਾ ਦਿਨ ਨਿਘਾਰ ਰਹੀ ਹੈ ।ਮੰਡੀ ਵਿਚ ਵਾਪਰੀ ਅੱਜ ਦੀ ਘਟਨਾ ਉਪਰੰਤ ਮੌਕੇ ਤੇ ਪਹੁੰਚੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਖਿਆ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ ਅਤੇ ਪੁਲਿਸ ਬੇਸ਼ੱਕ ਨਾਕਿਆਂ ’ਤੇ ਖੜ੍ਹੀ ਹੈ ਪਰ ਲੁਟੇਰੇ ਬੇਖੌਫ਼ ਹਥਿਆਰ ਲੈ ਕੇ ਘੁੰਮ ਰਹੇ ਨੇ ।ਮੱਖਣ ਬਰਾੜ ਨੇ ਆਖਿਆ ਕਿ ਸ਼ਹਿਰ ਦੀ ਧੁੰਨੀ ਵਿਚ ਸਥਿਤ ਸ਼ੋਰੂਮ ਦੇ ਮਾਲਿਕ ਨੂੰ ਵੀ ਕੁਝ ਸਮਾਂ ਪਹਿਲਾਂ ਗੋਲੀਆਂ ਮਾਰ  ਕੇ ਮਾਰ ਦਿੱਤਾ ਗਿਆ ਸੀ ਪਰ ਪੁਲਿਸ ਵਲੋਂ ਅੱਜੇ ਤਕ ਤਫਤੀਸ਼ ਹੀ ਕੀਤੀ  ਜਾ ਰਹੀ ਹੈ  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ