ਜੀਵਨ ਦੀਆਂ ਤਲਖ ਹਕੀਕਤਾਂ ਨਾਲ ਜੂਝਣ ਵਾਲਾ ਕਰਮਯੋਗੀ ਹੈ ਕੁਲਵਿੰਦਰ ਪਾਲ ਸਿੰਘ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ),

ਸੇਵਾ ਮੁਕਤੀ ਤੇ ਵਿਸ਼ੇਸ਼ -----------------------

ਮੋਗਾ, 30 ਅਗਸਤ (ਪ੍ਰੋ:ਸੁਰਜੀਤ ਸਿੰਘ ਕਾਉਂਕੇ ) :  ਮਨੁੱਖੀ ਜ਼ਿੰਦਗੀ ਨੂੰ ਸੂਹੀ ਅਤੇ ਸੱਜਰੀ ਸਵੇਰ ਵਿੱਚ ਬਦਲਣ ਵਾਲੀ ਵਿਲੱਖਣ ਸ਼ਖਸ਼ੀਅਤ ਅਤੇ  ਜੀਵਨ ਦੀਆਂ ਤਲਖ ਹਕੀਕਤਾਂ ਨਾਲ ਜੂਝਣ ਦਾ ਨਾਂ ਹੈ ਕੁਲਵਿੰਦਰ ਪਾਲ ਸਿੰਘ । ਕੁਲਵਿੰਦਰ ਪਾਲ ਸਿੰਘ ਦਾ ਜਨਮ 30 ਅਗਸਤ 1961 ਨੂੰ ਸਵਰਗਵਾਸੀ ਮਾਸਟਰ ਨਾਜਰ ਸਿੰਘ ਅਤੇ ਮਾਤਾ ਅੰਮਿ੍ਰਤ ਕੌਰ ਦੇ ਘਰ ਹੋਇਆ ਅਤੇ ਮੁੱਢਲੀ ਸਿੱਖਿਆ ਏ.ਡੀ. ਹਾਇਰ ਸੈਕੰਡਰੀ ਸਕੂਲ ਅਤੇ ਏ.ਡੀ. ਕਾਲਜ ਧਰਮਕੋਟ ਤੋਂ ਕਰਨ ਉਪਰੰਤ 1986 ਵਿਚ ਸ:ਸ:ਸ:ਸ: ਭਿੰਡਰ ਕਲਾਂ ਵਿਖੇ ਕਲਰਕ ਵਜੋਂ ਸਰਕਾਰੀ ਸੇਵਾ ਵਿੱਚ ਆਏ । ਉੱਚ ਸਿੱਖਿਆ ਹਾਸਲ ਕਰਨ ਦੀ ਤਾਂਘ ਅਤੇ ਮਨ ਵਿਚ ਚਿਤਵੀ ਮੰਜ਼ਿਲ ਦੀ ਪ੍ਰਾਪਤੀ ਲਈ ਕੁਲਵਿੰਦਰਪਾਲ ਸਿੰਘ ਨੇ ਆਪਣੀ ਪੜ੍ਹਾਈ ਨਿਰੰਤਰ ਜਾਰੀ ਰੱਖਦੇ ਹੋਏ 1998 ਨੂੰ ਵਿੱਤ ਵਿਭਾਗ ਪੰਜਾਬ ਦਾ  ‘ਪੰਜਾਬ ਰਾਜ ਲੇਖਾ ਸੇਵਾ ’ ਦਾ ਇਮਤਿਹਾਨ ਪਾਸ ਕਰਨ ਉਪਰੰਤ ਵਿੱਤ ਵਿਭਾਗ ਦੇ ਅਧਿਕਾਰੀ ਵਜੋਂ ਵੱਖ ਵੱਖ ਅਹੁੱਦਿਆਂ ਤੇ ਪੰਜਾਬ ਰੋਡਵੇਜ਼ ਮੋਗਾ, ਜਿਲ੍ਹਾ ਸਮਾਜਿਕ ਸਿਖਿਆ ਅਫਸਰ ਮੋਗਾ, ਸਿਵਲ ਸਰਜਨ ਜਲੰਧਰ ਅਤੇ ਸਿਵਲ ਸਰਜਨ ਮੋਗਾ ਤੋਂ ਇਲਾਵਾ ਬਤੌਰ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਅੰਦਰੂਨੀ ਪੜਤਾਲ ਸੰਸਥਾ (ਮਾਲ) ਫਰੀਦਕੋਟ ਅਤੇ ਕਪੂਰਥਲਾ ਵਿਖੇ ਸੇਵਾ ਨਿਭਾਈ। ਉਹ ਹਿੰਮਤੀ, ਸਪੱਸ਼ਟ ਨਿਸ਼ਚੇ ਤੇ ਸਿਰੜੀ ਸਮਰਪਣ ਭਰੀ ਚੁੰਬਕੀ ਸ਼ਖਸ਼ੀਅਤ ਦੇ ਨਾਲ ਨਾਲ ਜ਼ਿੰਦਗੀ ਦੇ ਸੰਘਰਸ਼ ਦਾ ਪ੍ਰਤੀਕ, ਚਿੰਨ ਤੇ ਪ੍ਰਤੀਬਿੰਬ ਹੈ। ਉਸ ਨੇ ਆਪਣੇ ਚੇਤਿਆਂ ਵਿੱਚ ਆਪਣੇ ਮਾਤਾ ਪਿਤਾ ਵੱਲੋ ਕੁਰਬਾਨੀ ਭਰੀ ਗੁੜ੍ਹਤੀ ਨੂੰ ਹਮੇਸ਼ਾ ਸਰਬਪੱਖੀ ਸੰਕਟ ਵੇਲੇ ਆਪਣੇ ਅੰਦਰ ਸਮੋਈ ਰੱਖਿਆ। ਕੁਲਵਿੰਦਰਪਾਲ ਸਿੰਘ ਨੇ ਪੂਰੇ ਸੇਵਾ ਕਾਲ ਸਮੇਂ ਆਪਣੀ ਡਿਊਟੀ ਨੂੰ ਰੱਬੀ ਪੂਜਾ ਸਮਝਦਿਆਂ ਕਰਮਯੋਗੀ ਵਾਂਗ ਸਮਰਪਿਤ ਹੋ ਕੇ ਬੇ-ਦਾਗ ਸੇਵਾ ਨਿਭਾਈ । ਉਹਨਾਂ ਜੀਵਨ ਦੀਆਂ ਸਾਰੀਆਂ ਧੱੁਪਾਂ ਛਾਵਾਂ ਨੂੰ ਆਪਣੇ ਕਲਾਵੇ ਵਿੱਚ ਸਾਂਭੀ ਵੀ ਰੱਖਿਆ ਅਤੇ ਆਪਣੀ ਡਿਊਟੀ ਪ੍ਰਤੀ ਸੱਚੀ ਅਤੇ ਸੁੱਚੀ ਕਿਰਤ ਨੂੰ ਆਂਚ ਵੀ ਨਹੀ ਆਉਣ ਦਿੱਤੀ। ਸੇਵਾ ਨਵਿਰਤੀ ਉਪਰੰਤ ਸਿਰ ਤੋ ਪੈਰਾਂ ਤੀਕ ਖੁਸ਼ਬੋਈ ਵੰਡਦੇ ਇਸ ਮਘਦੇ ਸੂਰਜ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ