ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖਿਡਾਰੀਆਂ ਨੂੰ ਖੇਡ ਦਿਵਸ ਦੀ ਦਿੱਤੀ ਮੁਬਾਰਕਬਾਦ,ਪੰਜਾਬ ਦੇ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਦਾ 14 ਸਤੰਬਰ ਨੂੰ ਕੀਤਾ ਜਾਵੇਗਾ ਸਨਮਾਨ
ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ 29 ਅਗਸਤ ਨੂੰ ਦੇਸ਼ ਭਰ ਵਿੱਚ ਕੌਮੀ ਖੇਡ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ 1905 ਵਿੱਚ ਇਲਾਹਾਬਾਦ ਵਿਖੇ ਹੋਇਆ। ਉਨ੍ਹਾਂ 1928, 1932 ਤੇ 1936 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਲਈ ਸੋਨੇ ਦੇ ਤਮਗ਼ੇ ਜਿੱਤੇ। ਉਨ੍ਹਾਂ 1926 ਤੋਂ 1949 ਤੱਕ ਦੇ ਆਪਣੇ ਖੇਡ ਕਰੀਅਰ ਵਿੱਚ ਕੁੱਲ 570 ਗੋਲ ਕੀਤੇ, ਜੋ ਇਕ ਰਿਕਾਰਡ ਹੈ। ਉਨ੍ਹਾਂ ਦੀ ਯਾਦ ਵਿੱਚ ਦੇਸ਼ ਦੇ ਹੋਣਹਾਰ ਖਿਡਾਰੀਆਂ ਨੂੰ ਅੱਜ ਦੇ ਦਿਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।
ਖੇਡ ਮੰਤਰੀ ਨੇ ਅੱਜ ਦੇ ਦਿਨ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਹਾਸਲ ਕਰਨ ਵਾਲਿਆਂ ਖ਼ਾਸ ਤੌਰ ’ਤੇ ਪੰਜਾਬ ਦੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਦੇ ਐਵਾਰਡ ਜੇਤੂ ਖਿਡਾਰੀਆਂ ਦਾ 14 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਨਮਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚੋਂ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਨੂੰ ਇਸ ਸਾਲ ਅਰਜੁਨਾ ਐਵਾਰਡ ਮਿਲਿਆ ਹੈ, ਜਦੋਂ ਕਿ ਕੁਲਦੀਪ ਸਿੰਘ ਭੁੱਲਰ (ਅਥਲੈਟਿਕਸ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਮਨਜੀਤ ਸਿੰਘ (ਰੋਇੰਗ), ਸੁਖਵਿੰਦਰ ਸਿੰਘ (ਫੁਟਬਾਲ) ਅਤੇ ਲੱਖਾ ਸਿੰਘ (ਮੁੱਕੇਬਾਜ਼ੀ) ਨੂੰ ਮੇਜਰ ਧਿਆਨ ਚੰਦ ਐਵਾਰਡ ਲਈ ਚੁਣਿਆ ਗਿਆ। ਇਸੇ ਤਰ੍ਹਾਂ ਕਰਨਲ ਸਰਫ਼ਰਾਜ਼ ਸਿੰਘ ਨੂੰ ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।