ਛਾਤੀ ਦਾ ਹਰ ਦਰਦ ਹਾਰਟ ਅਟੈਕ ਨਹੀਂ ਹੁੰਦਾ---ਡਾ. ਅਮਨਦੀਪ ਸਿੰਘ ਟੱਲੇਵਾਲੀਆ

ਮੋਗਾ, 26 ਅਗਸਤ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :ਛਾਤੀ ਵਿਚ ਖਾਸ ਕਰਕੇ ਖੱਬੇ ਪਾਸੇ ਮਾਮੂਲੀ ਦਰਦ ਜਾਂ ਕਿਸੇ ਤਕਲੀਫ ਹੋਣ ਨਾਲ ਇਕਦਮ ਮਨ ਵਿਚ ਖ਼ਿਆਲ ਆਉਂਦਾ ਹੈ ਕਿ ਕਿਧਰੇ ਦਿਲ ਦੀ ਤਕਲੀਫ ਹੀ ਨਾ ਹੋ ਗਈ ਹੋਵੇ ਜਾਂ ਕਈ ਵਾਰ ਬਹੁਤੇ ਲੋਕ ਤਾਂ ਇਸ ਗੱਲੋਂ ਡਰ ਹੀ ਜਾਂਦੇ ਹਨ ਕਿ ਕਿਤੇ 'ਹਾਰਟ ਅਟੈਕ' ਹੀ ਨਾ ਹੋ ਜਾਵੇ। ਕਹਿਣ ਤੋਂ ਭਾਵ ਛਾਤੀ ਵਿਚ ਦਰਦ ਦਾ ਕਾਰਨ ਕੇਵਲ ਹਾਰਟ ਅਟੈਕ ਹੀ ਨਹੀਂ ਹੁੰਦਾ। ਹੋਰ ਵੀ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਕਾਰਨ ਛਾਤੀ ਵਿਚ ਦਰਦ ਹੋਣ ਦੀ ਨੌਬਤ ਆ ਸਕਦੀ ਹੈ।
1. ਤੇਜ਼ਾਬ (Acidity) :- ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਕਾਰਨ 'ਤੇਜ਼ਾਬ' ਦਾ ਵਧਣਾ ਹੈ, ਜਿਸ ਕਰਕੇ ਛਾਤੀ ਵਿਚ ਦਰਦ ਹੋਣ ਲੱਗ ਜਾਂਦਾ ਹੈ। ਦਰਦ ਦੇ ਨਾਲ-ਨਾਲ ਜਲਣ ਵੀ ਹੋਣ ਲੱਗ ਜਾਂਦੀ ਹੈ। ਕਈ ਵਾਰ ਤਾਂ ਇਹ ਦਰਦ ਐਨਾ ਤੇਜ਼ ਹੋ ਜਾਂਦਾ ਹੈ ਕਿ ਪਸੀਨੇ ਛੁੱਟਣ ਲੱਗ ਜਾਂਦੇ ਹਨ ਪਰ ਉਲਟੀ ਆ ਕੇ ਜਾਂ ਕਈ ਹਾਲਤਾਂ ਵਿਚ ਬਿਨਾਂ ਉਲਟੀ ਆਏ ਕਿਸੇ ਤੇਜ਼ਾਬ ਘਟਾਉਣ ਵਾਲੀ ਦਵਾਈ ਲੈਣ ਨਾਲ ਇਹ ਦਰਦ ਟਿਕ ਜਾਂਦਾ ਹੈ। ਤੇਜ਼ਾਬ ਦਾ ਦਰਦ ਬਿਲਕੁਲ ਦਿਲ ਦੇ ਦਰਦ ਨਾਲ ਮਿਲਦਾ-ਜੁਲਦਾ ਹੁੰਦਾ ਹੈ। ਉਹ ਲੋਕ, ਜੋ ਬਹੁਤੀਆਂ ਤੇਜ਼ ਤਰਾਰ ਚੀਜ਼ਾਂ, ਫਾਸਟ ਫੂਡ, ਚਾਹ, ਕੌਫੀ, ਸ਼ਰਾਬ ਜਾਂ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ, ਉਹ ਇਸ ਦਾ ਸ਼ਿਕਾਰ ਵਧੇਰੇ ਹੁੰਦੇ ਹਨ। 
2. ਚਿੰਤਾ, ਘਬਰਾਹਟ ਜਾਂ ਮਾਨਸਿਕ ਪ੍ਰੇਸ਼ਾਨੀ :- ਚਿੰਤਾ, ਘਬਰਾਹਟ ਜਾਂ ਮਾਨਸਿਕ ਪ੍ਰੇਸ਼ਾਨੀ ਕਾਰਨ ਵੀ ਦਿਲ ਵਾਲੀ ਜਗ੍ਹਾ ਦਰਦ ਰਹਿਣ ਲੱਗ ਜਾਂਦਾ ਹੈ। ਇਹ ਦਰਦ ਕੋਈ ਚੀਸ ਜਾਂ ਚਭਕਾਂ ਦੇ ਰੂਪ ਵਿਚ ਨਹੀਂ ਹੁੰਦਾ। ਸਿਰਫ ਦਿਲ ਵਾਲੀ ਜਗ੍ਹਾ ਭਾਰੀ-ਭਾਰੀ ਲੱਗਦੀ ਰਹਿੰਦੀ ਹੈ। ਉਹ ਲੋਕ, ਜਿਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੀ ਹੋਵੇ ਜਾਂ ਦਿਲ ਦੀਆਂ ਦਿਲ ਵਿਚ ਰਹਿ ਗਈਆਂ ਹੋਣ, ਉਨ੍ਹਾਂ ਨੂੰ ਡਿਪਰੈਸ਼ਨ ਦੇ ਨਾਲ-ਨਾਲ ਇਸ ਤਰ੍ਹਾਂ ਦਾ ਦਿਲ ਵਾਲੀ ਜਗ੍ਹਾ ਭਾਰਾਪਣ ਮਹਿਸੂਸ ਹੁੰਦਾ ਰਹਿੰਦਾ ਹੈ। ਅਜਿਹਾ ਦਰਦ ਕਿਸੇ ਮਸ਼ੀਨ ਜਾਂ ਕੰਪਿਊਟਰ ਵਿਚ ਨਹੀਂ ਆਉਂਦਾ। ਸਿਰਫ ਰੋਗੀ ਆਪਣੇ ਮੂੰਹੋਂ ਹੀ ਦੱਸ ਸਕਦਾ ਹੈ।
ਕਈ ਵਾਰ ਕਿਸੇ ਪ੍ਰੀਖਿਆ ਦੀ ਘੜੀ ਵੇਲੇ ਵੀ ਦਿਲ ਵਾਲੀ ਜਗ੍ਹਾ ਭਾਰਾਪਣ ਮਹਿਸੂਸ ਹੋਣ ਲੱਗ ਜਾਂਦਾ ਹੈ ਜਾਂ ਕਈ ਹਾਲਤਾਂ ਵਿਚ ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਫਿਰ ਤਾਂ ਸੱਚਮੁੱਚ ਇਉਂ ਲੱਗਦਾ ਹੈ ਕਿ ਕੋਈ ਦਿਲ ਦਾ ਰੋਗ ਹੀ ਨਾ ਹੋ ਗਿਆ ਹੋਵੇ ਪਰ ਜਦੋਂ ਉਹ ਘੜੀ ਨਿਕਲ ਜਾਂਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਪਤਾ ਨਹੀਂ ਕਿੰਨਾ ਕੁ ਭਾਰ ਸੀ, ਜੋ ਲਹਿ ਗਿਆ। ਇਸ ਨੂੰ Anticipatory Anxiety ਕਹਿੰਦੇ ਹਨ। 
3. ਸਰਵਾਈਕਲ ਦਾ ਦਰਦ : ਆਮ ਤੌਰ 'ਤੇ ਸਰਵਾਈਕਲ (ਧੌਣ ਦੀਆਂ ਨਾੜਾਂ ਵਿਚ ਦਰਦ) ਦਾ ਦਰਦ ਧੌਣ ਵਿਚ ਹੁੰਦਾ ਹੈ ਜਾਂ ਜਿਹੜੇ ਪਾਸੇ ਨਾੜਾਂ 'ਤੇ ਦਬਾਅ ਵਧ ਜਾਂਦਾ ਹੈ, ਉਸ ਬਾਂਹ ਵਿਚ ਵੀ ਦਰਦ ਹੋਣ ਲੱਗ ਜਾਂਦਾ ਹੈ। ਚੱਕਰ ਵੀ ਆਉਣ ਲੱਗ ਜਾਂਦੇ ਹਨ। ਖਾਸ ਕਰਕੇ ਜਦ ਧੌਣ ਦੇ ਖੱਬੇ ਪਾਸੇ ਵਾਲੀਆਂ ਨਾੜਾਂ 'ਤੇ ਦਾਬ ਆ ਜਾਂਦੀ ਹੈ ਤਾਂ ਇਹ ਦਰਦ ਖੱਬੀ ਛਾਤੀ ਅਤੇ ਖੱਬੀ ਬਾਂਹ ਵਿਚ ਵੀ ਮਹਿਸੂਸ ਹੋਣ ਲੱਗ ਜਾਂਦਾ ਹੈ। ਅਜਿਹਾ ਦਰਦ ਬਿਲਕੁਲ ਦਿਲ ਦੇ ਦਰਦ ਹੋਣ ਦਾ ਭੁਲੇਖਾ ਪਾਉਂਦਾ ਹੈ ਅਤੇ ਇਸੇ ਤਰ੍ਹਾਂ ਕਈ ਰੋਗੀ ਸਿਰਫ ਡਰ ਦੇ ਮਾਰੇ ਹੀ ਆਪਣਾ ਬਹੁਤ ਸਮਾਂ ਬਰਬਾਦ ਕਰ ਦਿੰਦੇ ਹਨ ਕਿ ਡਾਕਟਰ ਜਾਣ ਕੇ ਉਸਨੂੰ ਦੱਸਦਾ ਨਹੀਂ। ਹੈ ਤਾਂ ਦਿਲ ਦੀ ਬਿਮਾਰੀ ਹੀ ਪਰ ਕਹਿ ਕੁੱਝ ਹੋਰ ਦਿੰਦੇ ਆ। ਧੌਣ ਦੇ ਐਕਸ-ਰੇ ਜਾਂ ਐਮ.ਆਰ.ਆਈ. ਕਰਕੇ ਇਸ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ। ਅਜਿਹੇ ਦਰਦ ਪਿੱਛੇ ਧੌਣ 'ਤੇ ਕਿਸੇ ਸੱਟ ਲੱਗਣ ਜਾਂ ਵਿਤੋਂ ਵੱਧ ਭਾਰ ਚੁੱਕਣ ਜਾਂ ਝਟਕਾ ਪੈਣ ਦੀ ਗੱਲ ਰੋਗੀ ਜ਼ਰੂਰ ਕਰਦਾ ਹੈ।
4. ਛਾਤੀ ਦੇ ਪੱਠਿਆਂ ਵਿਚ ਦਰਦ (Muscular Pain) - ਇਹ ਦਰਦ ਛਾਤੀ ਦੇ ਸੱਜੇ ਜਾਂ ਖੱਬੇ ਜਾਂ ਇਕ ਵੇਲੇ ਦੋਨੋਂ ਪਾਸੇ ਹੋ ਸਕਦਾ ਹੈ। ਜਿਹੜੇ ਲੋਕ ਸੱਜੇ ਹੱਥ ਨਾਲ ਕੰਮ ਕਰਦੇ ਹਨ, ਉਹਨਾਂ ਦੇ ਸੱਜੇ ਪਾਸੇ ਇਸ ਦਰਦ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ, ਜੇਕਰ ਇਹ ਦਰਦ ਖੱਬੇ ਪਾਸੇ ਹੋ ਜਾਵੇ ਤਾਂ ਮਨ ਵਿਚ ਫਿਰ ਦਿਲ ਦੀ ਬਿਮਾਰੀ ਦਾ ਭੈਅ ਚਿੰਬੜ ਜਾਂਦਾ ਹੈ ਅਤੇ ਰੋਗੀ ਦੇ ਮਨ ਵਿਚ ਵਾਰ-ਵਾਰ ਇਹੋ ਹੀ ਗੱਲ ਘੁੰਮਦੀ ਰਹਿੰਦੀ ਹੈ ਕਿ ਕਿਤੇ ਉਸਨੂੰ ਦਿਲ ਦਾ ਰੋਗ ਹੀ ਨਾ ਹੋਵੇ। ਉਹ ਡਾਕਟਰ ਦੇ ਕਹਿਣ ਤੋਂ ਬਿਨਾਂ ਹੀ ਕਈ ਵਾਰ ਈ.ਸੀ.ਜੀ. ਕਰਵਾ ਲੈਂਦਾ ਹੈ ਅਤੇ ਜਦੋਂ ਈ.ਸੀ.ਜੀ. ਵਿਚ ਕੁੱਝ ਆਉਂਦਾ ਨਹੀਂ ਤਾਂ ਰੋਗੀ ਡਾਕਟਰ ਨੂੰ ਸਵਾਲ ਕਰਦਾ ਹੈ। ਜਦੋਂ ਤੁਹਾਡੇ ਟੈਸਟਾਂ ਵਿਚ ਤਾਂ ਕੁਝ ਆਉਂਦਾ ਨਹੀਂ ਪਰ ਪ੍ਰੇਸ਼ਾਨੀ ਦਿਨੋ-ਦਿਨ ਵਧ ਰਹੀ ਹੈ, ਜਿਸ ਕਰਕੇ ਰੋਗੀ ਹੋਰ ਬੇਚੈਨ ਹੋ ਜਾਂਦਾ ਹੈ। ਲੱਖ ਵਾਰ ਸਮਝਾਉਣ 'ਤੇ ਵੀ ਕਈ ਲੋਕ ਤਾਂ ਬਿਲਕੁਲ ਹੀ ਨਹੀਂ ਸਮਝਦੇ, ਸਗੋਂ ਦਰਦ ਰੋਕੂ ਦਵਾਈਆਂ ਖਾ-ਖਾ ਆਪਣੀ ਸਿਹਤ ਵਿਗਾੜ ਲੈਂਦੇ ਹਨ। ਅਜਿਹੇ ਦਰਦ ਕੰਮ ਕਰਨ ਨਾਲ ਜਾਂ ਸਕੂਟਰ, ਮੋਟਰਸਾਈਕਲ 'ਤੇ ਲੰਮਾ ਸਫ਼ਰ ਕਰਨ ਨਾਲ ਜਾਂ ਘਰੇਲੂ ਔਰਤਾਂ ਦੇ ਬਹੁਤ ਭਾਰਾ ਕੰਮ ਕਰਨ ਨਾਲ, ਕੱਪੜੇ ਧੋਣ ਨਾਲ ਖਾਸ ਕਰਕੇ ਥਾਪਾ ਚਲਾਉਣ ਨਾਲ ਇਹ ਦਰਦ ਵਧ ਜਾਂਦਾ ਹੈ। ਕਈ ਵਾਰ ਅਜਿਹਾ ਦਰਦ ਦੁੱਧਾਂ ਵਿਚ ਵੀ ਹੋਣ ਲੱਗ ਜਾਂਦਾ ਹੈ ਅਤੇ ਦੁੱਧਾਂ ਨੂੰ ਸੋਜ ਆ ਜਾਂਦੀ ਹੈ। ਅਜਿਹੇ ਦਰਦ ਤੋਂ ਬਚਣ ਲਈ ਭਾਰੇ ਕੰਮ ਤੋਂ ਪ੍ਰਹੇਜ਼ ਕਰਨਾ ਬਹੁਤ ਜ਼ਰੂਰੀ ਹੈ ਅਤੇ ਬਿਨਾਂ ਮਤਲਬ ਤੋਂ ਦਰਦ ਰੋਕੂ ਗੋਲੀਆਂ ਖਾ-ਖਾ ਆਪਣੇ ਆਪ ਨੂੰ ਹੋਰ ਬਿਮਾਰੀਆਂ ਤੋਂ ਬਚਾਉਣ ਦੀ ਲੋੜ ਹੈ। 
5. ਦਿਲ ਦਾ ਦਰਦ (ਹਾਰਟ ਅਟੈਕ) :- ਦਿਲ ਦਾ ਦਰਦ ਬਿਲਕੁਲ ਛਾਤੀ ਦੇ ਵਿਚਾਲੇ ਉਠਦਾ ਹੈ ਅਤੇ ਇਹ ਦਰਦ ਖੱਬੀ ਬਾਂਹ ਜਾਂ ਜੁਬਾੜੇ ਨੂੰ ਜਾਂਦਾ ਹੈ। ਅਗਰ ਇਹ ਦਰਦ ਰੁਕ-ਰੁਕ ਕੇ ਹੋਵੇ ਜਾਂ ਇਉਂ ਲੱਗੇ ਜਿਵੇਂ ਦਿਲ ਵਿਚ ਕੋਈ ਚੀਸ ਪੈਂਦੀ ਹੈ, ਇਸ ਦਰਦ ਨੂੰ Angina ਦਾ ਨਾਂਅ ਦਿੰਦੇ ਹਨ। ਉਹ ਰੋਗੀ, ਜਿਨ੍ਹਾਂ ਦੀਆਂ ਨਾੜਾਂ ਵਿਚ ਚਰਬੀ ਜਮ੍ਹਾਂ ਹੋ ਜਾਂਦੀ ਹੈ, ਉਹਨਾਂ ਵਿਚ ਤੁਰਨ ਲੱਗਿਆਂ ਸਾਹ ਫੁਲਦਾ ਹੈ ਅਤੇ ਛਾਤੀ 'ਚ ਦਰਦ ਹੁੰਦਾ ਹੈ। ਇਨ੍ਹਾਂ ਸਮੱਸਿਆਵਾਂ ਦਾ ਹੱਲ ਸੌਖਿਆਂ ਹੋ ਜਾਂਦਾ ਹੈ ਪਰ ਬਿਨਾਂ ਕਿਸੇ ਅਗਾਊਂ ਲੱਛਣ ਦੇ ਇਕਦਮ ਛਾਤੀ ਵਿਚ ਤੇਜ਼ ਉਠਿਆ ਦਰਦ, ਜਿਸ ਨਾਲ ਪਸੀਨੇ ਛੁੱਟ ਜਾਂਦੇ ਹਨ ਅਤੇ ਉਲਟੀ ਆਉਂਦੀ ਹੈ, ਇਸ ਦਰਦ ਨੂੰ ਹਾਰਟ ਅਟੈਕ ਦਾ ਨਾਂਅ ਦਿੱਤਾ ਜਾਂਦਾ ਹੈ। ਅਗਰ ਤਾਂ ਭੱਜ-ਨੱਠ ਕਰਕੇ ਕਿਸੇ ਐਮਰਜੈਂਸੀ ਵਿਚ ਮਰੀਜ਼ ਨੂੰ ਲਿਜਾਇਆ ਜਾਵੇ ਤਾਂ ਬੱਚਤ ਹੋ ਸਕਦੀ ਹੈ ਨਹੀਂ ਤਾਂ ਇਸ ਤਰਾਂ ਦੇ ਅਟੈਕ ਵਿਚ ਮੌਤ ਯਕੀਨੀ ਹੁੰਦੀ ਹੈ। ਕਈ ਵਾਰ ਇਹ ਵੀ ਸੁਣਨ ਵਿਚ ਆਇਆ ਹੈ ਕਿ ਇਹ ਅਟੈਕ ਮਨੁੱਖ ਨੂੰ ਤਿੰਨ ਮੌਕੇ ਦਿੰਦਾ ਹੈ। ਜੇਕਰ ਕੋਈ ਤਿੰਨ ਵਾਰੀ ਬਚ ਜਾਵੇ ਤਾਂ ਸਮਝੋ ਉਸਨੂੰ ਕੁੱਝ ਨਹੀਂ ਹੁੰਦਾ ਪਰ ਅੱਜਕੱਲ੍ਹ ਇਸ ਤਰ੍ਹਾਂ ਦੇ ਕੇਸ ਘੱਟ ਹੀ ਮਿਲਦੇ ਹਨ। ਪਹਿਲੇ ਅਟੈਕ ਵਿਚ ਹੀ ਪਾਰ ਬੋਲ ਜਾਂਦੇ ਹਨ। ਇਸ ਤੋਂ ਇਲਾਵਾ ਫੇਫੜਿਆਂ ਦਾ ਦਰਦ, ਖੰਘ ਨਾਲ ਛਾਤੀ ਵਿਚ ਦਰਦ ਜਾਂ ਫੇਫੜਿਆਂ ਵਿਚ ਪਾਣੀ ਭਰ ਜਾਣਾ, ਜਿਸਦੀ ਜਾਂਚ ਐਕਸਰੇ ਰਾਹੀਂ ਹੁੰਦੀ ਹੈ ਅਤੇ ਪਸਲੀਆਂ ਵਿਚ ਦਰਦ, ਛਾਤੀ 'ਤੇ ਕਿਸੇ ਸੱਟ ਦਾ ਲੱਗਣਾ, ਖਾਣੇ ਵਾਲੀ ਨਾੜੀ ਦਾ ਕੈਂਸਰ, ਮਿਹਦੇ ਦਾ ਦਰਦ ਜੋ ਤੇਜ਼ਾਬ ਕਾਰਨ ਹੀ ਹੁੰਦਾ ਹੈ। ਇਸ ਤਰ੍ਹਾਂ ਛਾਤੀ ਦੇ ਦਰਦ ਦੇ ਕਾਰਨਾਂ ਦਾ ਪਤਾ ਲਗਾ ਕੇ ਹੀ ਦਵਾਈ ਖਾਣੀ ਚਾਹੀਦੀ ਹੈ। ਬਿਨਾਂ ਜਾਂਚ ਕਰਵਾਏ ਦਵਾਈਆਂ ਖਾਣ ਨਾਲ ਸਰੀਰ ਨੂੰ ਹੋਰ ਬਹੁਤ ਸਾਰੀਆਂ ਭਿਆਨਕ ਸਮੱਸਿਆਵਾਂ ਘੇਰ ਲੈਂਦੀਆਂ ਹਨ। ਛਾਤੀ ਵਿਚ ਦਰਦ ਹੋਣ 'ਤੇ ਸਿੱਧਾ ਹਾਰਟ ਅਟੈਕ ਬਾਰੇ ਨਹੀਂ ਸੋਚਣਾ ਚਾਹੀਦਾ ਕਿਉਂਕਿ ਅਜਿਹੀ ਸੋਚ ਨਾਲ ਜਿੱਥੇ ਭੁੱਖ ਮਰ ਜਾਂਦੀ ਹੈ, ਨੀਂਦ ਉੱਡ ਜਾਂਦੀ ਹੈ, ਉਥੇ ਬਹੁਤ ਸਾਰੇ ਡਾਕਟਰ ਵੀ ਮਰੀਜ਼ ਦੀ ਮਰਜ਼ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਉਸ ਨੂੰ ਦਵਾਈਆਂ 'ਤੇ ਲਾਈ ਰੱਖਦੇ ਹਨ।
-ਡਾ. ਅਮਨਦੀਪ ਸਿੰਘ ਟੱਲੇਵਾਲੀਆ
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446